ETV Bharat / state

ਲੈਂਟਰ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਮਾਲਕ ਮਕਾਨ ਸਮੇਤ ਚਾਰ ਜ਼ਖ਼ਮੀ

ਸਾਬਕਾ ਸਰਪੰਚ ਨੇ ਦੱਸਿਆ ਕਿ ਦੌ ਨੌਜਵਾਨ ਮਜ਼ਦੂਰਾਂ ਦੀ ਮੌਤ ਨਾਲ ਸਾਰਿਆਂ ਨੂੰ ਹੀ ਧੱਕਾ ਲੱਗਾ ਹੈ, ਨੌਜਵਾਨ ਪਿੰਡ ਦੇ ਹੀ ਰਹਿਣ ਵਾਲੇ ਸਨ।

2 laborers die 4 injured
ਲੈਂਟਰ ਡਿੱਗਣ ਨਾਲ ਵਾਪਰਿਆ ਹਾਦਸਾ, ਦੋ ਮਜ਼ਦੂਰਾਂ ਦੀ ਮੌਤ, ਮਾਲਕ ਮਕਾਨ ਸਮੇਤ ਚਾਰ ਜ਼ਖ਼ਮੀ (eEW)
author img

By ETV Bharat Punjabi Team

Published : February 24, 2026 at 1:48 PM IST

1 Min Read
Choose ETV Bharat

ਪਟਿਆਲਾ: ਬੀਤੀ ਰਾਤ ਪਟਿਆਲਾ ਦੇ ਨਜ਼ਦੀਕੀ ਪਿੰਡ ਲੰਗ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ। ਦਰਅਸਲ ਪਿੰਡ 'ਚ ਪਰਿਵਾਰ ਵੱਲੋਂ ਆਪਣੇ ਡੰਗਰਾਂ ਦੇ ਰਹਿਣ ਲਈ ਕਮਰਾ ਬਣਾਇਆ ਜਾ ਰਿਹਾ ਸੀ ਅਤੇ ਕਮਰੇ ਦਾ ਲੈਂਟਰ ਅਚਾਨਕ ਡਿੱਗ ਪਿਆ, ਜਿਸ ਕਾਰਨ ਮੌਕੇ ‘ਤੇ ਹੀ ਦੋ ਮਜ਼ਦੂਰ ਲੈਂਟਰ ਹੇਠ ਆ ਗਏ ਅਤੇ ਮੌਕਤੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ, ਜਦਕਿ ਘਰ ਦੇ ਮਾਲਕ ਸਣੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਲੈਂਟਰ ਡਿੱਗਣ ਨਾਲ ਵਾਪਰਿਆ ਹਾਦਸਾ (Etv Bharat)

ਮਕਾਨ ਮਾਲਕ ਜ਼ਖਮੀ, ਪੁੱਤਰ ਦੀਆਂ ਟੁੱਟੀਆਂ ਲੱਤਾਂ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਉਮਰ ਕਰੀਬ 35 ਤੋਂ 40 ਸਾਲ ਸੀ ਅਤੇ ਦੋਵੇਂ ਹੀ ਪਿੰਡ ਦੇ ਰਹਿਣ ਵਾਲੇ ਸਨ। ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਵਿੱਚ ਮਕਾਨ ਮਾਲਕ ਬਲਦੇਵ ਸਿੰਘ ਅਤੇ ਉਸ ਦਾ ਪੁੱਤਰ ਵੀ ਸ਼ਾਮਲ ਹਨ। ਮਾਲਕ ਦੇ ਪੁੱਤਰ ਦੀਆਂ ਲੱਤਾਂ ਟੁੱਟਣ ਦੀ ਪੁਸ਼ਟੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਤੁਰੰਤ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਪਿੰਡ ਦੇ ਹੀ ਸਨ ਮਜ਼ਦੂਰ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਨੇ ਦੱਸਿਆ ਕਿ 'ਪਿੰਡ ਵਿੱਚ ਇਹ ਪਹਿਲੀ ਵਾਰ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ। ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਹਾਦਸਾ ਬੇਹੱਦ ਮਾੜਾ ਹੈ, ਇਸ ਨਾਲ ਪਰਿਵਾਰਾਂ ਨੂੰ ਵੱਡਾ ਘਾਟਾ ਹੋਇਆ ਹੈ।'



ਇਸ ਮੌਕੇ ‘ਤੇ ਡੀਐਸਪੀ 2 ਜੰਗਵੀਰ ਸਿੰਘ ਰੰਧਾਵਾ ਵੀ ਪਹੁੰਚੇ। ਉਨ੍ਹਾਂ ਦੱਸਿਆ ਕਿ 'ਛੱਤ ਨੂੰ ਉੱਚਾ ਕਰਨ ਦੌਰਾਨ ਕੋਈ ਤਕਨੀਕੀ ਖ਼ਾਮੀ ਆਉਣ ਕਾਰਨ ਲੈਂਟਰ ਡਿੱਗ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪਰਿਵਾਰ ਦੇ ਬਿਆਨ ਲੈਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ'।