ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਗਰੋਵਰ ਐਨਕਲੇਵ ਵਿੱਚ 28 ਸਾਲਾ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਗੈਰ-ਕਾਨੂੰਨੀ ਹਥਿਆਰ ਦੀ ਜਾਂਚ ਸ਼ੁਰੂ।

Published : February 25, 2026 at 9:35 AM IST
ਕਪੂਰਥਲਾ: ਗਰੋਵਰ ਐਨਕਲੇਵ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਰਬੜ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ 28 ਸਾਲਾ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ 28 ਸਾਲਾ ਸਚਿਨ ਵਜੋਂ ਹੋਈ ਹੈ, ਜੋ ਕਿ ਨਿਊ ਕੋਰਟ ਕੰਪਲੈਕਸ ਨੇੜੇ ਗਰੋਵਰ ਐਨਕਲੇਵ ਦੇ ਰਹਿਣ ਵਾਲੇ ਗੁਰਮੀਤ ਸਿੰਘ ਦਾ ਪੁੱਤਰ ਹੈ।
ਮ੍ਰਿਤਕ ਦਾ ਮੋਬਾਈਲ ਕੈਮਰਾ ਚੱਲ ਰਿਹਾ ਸੀ...
ਮ੍ਰਿਤਕ ਸਚਿਨ ਦੇ ਭਰਾ ਅਰੁਣਜੋਤ ਨੇ ਦੱਸਿਆ ਕਿ, "ਸਚਿਨ ਇੱਕ ਨਿੱਜੀ ਸਕੂਲ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਜਦੋਂ ਉਹ ਰਾਤ ਕੰਮ ਤੋਂ ਵਾਪਸ ਆਇਆ ਤਾਂ, ਕਮਰਾ ਬੰਦ ਸੀ, ਮੈਨੂੰ ਲੱਗਾ ਕਿ ਸੁੱਤਾ ਹੋਵੇਗਾ, ਮੈਂ ਉਠਾਇਆ ਨਹੀਂ। ਸਵੇਰੇ ਜਦੋਂ ਕੰਮ ਉੱਤੇ ਜਾਣਾ ਸੀ, ਤਾਂ ਮੈਂ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਫਿਰ ਮੈਂ ਅਤੇ ਮੇਰੇ ਪਿਤਾ ਨੇ ਦਰਵਾਜ਼ਾ ਤੋੜਿਆ, ਤਾਂ ਦੇਖਿਆ ਕਿ ਸਚਿਨ ਜ਼ਮੀਨ ਉੱਤੇ ਸੀ ਅਤੇ ਕੋਲ ਇੱਕ ਪਿਸਟਲ ਸੀ। ਕੈਮਰੇ ਵਿੱਚ ਰਿਕਾਰਡਿੰਗ ਹੋ ਰਹੀ ਸੀ। ਪਰ, ਦਰਵਾਜ਼ਾ ਤੋੜਨ ਕਰਕੇ ਫੋਨ ਹੇਠਾਂ ਡਿੱਗ ਗਿਆ ਜਿਸ ਉਸ ਦੀ ਡਿਸਪਲੇ ਉੱਡ ਗਈ ਹੈ। ਜੋ ਵੀ ਹੋਇਆ ਹੋਵੇਗਾ, ਹੁਣ ਮੋਬਾਈਲ ਰਿਪੇਅਰ ਹੋਣ ਤੋਂ ਬਾਅਦ ਪਤਾ ਲੱਗ ਸਕਦਾ ਹੈ।"
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ, ਨੌਜਵਾਨ ਨੇ ਪਿਸਤੌਲ ਨਾਲ ਆਪਣੇ ਮੱਥੇ 'ਤੇ ਗੋਲੀ ਮਾਰੀ ਹੈ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵਲੋਂ ਮੋਬਾਈਲ ਅਤੇ ਹਥਿਆਰ ਜ਼ਬਤ ਕੀਤਾ ਗਿਆ
ਮਾਮਲੇ ਦੀ ਜਾਂਚ ਕਰ ਰਹੇ ਸਿਟੀ ਥਾਣੇ ਦੇ ਏਐਸਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ, "ਪੁਲਿਸ ਨੇ ਮੌਕੇ ਤੋਂ ਦੇਸੀ ਪਿਸਤੌਲ ਅਤੇ ਨੌਜਵਾਨ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਹਾਲਾਂਕਿ, ਮੋਬਾਈਲ ਦੀ ਸਕਰੀਨ ਪੂਰੀ ਤਰ੍ਹਾਂ ਟੁੱਟੀ ਹੋਈ ਹੈ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਘਟਨਾ ਤੋਂ ਪਹਿਲਾਂ ਨੌਜਵਾਨ ਨੇ ਕਿਸ ਨਾਲ ਗੱਲ ਕੀਤੀ ਸੀ ਜਾਂ ਉਸ ਨੂੰ ਕਿਸ ਦਾ ਫ਼ੋਨ ਆਇਆ ਸੀ। ਮੋਬਾਈਲ ਦੀ ਮੁਰੰਮਤ ਤੋਂ ਬਾਅਦ ਹੀ ਕਾਲ ਡਿਟੇਲ ਬਾਰੇ ਜਾਣਕਾਰੀ ਮਿਲ ਸਕੇਗੀ।"
ਉਨ੍ਹਾਂ ਕਿਹਾ ਕਿ, "ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਨਾਲ ਹੀ, ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਨੌਜਵਾਨ ਨੂੰ ਗੈਰ-ਕਾਨੂੰਨੀ ਹਥਿਆਰ ਕਿੱਥੋਂ ਮਿਲਿਆ ਅਤੇ ਕਿਸ ਨੇ ਦਿੱਤਾ?ਫਿਲਹਾਲ, ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।"

