ETV Bharat / state

Explainer: ਫਾਰੂਕਾਬਾਦ 'ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੇ ਜਾਣ ਕਾਰਨ ਉੱਠੇ ਸਵਾਲ, ਪਾਕਿਸਤਾਨ ਵਿੱਚ ਸਿੱਖ ਵਿਰਾਸਤ ਕਿੰਨੀ ਸੁਰੱਖਿਅਤ ?

ਪਾਕਿਸਤਾਨ ਵਿੱਚ ਕਿੰਨੇ ਸਿੱਖ ਅਤੇ ਸਿੱਖ ਗੁਰੂਧਾਮ ? ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਤੋਂ ਬਾਅਦ ਮੌਜੂਦਾ ਸਥਿਤੀ ਕੀ ? ਪੜ੍ਹੋ ਕਵਲਜੀਤ ਕੌਰ ਦੀ ਰਿਪੋਰਟ...

125 year old gurdwara demolished
ਪਾਕਿਸਤਾਨ ਵਿੱਚ ਸਿੱਖ ਵਿਰਾਸਤ ਕਿੰਨੀ ਸੁਰੱਖਿਅਤ ? (Etv Bharat)
author img

By ETV Bharat Punjabi Team

Published : July 5, 2026 at 4:10 PM IST

10 Min Read
Choose ETV Bharat

ਚੰਡੀਗੜ੍ਹ: ਪਾਕਿਸਤਾਨ ਦੇ ਲਾਹੌਰ ਤੋਂ ਲਗਭਗ 55 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਫਾਰੂਕਾਬਾਦ ਵਿੱਚ ਵਾਪਰੀ ਘਟਨਾ ਨੇ ਦੁਨੀਆ ਭਰ ਦੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਸਥਿਤ ਲੱਗਭਗ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਦੀ ਸਦੀਆਂ ਪੁਰਾਣੀ ਇਮਾਰਤ ਨੂੰ ਸਥਾਨਕ ਕਥਿਤ ਭੂ-ਮਾਫ਼ੀਆ ਅਤੇ ਇੱਕ ਪ੍ਰਭਾਵਸ਼ਾਲੀ ਕਾਰੋਬਾਰੀ ਵੱਲੋਂ ਰਾਤੋ-ਰਾਤ ਗੈਰ-ਕਾਨੂੰਨੀ ਢੰਗ ਨਾਲ ਬੁਲਡੋਜ਼ਰ ਚਲਾ ਕੇ ਮਲਬੇ ਵਿੱਚ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿ ਪਾਕਿਸਤਾਨ ਵਿਚਲੀ ਪੰਜਾਬ ਸਰਕਾਰ ਨੇ ਇਸ ਦਾ ਨੋਟਿਸ ਲਿਆ ਅਤੇ ਮੁੜ ਉਸਾਰੀ ਦੇ ਨਿਰਦੇਸ਼ ਦਿੱਤੇ ਹਨ।

ਨਨਕਾਣਾ ਸਾਹਿਬ ਦੇ ਸਿੱਖ ਬੁਲਾਰੇ ਜਾਣਕਾਰੀ ਦਿੰਦੇ ਹੋਏ (Babar Jalandhari)

ਇਹ ਘਟਨਾ ਸਿਰਫ਼ ਇੱਕ ਇਮਾਰਤ ਦੇ ਢਹਿਣ ਦੀ ਕਹਾਣੀ ਨਹੀਂ ਹੈ, ਬਲਕਿ ਇਹ ਪਾਕਿਸਤਾਨ ਵਿੱਚ ਵੰਡ ਤੋਂ ਬਾਅਦ ਪਿੱਛੇ ਰਹਿ ਗਈ ਅਣਮੁੱਲੀ ਸਿੱਖ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਹੌਲੀ-ਹੌਲੀ ਮਿਟ ਰਹੇ ਵਜੂਦ ਦੀ ਇੱਕ ਦਰਦਨਾਕ ਤਸਵੀਰ ਹੈ। ਇਸ ਖਾਸ ਰਿਪੋਰਟ ਵਿੱਚ ਅਸੀਂ ਤੱਥਾਂ ਦੇ ਅਧਾਰਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਮਾਮਲਾ ਕੀ ਹੈ ? ਪਾਕਿਸਤਾਨ ਵਿੱਚ ਕਿੰਨੇ ਸਿੱਖ ਅਤੇ ਸਿੱਖ ਗੁਰੂਧਾਮ ਹਨ ? ਇਹਨਾਂ ਦੀ ਮੌਜੂਦਾ ਸਥਿਤੀ ਕੀ ਹੈ ਅਤੇ ਫਰੂਖਾਬਾਦ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਤੋਂ ਬਾਅਦ ਉੱਥੇ ਮੌਜੂਦਾ ਸਥਿਤੀ ਕੀ ਹੈ ?

ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਮਹੱਤਵ ਕੀ ਹੈ ?

ਲਾਹੌਰ ਤੋਂ ਪੱਤਰਕਾਰ ਬਾਬਰ ਜਲੰਧਰੀ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ, "ਇਹ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ ਦੇ ਬਿਲਕੁਲ ਨਜ਼ਦੀਕ ਸਥਿਤ ਹੈ। ਹਾਲਾਂਕਿ ਕਈ ਲੋਕ ਇਸ ਇਮਾਰਤ ਨੂੰ 80 ਸਾਲ ਪੁਰਾਣੀ ਦੱਸ ਰਹੇ ਹਨ, ਪਰ ਇਤਿਹਾਸਕ ਤੱਥਾਂ ਮੁਤਾਬਕ ਇਹ 100 ਸਾਲ ਤੋਂ ਵੀ ਵੱਧ ਪੁਰਾਣੀ ਹੈ।"

125 year old gurdwara demolished
ਫਾਰੂਕਾਬਾਦ 'ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੇ ਜਾਣ ਤੋਂ ਬਾਅਦ ਦਾ ਦ੍ਰਿਸ਼ (Journalist Babar Jalandhari from Lahore)

"ਇਸ ਅਸਥਾਨ ਨਾਲ ਕਿਸੇ ਵੀ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਹੋਣ ਦਾ ਇਤਿਹਾਸ ਨਹੀਂ ਹੈ, ਪਰ ਇਹ ਸਿੱਖ ਪੰਥ ਦੀਆਂ ਦੋ ਮਹੱਤਵਪੂਰਨ ਤਹਿਰੀਕਾਂ (ਲਹਿਰਾਂ) ਸਿੰਘ ਸਭਾ ਲਹਿਰ ਅਤੇ ਗਦਰੀ ਬਾਬਿਆਂ ਨਾਲ ਸਿੱਧਾ ਜੁੜਿਆ ਹੋਇਆ ਹੈ। ਜਦੋਂ 1921 ਵਿੱਚ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣ ਲਈ ਸ਼ਹੀਦੀ ਸਾਕਾ ਵਰਤਿਆ ਸੀ, ਉਸ ਸਮੇਂ ਗੁਰਧਾਮਾਂ ਦੀ ਰੱਖਿਆ ਲਈ ਫਾਰੂਕਾਬਾਦ ਦੇ ਸਿੰਘਾਂ ਨੇ ਇਸੇ ਗੁਰਦੁਆਰਾ ਸਾਹਿਬ ਨੂੰ ਕੇਂਦਰ ਬਣਾ ਕੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਅਤੇ ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ।"- ਬਾਬਰ ਜਲੰਧਰੀ, ਲਾਹੌਰ (ਪਾਕਿਸਤਾਨ) ਤੋਂ ਪੱਤਰਕਾਰ

ਗੁਰਦੁਆਰਾ ਸਾਹਿਬ ਨਾਲ ਜੁੜਿਆ ਵਿਵਾਦ ਕੀ ਹੈ ?

ਪਾਕਿਸਤਾਨੀ ਪੱਤਰਾਕ ਬਾਬਰ ਜਲੰਧਰੀ ਮੁਤਾਬਕ "ਇਹ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਔਕਾਫ਼ ਬੋਰਡ (ETPB) ਦੇ ਅਧੀਨ ਆਉਂਦਾ ਹੈ। ਲੰਮੇ ਸਮੇਂ ਤੋਂ ਇੱਥੇ ਸੰਗਤ ਦੀ ਆਮਦ ਨਾ ਹੋਣ ਅਤੇ ਕਿਸੇ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ, ਇਸ ਇਮਾਰਤ ਦੇ ਆਲੇ-ਦੁਆਲੇ ਹੌਲੀ-ਹੌਲੀ ਇੱਕ ਮਾਰਕੀਟ (ਦੁਕਾਨਾਂ) ਅਤੇ ਕੁਝ ਰਿਹਾਇਸ਼ੀ ਘਰ ਬਣ ਚੁੱਕੇ ਸਨ। ਹਾਲ ਹੀ ਵਿੱਚ ਜਦੋਂ ਇਸ ਇਮਾਰਤ ਨੂੰ ਢਾਹ ਕੇ ਉੱਥੇ ਪੂਰੀ ਤਰ੍ਹਾਂ ਕਮਰਸ਼ੀਅਲ ਮਾਰਕੀਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਹ ਮਾਮਲਾ ਗਰਮਾ ਗਿਆ। ਗੁਰਦੁਆਰਾ ਸਾਹਿਬ ਦੀ ਹੋਂਦ ਨੂੰ ਖ਼ਤਰੇ ਵਿੱਚ ਦੇਖਦਿਆਂ ਨਨਕਾਣਾ ਸਾਹਿਬ ਦੀ ਲੋਕਲ ਸਿੱਖ ਸੰਗਤ ਦੇ ਆਗੂ ਭੁਪਿੰਦਰ ਸਿੰਘ ਲਵਲੀ ਅਤੇ ਹੋਰ ਵੱਖ-ਵੱਖ ਸਰਦਾਰਾਂ ਨੇ ਅੱਗੇ ਆ ਕੇ ਇਸ ਨੂੰ ਬਚਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਅਤੇ ਸਰਕਾਰ ਤੱਕ ਅਵਾਜ਼ ਪਹੁੰਚਾਈ।"

125 year old gurdwara demolished
ਫਾਰੂਕਾਬਾਦ ਮਾਮਲੇ ਦੀ ਪੂਰੀ ਟਾਈਮਲਾਈਨ (Etv Bharat)

ਫਾਰੂਕਾਬਾਦ ਮਾਮਲੇ ਦੀ ਪੂਰੀ ਟਾਈਮਲਾਈਨ

ਵੱਖ ਵੱਖ ਮੀਡੀਆ ਰਿਪੋਰਟਾਂ, ਲਾਹੌਰ ਦੇ ਪੱਤਰਕਾਰ ਬਾਬਰ ਜਲੰਧਰੀ ਅਤੇ ਪਾਕਿਸਤਾਨੀ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਅਧਿਕਾਰਿਤ ਪ੍ਰੈੱਸ ਨੋਟ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਸਬੰਧੀ ਪੂਰੀ ਜਾਣਕਾਰੀ ਹੇਠ ਲਿਖੀ ਹੈ।

  • ਘਟਨਾ ਦੀ ਰਾਤ

24-25 ਜੂਨ, 2026: ਫਾਰੂਕਾਬਾਦ ਵਿੱਚ ਇੱਕ ਸਥਾਨਕ ਕਾਰੋਬਾਰੀ ਨੇ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ (NOC) ਦੇ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਇਮਾਰਤ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਇਮਾਰਤ ਨੂੰ ਮਲਬੇ ਵਿੱਚ ਤਬਦੀਲ ਕਰ ਦਿੱਤਾ।

  • ਸਿੱਖ ਭਾਈਚਾਰੇ ਦਾ ਵਿਰੋਧ

29 ਜੂਨ 2026: ਨਨਕਾਣਾ ਸਾਹਿਬ ਦੇ ਸਿੱਖ ਪ੍ਰਤੀਨਿਧ ਭੁਪਿੰਦਰ ਸਿੰਘ ਲਵਲੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਇਸ ਘਟਨਾਕ੍ਰਮ ਨੂੰ ਉਜਾਗਰ ਕੀਤਾ ਕੀਤਾ। ਸਥਾਨਕ ਅਤੇ ਗਲੋਬਲ ਸਿੱਖਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਪਾਕਿਸਤਾਨ ਦੀ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋਏ।

  • ਭਾਰਤ ਸਰਕਾਰ, DSGMC ਅਤੇ SGPC ਦੀ ਸਰਗਰਮੀ

1 ਜੁਲਾਈ, 2026: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਵਫ਼ਦ ਨੇ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਨੂੰ "ਟਾਰਗੇਟਡ ਵੈਂਡਲਿਜ਼ਮ" (ਸੋਚੀ-ਸਮਝੀ ਭੰਨ-ਤੋੜ) ਕਹਿ ਕੇ ਸਖ਼ਤ ਨਿੰਦਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

  • ਪਾਕਿਸਤਾਨ ਸਰਕਾਰ ਦਾ ਐਕਸ਼ਨ

2 ਜੁਲਾਈ, 2026: ਵਧਦੇ ਦਬਾਅ ਨੂੰ ਦੇਖਦਿਆਂ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਨੋਟਿਸ ਲਿਆ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਮੌਕੇ ਦਾ ਦੌਰਾ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਤੁਰੰਤ ਮੁੜ-ਉਸਾਰੀ ਅਤੇ ਜਾਂਚ ਦੇ ਹੁਕਮ ਦਿੱਤੇ।

125 year old gurdwara demolished
ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ? (Etv Bharat)

ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ਹੈ ?

ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਅਬਾਦੀ ਸਬੰਧੀ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਅੰਕੜਿਆਂ ਵਿੱਚ ਵੱਖੋ-ਵੱਖਰੇ ਅਨੁਮਾਨ ਦੇਖਣ ਨੂੰ ਮਿਲਦੇ ਹਨ। ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ ਵੱਲੋਂ ਜਾਰੀ ਸਾਲ 2017 ਦੀ ਅਧਿਕਾਰਤ ਮਰਦਮਸ਼ੁਮਾਰੀ ਮੁਤਾਬਕ ਦੇਸ਼ ਵਿੱਚ ਸਿੱਖਾਂ ਦੀ ਕੁੱਲ ਅਬਾਦੀ 20,380 ਦਰਜ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਅਮਰੀਕੀ ਵਿਦੇਸ਼ ਮੰਤਰਾਲੇ ਦੀ ਸਾਲ 2022 ਦੀ ਰਿਪੋਰਟ ਵਿੱਚ ਵੀ ਇਹ ਗਿਣਤੀ ਲਗਭਗ 20,000 ਦੱਸੀ ਗਈ ਹੈ। ਦੂਜੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਰਿਕਾਰਡਾਂ ਮੁਤਾਬਕ ਦੇਸ਼ ਵਿੱਚ 15,000 ਤੋਂ ਵੱਧ ਸਿੱਖ ਪਰਿਵਾਰ ਰਜਿਸਟਰਡ ਹਨ, ਜਿਸ ਦੇ ਅਧਾਰ 'ਤੇ ਕਮੇਟੀ ਵਰਤਮਾਨ ਸਮੇਂ ਸਿੱਖਾਂ ਦੀ ਅਸਲ ਅਬਾਦੀ 25,000 ਤੋਂ 30,000 ਦੇ ਵਿਚਕਾਰ ਮੰਨਦੀ ਹੈ। PSGPC ਵੱਲੋਂ ਜਾਰੀ ਸਾਲ 2023 ਦੇ ਸੂਬੇਵਾਰ ਅੰਕੜਿਆਂ ਅਨੁਸਾਰ, ਪਾਕਿਸਤਾਨ ਵਿੱਚ ਸਭ ਤੋਂ ਵੱਧ ਸਿੱਖ ਅਬਾਦੀ ਖੈਬਰ ਪਖਤੂਨਖਵਾ ਵਿੱਚ 12,000 ਤੋਂ ਵਧੇਰੇ ਹੈ, ਜਦਕਿ ਪੰਜਾਬ ਵਿੱਚ 10,000 ਤੋਂ ਵੱਧ, ਸਿੰਧ ਵਿੱਚ 2,000 ਤੋਂ ਵੱਧ ਅਤੇ ਬਲੋਚਿਸਤਾਨ ਵਿੱਚ 1,000 ਤੋਂ ਵਧੇਰੇ ਸਿੱਖ ਨਿਵਾਸ ਕਰਦੇ ਹਨ।

125 year old gurdwara demolished
ਪਾਕਿਸਤਾਨ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ? (Etv Bharat)

ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨਾਂ ਦੀ ਦੇਖਰੇਖ ਕੌਣ ਕਰਦਾ ਹੈ ?

Evacuee Trust Property Board Act 1975 ਮੁਤਾਬਕ ETPB ਹੀ ਪਾਕਿਸਤਾਨ 'ਚ ਸਾਰੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਦੇਖ-ਰੇਖ ਕਰਦੀ ਹੈ। ETPB ਦੀ ਰਿਪੋਰਟ ਮੁਤਾਬਕ ਪਾਕਿਸਤਾਨ 'ਚ ਵਰਤਮਾਨ ਸਮੇਂ 40 ਤੋਂ 50 ਗੁਰਦੁਆਰੇ ਅਜਿਹੇ ਹਨ ਜਿਨ੍ਹਾਂ ਦੀ ਸਿੱਖ ਧਾਰਮਿਕ ਅਸਥਾਨ ਵਜੋਂ ਪਛਾਣ ਮੌਜੂਦ ਹੈ। ETPB ਦੇ ਰਿਕਾਰਡ ਮੁਤਾਬਕ ਇਨ੍ਹਾਂ 'ਚੋਂ ਸਿਰਫ 8 ਤੋਂ 10 ਗੁਰਦੁਆਰਿਆਂ 'ਚ ਹੀ ਨਿਯਮਿਤ ਤੌਰ 'ਤੇ ਪ੍ਰਕਾਸ਼ ਅਤੇ ਕੀਰਤਨ ਹੁੰਦਾ ਹੈ। SGPC ਦੇ ਇਤਿਹਾਸਕ ਰਿਕਾਰਡ ਮੁਤਾਬਕ ਵੰਡ ਤੋਂ ਪਹਿਲਾਂ ਪੱਛਮੀ ਪੰਜਾਬ 'ਚ 200 ਤੋਂ ਵੱਧ ਗੁਰਦੁਆਰੇ ਸਨ। ETPB ਦੇ ਪ੍ਰੈਸ ਨੋਟ ਅਤੇ ਭਾਰਤ-ਪਾਕਿਸਤਾਨ ਸਮਝੌਤੇ ਮੁਤਾਬਕ 2019 'ਚ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਅਤੇ ਡੇਰਾ ਸਾਹਿਬ ਸਮੇਤ 4 ਵੱਡੇ ਗੁਰਦੁਆਰਿਆਂ ਦੀ ਮੁਰੰਮਤ ਕੀਤੀ ਗਈ ਹੈ। Dawn ਦੇ ਆਰਕਾਈਵ 2020-2024 ਮੁਤਾਬਕ ਪਿਛਲੇ 5 ਸਾਲਾਂ 'ਚ ਸਿੱਖ ਅਸਥਾਨਾਂ ਨਾਲ ਸਬੰਧਤ 3 ਤੋਂ ਵੱਧ ਵੱਡੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ। SGPC ਅਤੇ PSGPC ਦੇ ਬਿਆਨਾਂ ਮੁਤਾਬਕ ਦੋਵੇਂ ਸੰਸਥਾਵਾਂ ਪਾਕਿਸਤਾਨ 'ਚ ਗੁਰਦੁਆਰਿਆਂ ਦੀ ਸੰਭਾਲ ਦਾ ਮੁੱਦਾ ਲਗਾਤਾਰ ਚੁੱਕਦੀਆਂ ਰਹਿੰਦੀਆਂ ਹਨ।

125 year old gurdwara demolished
ਪਾਕਿਸਤਾਨ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਹਨ ? (Etv Bharat)

ਪਾਕਿਸਤਾਨ ਵਿੱਚ ਸਿੱਖ ਵਿਰਾਸਤ ਅਤੇ ਮੌਜੂਦਾ ਸਥਿਤੀ

ਸਿੱਖ ਇਤਿਹਾਸਕਾਰ ਅਤੇ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਜੋ ਖੁਦ ਕਈ ਵਾਰ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ ਅਤੇ ਉੱਥੋਂ ਦੀਆਂ ਧਾਰਮਿਕ ਸਰਗਰਮੀਆਂ ਵਿਚ ਹਿੱਸਾ ਲਿਆ। ਉਹਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ, "ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਹਜ਼ਾਰਾਂ ਗੁਰਦੁਆਰੇ ਅਤੇ ਸਿੱਖ ਇਤਿਹਾਸਕ ਸਥਾਨ ਸਨ। 1947 ਦੀ ਵੰਡ ਤੋਂ ਬਾਅਦ ਸਿੱਖ ਭਾਈਚਾਰੇ ਦੇ ਵੱਡੇ ਪੱਧਰ 'ਤੇ ਹਿਜਰਤ ਕਰਨ ਕਾਰਨ ਇਹਨਾਂ ਅਸਥਾਨਾਂ ਦੀ ਸਥਿਤੀ ਪੂਰੀ ਤਰ੍ਹਾਂ ਬਦਲ ਗਈ।"

"ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਜਿਨ੍ਹਾਂ ਗੁਰਦੁਆਰਿਆਂ ਵਿੱਚ ਸੰਗਤ ਜਾਂਦੀ ਹੈ ਉਹ ਤਾਂ ਫਿਰ ਵੀ ਕੁਝ ਠੀਕ ਹਨ ਪਰ ਕਾਫੀ ਸਾਰੇ ਗੁਰਦੁਆਰੇ ਮੌਸਮੀ ਮਾਰ ਅਤੇ ਲੰਬੇ ਸਮੇਂ ਦੀ ਅਣਦੇਖੀ ਕਾਰਨ ਢਹਿ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ ਪਾਕਿਸਤਾਨ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਕਈ ਇਮਾਰਤਾਂ ਵੀ ਨਜਾਇਜ਼ ਕਬਜ਼ਿਆਂ ਅਤੇ ਸਾਂਭ ਸੰਭਾਲ ਤੋਂ ਬਿਨਾਂ ਖੰਡਰ ਹੁੰਦੀਆਂ ਜਾ ਰਹੀਆਂ ਹਨ।"- ਰਜਿੰਦਰ ਸਿੰਘ ਵਿਰਾਸਤ

ਰਜਿੰਦਰ ਸਿੰਘ ਵਿਰਾਸਤ ਦੱਸਦੇ ਹਨ ਕਿ "ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ਰੋਡ ਨੇੜੇ ਕਸੂਰ ਜ਼ਿਲ੍ਹੇ ਦੇ ਦਫ਼ਤੂ ਪਿੰਡ ਵਿਖੇ ਸਥਿਤ ਇੱਕ ਸਦੀ ਤੋਂ ਵੱਧ ਪੁਰਾਣਾ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਢਹਿ ਗਿਆ ਸੀ। ਇਸੇ ਤਰ੍ਹਾਂ ਲਾਹੌਰ ਨੇੜੇ ਜਮੂੰ ਪਿੰਡ ਵਿੱਚ ਸਥਿਤ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਵੀ 2022 ਦੇ ਅੰਤ ਵਿੱਚ ਬਰਸਾਤੀ ਮੌਸਮ ਦੌਰਾਨ ਢਹਿ ਗਿਆ। ਇੰਨਾ ਹੀ ਨਹੀਂ ਕੁਝ ਧਾਰਮਿਕ ਵਿਰਾਸਤੀ ਸਥਾਨ ਕੱਟੜਪੰਥੀ ਹਮਲਿਆਂ ਦਾ ਸ਼ਿਕਾਰ ਵੀ ਹੋਏ ਹਨ।"

125 year old gurdwara demolished
ਪਾਕਿਸਤਾਨ ਵਿੱਚ ਸਥਿਤ ਕੁਝ ਸਭ ਤੋਂ ਪ੍ਰਮੁੱਖ ਇਤਿਹਾਸਕ ਗੁਰਦੁਆਰਾ ਸਾਹਿਬ (Etv Bharat)

ਪਹਿਲਾਂ ਐਸਜੀਪੀਸੀ ਦੇਖਦੀ ਸੀ ਇਹਨਾਂ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) 1920 ਦੇ ਦਹਾਕੇ ਵਿੱਚ ਸਿੱਖਾਂ ਨੇ ਸੰਘਰਸ਼ ਕਰਕੇ ਬਣਾਈ ਗਈ ਸੀ। 1947 ਦੀ ਪੰਜਾਬ ਵੰਡ ਤੋਂ ਬਾਅਦ ਸਿੱਖਾਂ ਦੀਆਂ ਸਾਰੀਆਂ ਧਾਰਮਿਕ ਜਾਇਦਾਦਾਂ "ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ" ਦੇ ਅਧੀਨ ਆ ਗਈਆਂ। 11 ਅਪ੍ਰੈਲ 1999 ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਬੰਧ ਜ਼ਬਰਦਸਤੀ ਲੈਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਈਟੀਪੀਬੀ ਦੇ ਸਾਬਕਾ ਡੀਜੀ, ਆਈਐਸਆਈ ਲੈਫਟੀਨੈਂਟ ਜਨਰਲ (ਸੇਵਾਮੁਕਤ) ਜਾਵੇਦ ਨਾਸੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪਾਕਿਸਤਾਨ ਵਿੱਚ ਸਥਿਤ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਗੁਰਦੁਆਰੇ- ਮੰਦਿਰ ਕੇਵਲ ਧਾਰਮਿਕ ਅਸਥਾਨ ਹੀ ਨਹੀਂ ਹਨ, ਸਗੋਂ ਪੰਜਾਬ ਦੀ ਸਾਂਝੀ ਵਿਰਾਸਤ, ਇਤਿਹਾਸ ਅਤੇ ਭਾਰਤ-ਪਾਕਿਸਤਾਨ ਦੀ ਸੱਭਿਆਚਾਰਕ ਧਰੋਹਰ ਦੇ ਅਨਮੋਲ ਪ੍ਰਤੀਕ ਵੀ ਹਨ। ਇਨ੍ਹਾਂ ਦੀ ਸੰਭਾਲ ਸਿਰਫ਼ ਸਿੱਖ ਕੌਮ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਵਿਸ਼ਵ ਵਿਰਾਸਤ ਪ੍ਰਤੀ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

'ਕਾਰ ਸੇਵਾ' ਦੇ ਨਾਂ 'ਤੇ ਪੁਰਾਤਨ ਵਿਰਾਸਤ ਦਾ ਨੁਕਸਾਨ

ਸਿੱਖ ਜਥੇ ਨਾਲ ਕਈ ਵਾਰ ਪਾਕਿਸਤਾਨ ਜਾ ਚੁੱਕੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਹੋਇਆ ਦੱਸਿਆ ਕਿ, "ਚਿੰਤਾਜਨਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਗੁਰਦੁਆਰਿਆਂ ਦੇ ਨੁਕਸਾਨ ਲਈ ਸਥਾਨਕ ਲੈਂਡ ਮਾਫ਼ੀਆ ਜ਼ਿੰਮੇਵਾਰ ਹੈ, ਉੱਥੇ ਹੀ ਸਾਡੀਆਂ ਆਪਣੀਆਂ 'ਕਾਰ ਸੇਵਾ' ਸੰਸਥਾਵਾਂ ਅਤੇ ਬਾਬੇ ਵੀ ਇਸ ਦੇ ਲਈ ਵੱਡੇ ਪੱਧਰ 'ਤੇ ਕਸੂਰਵਾਰ ਹਨ। ਪਿਛਲੇ ਕੁਝ ਸਾਲਾਂ ਦੌਰਾਨ (ਖਾਸ ਕਰਕੇ 2017-18 ਤੋਂ ਬਾਅਦ) ਕਾਰ ਸੇਵਾ ਵਾਲਿਆਂ ਨੇ ਪਾਕਿਸਤਾਨ ਦੇ ਕਈ ਪੁਰਾਤਨ ਗੁਰਦੁਆਰਿਆਂ ਦੀਆਂ ਸਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਢਾਹ ਕੇ ਉੱਥੇ ਨਵੀਆਂ ਆਧੁਨਿਕ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਹਨ, ਜਿਸ ਨਾਲ ਅਸਲ ਇਤਿਹਾਸਕ ਸਰੂਪ ਖ਼ਤਮ ਹੋ ਗਿਆ ਹੈ। ਉਹ ਕਹਿੰਦੇ ਹਨ ਕਿ ਇਹ ਉਹਨਾਂ ਦੇ ਅੱਖੀਂ ਡਿੱਠੇ ਹਲਾਤ ਹਨ ਜਿਸ ਦੇ ਸਬੂਤ ਵੀ ਉਹਨਾਂ ਕੋਲ ਮੌਜੂਦ ਹਨ ਆਪਣੀ ਪਾਕਿਸਤਾਨ ਫੇਰੀ ਦੌਰਾਨ ਇਹ ਚੀਜ਼ਾਂ ਉਹਨਾਂ ਨੇ ਬਹੁਤ ਨਜ਼ਦੀਕ ਤੋਂ ਵੇਖੀਆਂ।"

"ਲਾਹੌਰ ਕਿਲ੍ਹੇ ਦੇ ਬਿਲਕੁਲ ਨਾਲ ਸਥਿਤ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਅਤੇ ਜਿੱਥੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ ਹੋਇਆ ਸੀ, ਉੱਥੇ ਅੰਦਰੂਨੀ ਕੰਧਾਂ ਅਤੇ ਮਾਰਬਲ 'ਤੇ ਹੱਥਾਂ ਨਾਲ ਕੀਤੀ ਗਈ ਬੇਸ਼ਕੀਮਤੀ ਪੁਰਾਤਨ ਮੀਨਾਕਾਰੀ ਦੇ ਉੱਪਰ ਅਖੌਤੀ ਸੇਵਾਦਾਰਾਂ ਵੱਲੋਂ ਚਿੱਟਾ ਪੇਂਟ (ਰੰਗ) ਫੇਰ ਦਿੱਤਾ ਗਿਆ। ਇਤਿਹਾਸਕ ਕੰਧਾਂ ਅਤੇ ਮਾਰਬਲ ਉੱਪਰ ਪੇਂਟ ਫੇਰਨਾ ਸਿੱਖ ਕਲਾ ਅਤੇ ਵਿਰਾਸਤ ਨੂੰ ਖ਼ਤਮ ਕਰਨ ਦੇ ਬਰਾਬਰ ਹੈ।"- ਗੁਰਿੰਦਰ ਸਿੰਘ, ਸੀਨੀਅਰ ਪੱਤਰਕਾਰ

125 year old gurdwara demolished
ਫਾਰੂਕਾਬਾਦ 'ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੇ ਜਾਣ ਤੋਂ ਬਾਅਦ ਸਿੱਖ ਆਗੂਆਂ ਨੇ ਮੌਕੇ ਦਾ ਦੌਰਾ ਕੀਤਾ (Journalist Babar Jalandhari from Lahore)

ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਕਹਿੰਦੇ ਹਨ "ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੇ ਕਈ ਇਤਿਹਾਸਕ ਅਸਥਾਨ ਮੌਜੂਦ ਹਨ, ਪਰ ਉੱਥੇ ਵੀ ਕੁਝ ਮੁੱਠੀ ਭਰ ਨਫ਼ਰਤੀ ਅਤੇ ਕੱਟੜਪੰਥੀ ਤੱਤ ਸਰਗਰਮ ਹਨ। ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ (ਮੂਰਤੀ) ਨੂੰ ਤੋੜੇ ਜਾਣ ਦਾ ਵਿਵਾਦ ਇਸੇ ਮਾਨਸਿਕਤਾ ਦਾ ਨਤੀਜਾ ਸੀ। ਇਹ ਲੋਕ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਅਤੇ ਸਿੱਖ ਰਾਜ ਦੇ ਮਾਣ ਨੂੰ ਬਰਦਾਸ਼ਤ ਨਹੀਂ ਕਰਦੇ।"

ਪਾਕਿਸਤਾਨੀ ਸਮਾਜ ਅਤੇ ਸਥਾਨਕ ਮੁਸਲਿਮ ਭਾਈਚਾਰੇ ਦਾ ਰਵੱਈਆ

ਗੁਰਿੰਦਰ ਸਿੰਘ ਕਹਿੰਦੇ ਹਨ "ਜਿੱਥੋਂ ਤੱਕ ਪਾਕਿਸਤਾਨ ਦੇ ਆਮ ਨਾਗਰਿਕਾਂ ਅਤੇ ਸਥਾਨਕ ਮੁਸਲਿਮ ਭਾਈਚਾਰੇ ਦਾ ਸਵਾਲ ਹੈ, ਉਹਨਾਂ ਦੇ ਮਨ ਵਿੱਚ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਪਿਆਰ, ਸਤਿਕਾਰ ਅਤੇ ਹਮਦਰਦੀ ਹੈ ਇਤਿਹਾਸਕ ਗੁਰਦੁਆਰਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣ ਕਾਰਨ ਆਮ ਸਥਾਨਕ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਬਹੁਤ ਘੱਟ ਹੁੰਦੀ ਹੈ। ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਵਰਗੇ ਮੁੱਖ ਅਸਥਾਨਾਂ ਤੋਂ ਇਲਾਵਾ, ਪਾਕਿਸਤਾਨ ਵਿੱਚ ਹੋਰ ਵੀ ਅਜਿਹੇ ਗੁਰਦੁਆਰੇ ਹਨ, ਜਿਨ੍ਹਾਂ ਦਾ ਵੱਡਾ ਇਤਿਹਾਸਕ ਮਹੱਤਵ ਹੈ। ਜਦੋਂ ਵੀ ਕੋਈ ਸਿੱਖ ਸ਼ਰਧਾਲੂ ਜਾਂ ਯਾਤਰੀ ਪਾਕਿਸਤਾਨ ਦੇ ਸਥਾਨਕ ਲੋਕਾਂ ਨੂੰ ਮਿਲਦਾ ਹੈ ਤਾਂ ਉਹ ਬਹੁਤ ਖ਼ੁਸ਼ੀ ਨਾਲ ਉਹਨਾਂ ਦਾ ਸਵਾਗਤ ਕਰਦੇ ਹਨ, ਚਾਹ-ਪਾਣੀ ਪਿਲਾਉਂਦੇ ਹਨ ਅਤੇ ਪੂਰਾ ਮਾਣ-ਤਾਣ ਦਿੰਦੇ ਹਨ। ਉੱਥੇ ਪ੍ਰਸ਼ਾਸਨ ਅਤੇ ਆਮ ਲੋਕਾਂ ਵਿੱਚ ਭਾਰਤ ਦੇ ਕੁਝ ਸੂਬਿਆਂ ਵਰਗਾ ਪੱਖਪਾਤ ਦੇਖਣ ਨੂੰ ਨਹੀਂ ਮਿਲਦਾ।"

125 year old gurdwara demolished
ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ, ਰਜਿੰਦਰ ਸਿੰਘ ਵਿਰਾਸਤ, ਬਾਬਰ ਜਲੰਧਰੀ (Special Arrangement)

“ਇਹ ਸਥਿਤੀ ਸਿਰਫ਼ ਪਾਕਿਸਤਾਨ ਦੀ ਹੀ ਨਹੀਂ ਭਾਰਤ ਦੀ ਵੀ”

ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਨੇ ਇੱਕ ਹੋਰ ਪੱਖ ਵੀ ਉਜਾਗਰ ਕੀਤਾ ਹੈ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ "ਜੇਕਰ ਨਿਰਪੱਖ ਤੌਰ 'ਤੇ ਵੇਖਿਆ ਜਾਵੇ ਤਾਂ ਇਤਿਹਾਸਕ ਗੁਰਦੁਆਰਿਆਂ 'ਤੇ ਕਬਜ਼ੇ ਕਰਨ ਜਾਂ ਉਹਨਾਂ ਨੂੰ ਢਾਹੁਣ ਦੀ ਸਮੱਸਿਆ ਸਿਰਫ਼ ਪਾਕਿਸਤਾਨ ਤੱਕ ਸੀਮਤ ਨਹੀਂ ਹੈ। ਭਾਰਤ ਦੇ ਅੰਦਰ ਵੀ ਕਈ ਇਤਿਹਾਸਕ ਸਥਾਨ (ਜਿਵੇਂ ਹਰਦੁਆਰ, ਡਾਂਗ ਮਾਰ ਸਾਹਿਬ, ਜਾਂ ਪਟਨਾ ਸਾਹਿਬ ਦੇ ਕੁਝ ਹਿੱਸੇ) ਅਜਿਹੇ ਰਹੇ ਹਨ ਜਿੱਥੇ ਸਥਾਨਕ ਲੋਕਾਂ ਵੱਲੋਂ ਕਬਜ਼ੇ ਕਰਨ ਜਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪਾਕਿਸਤਾਨ ਵਿੱਚ ਇਹ ਸਮੱਸਿਆ ਹੈ ਪਰ ਉੱਥੇ ਇਹ ਭਾਰਤ ਦੇ ਕਈ ਅੰਦਰੂਨੀ ਇਲਾਕਿਆਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲਦੀ ਹੈ।"

ਗੁਰਦੁਆਰਿਆਂ ਅਤੇ ਵਿਰਾਸਤ ਦੀ ਸੰਭਾਲ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?

ਸਿੱਖ ਇਤਿਹਾਸਕਾਰ ਅਤੇ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਮੁਤਾਬਕ ਇੰਨਾ ਅਨਮੋਲ ਵਿਰਾਸਤਾਂ ਨੂੰ ਵੀ ਹੋਰ ਗੁਰਦੁਆਰਿਆਂ-ਮੰਦਰਾਂ ਵਾਂਗ ਨੁਕਸਾਨ ਪਹੁੰਚਣ ਤੋਂ ਪਹਿਲਾਂ ਇਸ ਦੀ ਤੁਰੰਤ ਸਰਵੇਖਣ, ਸੰਭਾਲ ਅਤੇ ਬਹਾਲੀ ਲਈ ਇਕ ਸਾਂਝਾਂ ੳਪਰਾਲ ਕੀਤਾ ਜਾਣਾ ਚਾਹੀਦੀ ਹੈ।

ਉਹਨਾਂ ਮੁਤਾਬਕ ਸਿੱਖ ਵਿਰਾਸਤ ਦੀ ਸੰਭਾਲ ਲਈ ਭਾਰਤ ਪਾਕਿਸਤਾਨ ਸਰਕਾਰ ਦੀ ਨਿਗਰਾਨੀ ਹੇਠ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੀ ਇੱਕ ਸਾਂਝੀ ਟੀਮ ਬਣਾ ਕੇ ਇਹਨਾਂ ਗੁਰਦੁਆਰਿਆਂ ਦੀ ਮੁਰੰਮਤ, ਉਸਾਰੀ ਦੇ ਕੰਮ ਦੀ ਸ਼ੁਰੁਆਤ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

  1. ਪਾਕਿਸਤਾਨੀ ਪੰਜਾਬ ਦੇ ਸਾਰੇ ਇਤਿਹਾਸਕ ਸਿੱਖ ਗੁਰਦੁਆਰਾ ਸਾਹਿਬਾਨ ਦਾ ਤੁਰੰਤ ਢਾਂਚਾਗਤ ਸਰਵੇਖਣ ਕਰਵਾਇਆ ਜਾਵੇ।
  2. ਜਿਨ੍ਹਾਂ ਗੁਰਦੁਆਰਿਆਂ ਨੂੰ ਖ਼ਤਰਾ ਹੈ, ਉਨ੍ਹਾਂ ਨੂੰ ਸੁਰੱਖਿਅਤ ਵਿਰਾਸਤੀ ਸਮਾਰਕ ਐਲਾਨ ਕੀਤਾ ਜਾਵੇ।
  3. ਉਨ੍ਹਾਂ ਦੀ ਤੁਰੰਤ ਮਜ਼ਬੂਤੀ, ਸੰਭਾਲ ਅਤੇ ਬਹਾਲੀ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ।
  4. ਵਿਰਾਸਤ ਸੰਭਾਲ ਮਾਹਰਾਂ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਜਥੇਬੰਦੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਵੇ, ਜੋ ਇਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਨਿਗਰਾਨੀ ਅਤੇ ਸੰਭਾਲ ਨੂੰ ਯਕੀਨੀ ਬਣਾਵੇ।
125 year old gurdwara demolished
ਫਾਰੂਕਾਬਾਦ 'ਚ ਗੁਰਦੁਆਰਾ ਢਾਹੇ ਜਾਣ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਸਿੱਖ ਆਗੂ (Journalist Babar Jalandhari from Lahore)

ਇਹ ਵੀ ਪੜ੍ਹੋ: