ਕੁਝ ਹੀ ਘੰਟਿਆਂ ’ਚ ਗੋਲੀਬਾਰੀ ਦੀਆਂ 3 ਵਾਰਦਾਤਾਂ, ਗੈਂਗਲੈਂਡ ਬਣਿਆ ਪੰਜਾਬ !
ਪੰਜਾਬ ਅੰਦਰ ਬਦਮਾਸ਼ ਬੇਖੌਫ਼ ਹਨ ਤੇ ਕੁਝ ਹੀ ਘੰਟਿਆਂ 'ਚ ਤਿੰਨ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੜ੍ਹੋ ਖ਼ਬਰ...


Published : January 6, 2026 at 5:46 PM IST
ਲੁਧਿਆਣਾ/ਅੰਮ੍ਰਿਤਸਰ/ਪਠਾਨਕੋਟ: ਪੰਜਾਬ 'ਚ ਗੋਲੀਬਾਰੀ ਅਤੇ ਕਤਲ ਨਾਲ 2026 ਦੀ ਸ਼ੁਰੂਆਤ ਹੋਈ ਹੈ। ਹੁਣ ਤੱਕ ਅੱਧਾ ਦਰਜਨ ਤੋਂ ਵਧੇਰੇ ਘਟਨਾਵਾਂ 'ਚ 4 ਕਤਲ ਦੀਆਂ ਘਟਨਾਵਾਂ ਸੂਬੇ 'ਚ ਵਾਪਰ ਚੁੱਕੀਆਂ ਹਨ। ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ ਦਿਹਾੜੇ ਹੀ ਉਹ ਵੱਡੀਆਂ ਵਾਰਦਾਤਾਂ ਕਰ ਰਹੇ ਹਨ। ਲੁਧਿਆਣਾ ਤੇ ਪਠਾਨਕੋਟ 'ਚ ਵੀ ਅੱਜ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਜਦਕਿ ਬੀਤੇ ਦਿਨ ਅੰਮ੍ਰਿਤਸਰ 'ਚ ਵੀ ਗੋਲੀ ਚੱਲਣ ਦੀ ਘਟਨਾ ਵਾਪਸੀ ਸੀ। ਇਸ ਤੋਂ ਇਲਾਵਾ ਬੀਤੇ ਦਿਨ ਜਗਰਾਉਂ 'ਚ ਸਾਬਕਾ ਕਬੱਡੀ ਖਿਡਾਰੀ ਅਤੇ ਅੰਮ੍ਰਿਤਸਰ 'ਚ ਸਰਪੰਚ ਦਾ ਕਤਲ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਸ਼ੋਅਰੂਮ ਬਾਹਰ ਚੱਲੀਆਂ ਗੋਲੀਆਂ
ਲੁਧਿਆਣਾ ਦੇ ਹੈਬੋਵਾਲ ਦੇ ਵਿੱਚ ਅੱਜ ਇੱਕ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਤਾਬੜ-ਤੋੜ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਮੁਲਜ਼ਮਾਂ ਵੱਲੋਂ ਸ਼ੋਅਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਲੱਗਭਗ ਚਾਰ ਰਾਊਂਡ ਫਾਇਰਿੰਗ ਹੋਈ, ਜਿਸ ਤੋਂ ਬਾਅਦ ਸ਼ੋਅਰੂਮ ਦੇ ਅੰਦਰ ਦਾ ਸ਼ੀਸ਼ਾ ਟੁੱਟ ਗਿਆ। ਦੁਕਾਨਦਾਰ ਜਦੋਂ ਸਵੇਰੇ ਆਏ ਉਸ ਵੇਲੇ ਉਹਨਾਂ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਤੁਰੰਤ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ ਮਾਲਕ ਨੂੰ ਧਮਕੀ
ਗੋਲੀਬਾਰੀ ਵਾਲੀ ਦੁਕਾਨ 'ਤੇ ਲੱਗੇ ਕਰਿੰਦਿਆਂ ਨੇ ਦੱਸਿਆ ਕਿ "ਕੁਝ ਦਿਨ ਪਹਿਲਾਂ ਹੀ ਦੁਕਾਨ ਦੇ ਮਾਲਿਕ ਨੂੰ ਫਿਰੌਤੀ ਦੇ ਲਈ ਫੋਨ ਆਇਆ ਸੀ, ਉਹਨਾਂ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿਉਂਕਿ ਅਕਸਰ ਹੀ ਇਸ ਤਰ੍ਹਾਂ ਦੇ ਜਾਅਲੀ ਫੋਨ ਆਉਂਦੇ ਰਹਿੰਦੇ ਹਨ। ਜਿਸ ਤੋਂ ਬਾਅਦ ਅੱਜ ਸਵੇਰੇ ਤੜਕਸਾਰ ਫਾਇਰਿੰਗ ਹੋ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਦੁਕਾਨ 'ਤੇ ਆ ਕੇ ਹੀ ਵਾਰਦਾਤ ਦਾ ਪਤਾ ਚੱਲਿਆ।"
ਪੁਲਿਸ ਜਾਂਚ ਸ਼ੁਰੂ
ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਲੁਧਿਆਣਾ ਪੱਛਮੀ ਦੇ ਏਸੀਪੀ ਨੇ ਕਿਹਾ ਹੈ ਕਿ "ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ 'ਚ ਬਿਆਨ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਸੀਸੀਟੀਵੀ ਦੇ ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।"
ਪਠਾਨਕੋਟ 'ਚ ਵਾਰਦਾਤ
ਪਠਾਨਕੋਟ 'ਚ ਜਿਥੇ ਬੀਤੇ ਦਿਨ ਹੀ ਪੁਲਿਸ ਨੇ ਇੱਕ 15 ਸਾਲ ਦੇ ਨਾਬਾਲਗ ਬੱਚੇ ਨੂੰ ਪਾਕਿਸਤਾਨ ਦੀ ਆਈਐਸਆਈ ਏਜੰਸੀ ਲਈ ਜਾਸੂਸੀ ਕਰਦੇ ਹੋਏ ਕਾਬੂ ਕੀਤਾ ਸੀ, ਉੱਥੇ ਹੀ ਅੱਜ ਇੱਕ ਹੋਰ ਮਾਮਲਾ ਬੀਤੀ ਰਾਤ ਉਸ ਵੇਲੇ ਸਾਹਮਣੇ ਆਇਆ ਜਦੋਂ ਪਠਾਨਕੋਟ ਨਾਲ ਲੱਗਦੇ ਘਰੋਟਾ ਰੋਡ ‘ਤੇ ਸਥਿਤ ਪਿੰਡ ਤਾਜਪੁਰ ਵਿਖੇ ਇੱਕ ਗੱਡੀ ਵਿੱਚ ਸਵਾਰ ਹੋ ਕੇ ਅਣਪਛਾਤੇ ਲੋਕਾਂ ਵੱਲੋਂ ਹਵਾਈ ਫਾਇਰ ਕੀਤਾ ਗਿਆ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਮਣੇ ਆਈ ਹੈ, ਜਿਸ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ।
ਕਾਰ ਚਾਲਕ ਵੱਲੋਂ ਹਵਾਈ ਫਾਇਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਤੇ ਨਾਲ ਹੀ ਮਹਿਲਾ ਪੰਚਾਇਤ ਮੈਂਬਰ ਨੇ ਦੱਸਿਆ ਕਿ "ਬੀਤੀ ਰਾਤ ਜਦੋਂ ਫਾਇਰਿੰਗ ਹੋਈ ਤਾਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਖੰਗਾਲੀ, ਜਿਸ ਵਿੱਚ ਕਾਰ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਨੇੜਲੇ ਏਅਰ ਬੇਸ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੇ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਪਤਾ ਲਗਾ ਲਿਆ ਜਾਵੇਗਾ ਕਿ ਆਖ਼ਿਰ ਇਹ ਲੋਕ ਕੌਣ ਸਨ। ਫਿਲਹਾਲ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਲੋਕ ਆਏ ਸਨ, ਇਸ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ।"
ਦਿਨ ਦਿਹਾੜੇ ਚੱਲੀਆਂ ਗੋਲੀਆਂ
ਅੰਮ੍ਰਿਤਸਰ ਦੇ ਹਲਕਾ ਜੰਡਿਆਲਾ 'ਚ ਵੀ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ 'ਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਦੁਕਾਨ ਦੇ ਸ਼ੀਸ਼ੇ ਅਤੇ ਹੋਰ ਸਮਾਨ ਦੀ ਟੁੱਟ-ਭੱਜ ਜ਼ਰੂਰ ਹੋਈ ਹੈ। ਵਾਰਦਾਤ ਤੋਂ ਬਾਅਦ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ 'ਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਲੈਕੇ ਸਵਾਲ ਵੀ ਚੁੱਕੇ ਹਨ।
ਜਾਨੀ ਨੁਕਸਾਨ ਤੋਂ ਬਚਾਅ
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਦੁਕਾਨਦਾਰ ਸੁਨਿਆਰੇ ਸੋਨੂੰ ਅਤੇ ਉਸਦੀ ਪਤਨੀ ਨੇ ਦੱਸਿਆ ਕਿ "ਉਹ ਆਪਣੀ ਦੁਕਾਨ ਉਪਰ ਸੋਨੇ ਦੇ ਖਰੀਦਦਾਰ ਗ੍ਰਾਹਕਾਂ ਨੂੰ ਡੀਲ ਕਰਨ ਵਿਚ ਮਸ਼ਰੂਫ ਸਨ ਕਿ ਅਚਾਨਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਵਲੋ ਤਾਬੜ-ਤੋੜ ਪੰਜ ਗੋਲੀਆਂ ਸਾਡੀ ਦੁਕਾਨ 'ਤੇ ਚਲਾਈਆ ਗਈਆਂ। ਇਸ ਵਾਰਦਾਤ 'ਚ ਪਤਨੀ ਮਾਮੂਲੀ ਜ਼ਖਮੀ ਜ਼ਰੂਰ ਹੋਈ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਾਨੂੰ ਪਹਿਲਾਂ ਕੋਈ ਵੀ ਫਿਰੌਤੀ ਦੀ ਕਦੇ ਕਾਲ ਨਹੀਂ ਆਈ ਪਰ ਅਜਿਹੀ ਘਟਨਾ ਨਾਲ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਲੈਕੇ ਸਵਾਲ ਜ਼ਰੂਰ ਖੜੇ ਹੁੰਦੇ ਹਨ।"
ਸਰਕਾਰ 'ਤੇ ਚੁੱਕੇ ਸਵਾਲ
ਉਧਰ ਸ਼ਿਵ ਸੈਨਾ ਆਗੂ ਵੱਲੋਂ ਵੀ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਗਿਆ ਕਿ "ਜੰਡਿਆਲਾ ਵਿਚ ਕੋਈ ਦੁਕਾਨਦਾਰ ਸੁਰੱਖਿਅਤ ਨਹੀਂ ਹੈ। ਆਏ ਦਿਨ ਜੰਡਿਆਲਾ ਵਿਖੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਵੀ ਖੜਾ ਕਰਦਾ ਹੈ।"
ਸੀਸੀਟੀਵੀ ਰਾਹੀ ਜਾਂਚ
ਇਸ ਸੰਬਧੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ "ਸਾਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਦੇ ਵਾਲਮੀਕੀ ਚੌਂਕ ਵਿਚ ਸੋਨੂੰ ਜਿਊਲਰਜ ਦੀ ਦੁਕਾਨ ਉਪਰ ਗੋਲੀਆਂ ਚੱਲੀਆਂ ਹਨ। ਮੌਕੇ 'ਤੇ ਪਹੁੰਚ ਜਾਂਚ ਕਰ ਸੀਸੀਟੀਵੀ ਖ਼ੰਗਾਲੀ ਜਾ ਰਹੀ ਹੈ। ਜਲਦ ਬਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।"
ਚੜ੍ਹਦੇ ਸਾਲ ਦੀਆਂ ਵਾਰਦਾਤਾਂ
ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਜਦੋਂ ਪੰਜਾਬ ਦੇ ਵਿੱਚ 2026 ਦੀ ਸ਼ੁਰੂਆਤ ਦੇ ਅੰਦਰ ਹੀ ਗੋਲੀਆਂ ਚੱਲੀਆਂ ਹੋਣ। ਹੁਣ ਤੱਕ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ, ਜਿਨਾਂ ਵਿੱਚ 2 ਜਨਵਰੀ ਨੂੰ ਕਪੂਰਥਲਾ ਵਿੱਚ ਇੱਕ ਔਰਤ ਦੀ ਉਸ ਦੇ ਘਰ 'ਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। 3 ਜਨਵਰੀ ਨੂੰ ਮੋਗਾ ਦੇ ਭਿੰਡਰ ਕਲਾਂ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 4 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਇੱਕ ਸਰਪੰਚ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 5 ਜਨਵਰੀ ਨੂੰ ਲੁਧਿਆਣਾ ਦੇ ਜਗਰਾਉਂ ਦੇ ਪਿੰਡ ਮਾਣੂਕੇ ਵਿੱਚ ਇੱਕ ਕਬੱਡੀ ਖਿਡਾਰੀ ਗਗਨਦੀਪ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ 5 ਜਨਵਰੀ ਨੂੰ ਹੀ ਅੱਧੀ ਰਾਤ 11 ਵਜੇ ਤੋਂ ਬਾਅਦ ਪਠਾਨਕੋਟ 'ਚ ਗੋਲੀ ਚੱਲਣ ਦੀ ਘਟਨਾ ਵਾਪਰੀ। ਉਥੇ ਹੀ 6 ਜਨਵਰੀ ਯਾਨੀ ਅੱਜ ਲੁਧਿਆਣਾ ਦੇ ਹੈਬੋਵਾਲ ਦੇ ਵਿੱਚ ਇੱਕ ਸ਼ੋਅਰੂਮ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਫਿਰੌਤੀ ਦਾ ਮਾਮਲਾ ਇਹ ਸਾਹਮਣੇ ਆਇਆ ਹੈ।

