ਕੈਂਟਰ ਦੇ ਕੈਬਿਨ ’ਚ ਦੋ ਨੌਜਵਾਨਾਂ ਦੀ ਮੌਤ, ਕੋਲਿਆਂ ਦੀ ਅੰਗੀਠੀ ਬਣੀ ਕਾਰਨ
ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਭੱਟੀਆਂ ਵਿਖੇ ਸਥਿਤ ਇੱਕ ਫੈਕਟਰੀ ਅੰਦਰ ਰਿਫਾਇੰਡ ਤੇਲ ਲੈਣ ਆਏ 2 ਨੌਜਵਾਨਾਂ ਦੀ ਹੋਈ ਮੌਤ।

Published : January 9, 2026 at 5:38 PM IST
ਲੁਧਿਆਣਾ : ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਭੱਟੀਆਂ ਵਿਖੇ ਸਥਿਤ ਇੱਕ ਫੈਕਟਰੀ ਅੰਦਰ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕੈਂਟਰ ਦੇ ਕੈਬਿਨ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਪਈਆਂ ਮਿਲੀਆਂ। ਮੁੱਢਲੀ ਜਾਣਕਾਰੀ ਅਨੁਸਾਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਨੇ ਠੰਢ ਤੋਂ ਬਚਣ ਲਈ ਕੋਲਿਆਂ ਦੀ ਅੰਗੀਠੀ ਬਾਲੀ ਸੀ, ਜਿਸ ਤੋਂ ਨਿਕਲੀ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਫੈਕਟਰੀ ਦੇ ਸਕਿਓਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ "ਇਹ ਕੈਂਟਰ 5 ਜਨਵਰੀ ਨੂੰ ਫੈਕਟਰੀ ਵਿੱਚ ਰਿਫਾਇੰਡ ਤੇਲ ਲੈਣ ਲਈ ਆਇਆ ਸੀ। ਰਾਤ ਨੂੰ ਦੋਵਾਂ ਨੇ ਖਾਣਾ ਵੀ ਇਕੱਠਿਆਂ ਨੇ ਹੀ ਖਾਧਾ ਸੀ ਪਰ ਅੱਜ ਸਵੇਰੇ ਦੋਵੇਂ ਕੈਂਟਰ ਦੇ ਕੈਬਿਨ ਵਿੱਚ ਮ੍ਰਿਤਕ ਮਿਲੇ। ਫਿਰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਨ੍ਹਾਂ ਦੋਵਾਂ ਕੋਲ ਇੱਕ ਕੋਲਿਆਂ ਵਾਲੀ ਅੰਗੀਠੀ ਵੀ ਸੀ।"
ਮ੍ਰਿਤਕਾਂ ਦੀ ਪਛਾਣ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ "ਕੈਂਟਰ ਦਾ ਚਾਲਕ ਛੋਟੂ ਵਾਸੀ ਪਿੰਡ ਡੂੰਗਰਾਂਵਾਲਾ, ਤਹਿਸੀਲ ਖੇਰਾਗੜ੍ਹ (ਯੂ.ਪੀ.) ਸੀ, ਜਦਕਿ ਉਸ ਦਾ ਸਾਥੀ ਭਗਵਾਨ ਵਾਸੀ ਪਿੰਡ ਮਹਿਤਾ, ਜ਼ਿਲ੍ਹਾ ਭਰਤਪੁਰ (ਰਾਜਸਥਾਨ) ਦਾ ਦੱਸਿਆ ਜਾ ਰਿਹਾ ਹੈ। ਦੋਵੇਂ ਆਪਸ ਵਿਚ ਰਿਸ਼ਤੇਦਾਰ ਸਨ।"
ਮੌਕੇ ’ਤੇ ਪਹੁੰਚੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ "ਫੈਕਟਰੀ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਰਾਤ ਦਾ ਖਾਣਾ ਖਾਕੇ ਕੈਂਟਰ ਦੇ ਕੈਬਿਨ ਵਿੱਚ ਹੀ ਸੌਂਣ ਗਏ ਸਨ। ਠੰਢ ਤੋਂ ਬਚਾਅ ਲਈ ਉਨ੍ਹਾਂ ਵੱਲੋਂ ਕੋਲਿਆਂ ਦੀ ਅੰਗੀਠੀ ਬਾਲੀ ਗਈ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆ ਰਿਹਾ ਹੈ ਕਿ ਅੰਗੀਠੀ ਤੋਂ ਨਿਕਲੀ ਗੈਸ ਨਾਲ ਦੋਵੇਂ ਦਾ ਦਮ ਘੁੱਟ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।"
ਕੈਬਿਨ ਵਿਚੋਂ ਕੋਲਿਆਂ ਦੀ ਅੰਗੀਠੀ ਵੀ ਬਰਾਮਦ
ਥਾਣਾ ਮੁਖੀ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਜੋ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਦੋਵੇਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਦੋਵੇਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਬਾਅਦ ਦੁਪਹਿਰ ਤੱਕ ਮਾਛੀਵਾੜਾ ਥਾਣੇ ਪਹੁੰਚ ਜਾਣਗੇ।

