ਸਰਕਾਰ ਖ਼ਿਲਾਫ ਰੋਸ ਮੁਜ਼ਾਹਰਾ ਕਰਦੇ ਟਾਵਰ 'ਤੇ ਚੜ੍ਹੇ 180 ਬੇਰੁਜ਼ਗਾਰ ਈਟੀਟੀ ਅਧਿਆਪਕ
ਸਰਕਾਰ ਦੀ ਵਾਅਦਾ ਖਿਲਾਫੀ ਦਾ ਦਰਦ ਹੰਢਾਉਣ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਲਾਰਿਆਂ ਤੋਂ ਅੱਕੇ 180 ਈਟੀਟੀ ਅਧਿਆਪਕ ਟੈਂਕੀਆਂ ਅਤੇ ਟਾਵਰਾਂ 'ਤੇ ਚੜ੍ਹ ਗਏ।


Published : March 3, 2026 at 5:48 PM IST
ਸੰਗਰੂਰ: ਆਪਣੀਆਂ ਹੱਕੀ ਮੰਗਾਂ ਅਤੇ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੀ ਪੂਰਤੀ ਨਾ ਹੋਣ ਤੋਂ ਖ਼ਫਾ ਬੇਰੁਜ਼ਗਾਰ ਈਟੀਟੀ ਅਧਿਆਪਕ ਲੱਗਭਗ ਪਿਛਲੇ ਚਾਰ ਸਾਲ ਤੋਂ ਖੱਜਲ-ਖ਼ੁਆਰ ਹੋ ਰਹੇ ਹਨ। ਪੰਜਾਬ ਸਰਕਾਰ ਦੀਆਂ ਬੇਵਫਾਈਆਂ ਅਤੇ ਵਾਅਦਾ ਖਿਲਾਫੀਆਂ ਦਾ ਦਰਦ ਹੰਢਾਉਣ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਲਾਰਿਆਂ ਤੋਂ ਅੱਕੇ 180 ਈਟੀਟੀ ਅਧਿਆਪਕ ਦਿੜ੍ਹਬਾ ਹਲਕੇ ਦੀਆਂ ਟੈਂਕੀਆਂ ਅਤੇ ਟਾਵਰਾਂ 'ਤੇ ਚੜ੍ਹ ਗਏ। ਇਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਰੱਜ ਕੇ ਆਪਣੀ ਭੜਾਸ ਕੱਢੀ।
ਵਾਅਦੇ ਤੋਂ ਮੁੱਕਰੇ ਹਰਪਾਲ ਚੀਮਾ
ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਲਈ ਮੋਬਾਈਲ ਟਾਵਰ 'ਤੇ ਚੜ੍ਹੇ ਇਨ੍ਹਾਂ ਮੁਲਾਜ਼ਮਾਂ ਨੇ ਹੱਥਾਂ ਵਿੱਚ ਮੈਗਾਫੋਨ ਲੈਕੇ ਉੱਚੀ-ਉੱਚੀ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਟਾਵਰ 'ਤੇ ਚੜ੍ਹੇ ਨੌਜਵਾਨ ਨੇ ਕਿਹਾ ਕਿ 'ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਦਾ ਸਬਰ ਹੁਣ ਟੁੱਟਦਾ ਜਾ ਰਿਹਾ ਹੈ। ਈਟੀਟੀ 180 ਟੀਚਰ ਯੂਨੀਅਨ ਦੇ ਵੱਲੋਂ ਦਿੜ੍ਹਬਾ ਦੇ ਸੂਲਰ ਘਰਾਟ ਦੀ ਟੈਂਕੀ 'ਤੇ ਚੜ੍ਹ ਕੇ ਅੱਜ ਆਪਣਾ ਰੋਸ ਪ੍ਰਗਟਾਅ ਰਹੇ ਹਾਂ। ਸਾਡੇ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਾਅਦਾ ਖਿਲਾਫੀ ਕੀਤੀ ਹੈ। ਮੈਂ 2021 'ਚ 31 ਦਿਨਾਂ ਦੇ ਧਰਨੇ 'ਤੇ ਟਾਵਰ ਉੱਤੇ ਰਿਹਾ ਸੀ, ਉਸ ਸਮੇਂ ਹਰਪਾਲ ਚੀਮਾ ਨੇ ਮੈਂਨੂੰ ਆਪਣੇ ਕੋਲ ਬੁਲਾਇਆ, ਮੀਟਿੰਗ ਕੀਤੀ ਅਤੇ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਅਤੇ ਇਨ੍ਹਾਂ ਦਾ ਹਲ ਕੀਤਾ ਜਾਵੇਗਾ, ਪਰ ਅੱਜ ਉਹੀ ਵਿੱਤ ਮੰਤਰੀ ਸੱਤਾ 'ਚ ਆਕੇ ਸਾਡੀਆਂ ਮੰਗਾਂ ਨਹੀਂ ਮੰਨ ਰਹੇ।'
ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ '25 ਪਾਣੀ ਵਾਲੀਆਂ ਟੈਂਕੀਆਂ ਅਤੇ ਮੋਬਾਈਲ ਟਾਵਰਾਂ ਦੇ ਉੱਪਰ ਅੱਜ ਚੜ੍ਹਨ ਦਾ ਟੀਚਾ ਮਿਥਿਆ ਹੈ। ਜੋ ਕਿ ਦਿੜ੍ਹਬਾ ਹਲਕੇ ਦੇ ਵੱਖੋ-ਵੱਖ 25 ਟੈਂਕੀਆਂ ਅਤੇ ਟਾਵਰਾਂ ਦੇ ਉੱਪਰ ਸਾਡੇ ਵਰਕਰਾਂ ਵੱਲੋਂ ਚੜ੍ਹ ਕੇ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਦਿੜ੍ਹਬਾ ਦੇ ਸੂਲਰ ਘਰਾਟ ਦੀ ਸਰਕਾਰੀ ਸਕੂਲ ਦੇ ਵਿੱਚ ਬਣੀ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਉੱਥੇ ਹੀ ਕਿਹਾ ਕਿ 'ਜੇਕਰ ਸਰਕਾਰ ਦੇ ਹਰਪਾਲ ਸਿੰਘ ਚੀਮਾ ਮੰਤਰੀ ਸਾਨੂੰ ਟਾਈਮ ਨਹੀਂ ਦਿੰਦੇ ਮੀਟਿੰਗ ਦਾ ਤਾਂ ਅਸੀਂ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ।'
ਵਿੱਤ ਮੰਤਰੀ ਨੂੰ ਅਪੀਲ
ਅਧਿਆਪਕਾਂ ਨੇ ਕਿਹਾ ਕਿ ਤਕਰੀਬਨ 4 ਸਾਲ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਹੈ। 'ਇੱਕ ਸਾਜਿਸ਼ ਤਹਿਤ 180 ਅਧਿਆਪਕਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਦਿੱਤਾ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ, ਸਗੋਂ ਸਿਆਸੀ ਲਾਹੇ ਲਈ ਨਿੱਤ ਰੁੱਝੇ ਰਹਿਣ ਵਾਲੇ ਵਿੱਤ ਮੰਤਰੀ ਅਧਿਆਪਕਾਂ ਨੂੰ ਵੀ ਮਿਲਣ ਅਤੇ ਉਨ੍ਹਾਂ ਦੀ ਪੰਜਾਬ ਦੇ ਸਕੇਲ ਲਾਗੂ ਕਰਨ ਵਾਲੀ ਹੱਕੀ ਤੇ ਜਾਇਜ਼ ਮੰਗ ਦਾ ਨਿਪਟਾਰਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗ ਪ੍ਰਵਾਨ ਹੋਣ ਤੱਕ ਵਿੱਤ ਮੰਤਰੀ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਨੌਜਵਾਨ ਨੂੰ ਕਿਵੇਂ ਸਮਝਾ ਕੇ ਹੇਠਾਂ ਉਤਾਰਦਾ ਹੈ ਅਤੇ ਕੀ ਸਰਕਾਰ ਇਸ ਦੀਆਂ ਮੰਗਾਂ ਵੱਲ ਧਿਆਨ ਦੇਵੇਗੀ।

