ਆਸਟ੍ਰੇਲੀਆ ਤੋਂ ਡਿਪੋਰਟ ਹੋਏ 11 ਪੰਜਾਬੀਆਂ ਦੀ ਵਤਨ ਵਾਪਸੀ, ਸੁਨਹਿਰੀ ਸੁਫ਼ਨਿਆਂ ਨੂੰ ਲੱਗਾ ਗ੍ਰਹਿਣ
ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਰਿਸੀਵ ਕੀਤਾ ਜਾਵੇਗਾ।


Published : April 29, 2026 at 10:01 PM IST
ਚੰਡੀਗੜ੍ਹ: ਵਿਦੇਸ਼ਾਂ ਵਿੱਚ ਚੰਗੇ ਭਵਿੱਖ ਦੀ ਆਸ ਲੈ ਕੇ ਗਏ ਪੰਜਾਬੀਆਂ ਲਈ ਇੱਕ ਬੇਹੱਦ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਪ੍ਰਸ਼ਾਸਨ ਵੱਲੋਂ ਸਖ਼ਤ ਰੁਖ਼ ਅਪਣਾਉਂਦਿਆਂ 11 ਪੰਜਾਬੀਆਂ ਨੂੰ ਡਿਪੋਰਟ (ਦੇਸ਼-ਨਿਕਾਲਾ) ਕਰ ਦਿੱਤਾ ਗਿਆ ਹੈ। ਸੁਨਹਿਰੀ ਭਵਿੱਖ ਦੇ ਟੁੱਟੇ ਸੁਪਨਿਆਂ ਨਾਲ ਇਹ ਪੰਜਾਬੀ ਅੱਜ ਭਾਰਤ ਦੀ ਧਰਤੀ 'ਤੇ ਵਾਪਸ ਪਰਤ ਰਹੇ ਹਨ। ਇਸ ਸੰਵੇਦਨਸ਼ੀਲ ਮੌਕੇ 'ਤੇ ਪੰਜਾਬ ਦੀ ਸਿਆਸਤ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਡਿਪੋਰਟ ਹੋਏ ਨਾਗਰਿਕਾਂ ਜਾਣਕਾਰੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਰਿਸੀਵ ਕੀਤਾ ਜਾਵੇਗਾ।
ਡਿਪੋਰਟ ਹੋਣ ਦੇ ਕਾਰਨਾਂ 'ਤੇ ਸਸਪੈਂਸ
ਹਾਲਾਂਕਿ ਅਜੇ ਤੱਕ ਇਨ੍ਹਾਂ 11 ਜਣਿਆਂ ਦੀ ਵਤਨ ਵਾਪਸੀ ਦੇ ਅਸਲ ਅਤੇ ਠੋਸ ਕਾਰਨਾਂ (ਜਿਵੇਂ ਕਿ ਵੀਜ਼ਾ ਨਿਯਮਾਂ ਦੀ ਉਲੰਘਣਾ, ਗੈਰ-ਕਾਨੂੰਨੀ ਪਰਵਾਸ, ਫਰਜ਼ੀ ਦਸਤਾਵੇਜ਼ ਜਾਂ ਕੋਈ ਹੋਰ ਕਾਨੂੰਨੀ ਅੜਿੱਕਾ) ਦਾ ਮੁਕੰਮਲ ਖੁਲਾਸਾ ਨਹੀਂ ਹੋਇਆ ਹੈ। ਮੁੱਖ ਮੰਤਰੀ ਦੀ ਇਸ ਦਖਲਅੰਦਾਜ਼ੀ ਤੋਂ ਬਾਅਦ ਇਹ ਆਸ ਬੱਝੀ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੇ ਪੰਜਾਬ ਵਿੱਚ ਮੁੜ-ਵਸੇਬੇ ਜਾਂ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਸਮਝਦੇ ਹੋਏ ਕੋਈ ਢੁਕਵੀਂ ਮਦਦ ਮੁਹੱਈਆ ਕਰਵਾ ਸਕਦੀ ਹੈ।
ਜਿਨ੍ਹਾਂ 15 ਭਾਰਤੀਆਂ ਨੂੰ ਅੱਜ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ 11 ਪੰਜਾਬੀ ਹਨ। ਅਸੀਂ ਉਨ੍ਹਾਂ ਨੂੰ ਦਿੱਲੀ ਏਅਰਪੋਰਟ 'ਤੇ ਰਿਸੀਵ ਕਰਾਂਗੇ। ਇਹ ਉੱਥੇ ਕਿਸਦੇ ਰਾਹੀਂ ਗਏ ਸਨ ਤੇ ਇਨ੍ਹਾਂ ਦੇ ਕਾਗਜ਼ ਕਿੰਝ ਬਣੇ, ਇਸ ਸਭ ਦੀ ਕੀਤੀ ਜਾਵੇਗੀ ਜਾਂਚ।
— AAP Punjab (@AAPPunjab) April 29, 2026
-CM @BhagwantMann pic.twitter.com/WomScF3Sso
ਪਿਛਲੇ ਸਾਲਾਂ ਦੌਰਾਨ ਭਾਰਤੀਆਂ ਅਤੇ ਪੰਜਾਬੀਆਂ ਦੀ ਡਿਪੋਰਟੇਸ਼ਨ: ਅੰਕੜੇ ਅਤੇ ਤੱਥ
ਆਸਟ੍ਰੇਲੀਆ ਤੋਂ 11 ਪੰਜਾਬੀਆਂ ਦਾ ਡਿਪੋਰਟ ਹੋਣਾ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕੁਝ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਗੈਰ-ਕਾਨੂੰਨੀ ਢੰਗ ਨਾਲ (ਡੌਂਕੀ ਲਾ ਕੇ) ਵਿਦੇਸ਼ ਜਾਣ, ਵੀਜ਼ਾ ਖ਼ਤਮ ਹੋਣ ਤੋਂ ਬਾਅਦ ਉੱਥੇ ਰਹਿਣ, ਜਾਂ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਕਾਰਨ ਹਜ਼ਾਰਾਂ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਵੱਖ-ਵੱਖ ਦੇਸ਼ਾਂ ਤੋਂ ਦੇਸ਼-ਨਿਕਾਲਾ ਮਿਲਿਆ ਹੈ।
ਇੱਥੇ ਕੁਝ ਵੱਡੇ ਅਤੇ ਅਹਿਮ ਮਾਮਲਿਆਂ ਦਾ ਵਿਸਤਾਰਪੂਰਵਕ ਵੇਰਵਾ ਦਿੱਤਾ ਗਿਆ ਹੈ:
1. ਮੈਕਸੀਕੋ ਤੋਂ ਵੱਡੀ ਡਿਪੋਰਟੇਸ਼ਨ (ਅਕਤੂਬਰ 2019):
ਅਮਰੀਕਾ ਵਿਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਵੱਡੀ ਘਟਨਾ ਅਕਤੂਬਡਰ 2019 ਵਿਚ ਸਾਹਮਣੇ ਆਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਡਿਪੋਰਟ ਦਾ ਸਿਲਸਿਲਾ ਕਈ ਵਾਰ ਚੱਲਿਆ। ਪਰ 2019 ਵਿਚ ਇਹ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਡਿਪੋਰਟੇਸ਼ਨ ਕਾਰਵਾਈਆਂ ਵਿੱਚੋਂ ਇੱਕ ਸੀ। Parliament Of India ਦੇ ਰਿਕਾਰਡ ਅਤੇ Ministry Of External Affairs ਦੇ ਅੰਕੜਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੈਕਸੀਕੋ ਸਰਕਾਰ ਨੇ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 311 ਭਾਰਤੀਆਂ ਨੂੰ ਇੱਕ ਵਿਸ਼ੇਸ਼ ਚਾਰਟਰਡ ਫਲਾਈਟ (ਬੋਇੰਗ 747) ਰਾਹੀਂ ਨਵੀਂ ਦਿੱਲੀ ਭੇਜਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਪੰਜਾਬ (ਦੁਆਬਾ ਅਤੇ ਮਾਝਾ ਖੇਤਰ) ਅਤੇ ਹਰਿਆਣਾ (ਕੈਥਲ, ਕਰਨਾਲ, ਕੁਰੂਕਸ਼ੇਤਰ) ਤੋਂ ਸਨ। ਕੁਝ ਨੌਜਵਾਨ ਗੁਜਰਾਤ ਦੇ ਵੀ ਸਨ। ਇਹ ਨੌਜਵਾਨ ਏਜੰਟਾਂ ਨੂੰ 20 ਤੋਂ 30 ਲੱਖ ਰੁਪਏ ਦੇ ਕੇ ਜੰਗਲਾਂ ਦੇ ਰਸਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
2. ਅਮਰੀਕਾ ਤੋਂ ਲਗਾਤਾਰ ਦੇਸ਼-ਨਿਕਾਲਾ (2019 - 2025):
ਨਵੰਬਰ 2019 ਵਿਚ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਕਰੀਬ 150 ਭਾਰਤੀਆਂ ਨੂੰ ਡਿਪੋਰਟ ਕਰਕੇ ਦਿੱਲੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਹ ਨੌਜਵਾਨ ਵੀ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਵਿੱਚ ਦਾਖਲ ਹੋਏ ਸਨ ਅਤੇ ਮਈ 2020 ਵਿਚ ਕੋਰੋਨਾ ਮਹਾਂਮਾਰੀ ਦੌਰਾਨ, ਅਮਰੀਕਾ ਨੇ ਇੱਕ ਹੋਰ ਚਾਰਟਰਡ ਫਲਾਈਟ ਰਾਹੀਂ 160 ਤੋਂ ਵੱਧ ਭਾਰਤੀਆਂ ਨੂੰ ਡਿਪੋਰਟ ਕੀਤਾ ਜੋ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ। ਇਹਨਾਂ ਵਿੱਚੋਂ ਲਗਭਗ 70 ਨੌਜਵਾਨ ਹਰਿਆਣਾ ਦੇ, 50 ਦੇ ਕਰੀਬ ਪੰਜਾਬ ਦੇ ਅਤੇ ਬਾਕੀ ਗੁਜਰਾਤ ਦੇ ਸਨ। ਸਾਲ 2025 ਦੀ ਗੱਲ ਕਰੀਏ ਤਾਂ 3800 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਇਹ ਜਾਣਕਾਰੀ ਭਾਰਤ ਸਰਕਾਰ ਵੱਲੋਂ ਸੰਸਦ ਵਿਚ ਵੀ ਸਾਂਝੀ ਕੀਤੀ ਗਈ ਸੀ।
3. ਕੈਨੇਡਾ ਵਿੱਚ ਫਰਜ਼ੀ ਆਫਰ ਲੈਟਰ ਮਾਮਲਾ (2023):
Canada Border Service Agency ਅਤੇ Immigration, Refugees And Citizenship Canda ਦੀ ਜਾਣਕਾਰੀ 'ਤੇ ਅਧਾਰਿਤ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸਾਲ 2023 ਵਿਚ ਕੈਨੇਡਾ ਵਿੱਚ ਸੈਂਕੜੇ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ ਜਦੋਂ ਇਹ ਖੁਲਾਸਾ ਹੋਇਆ ਕਿ ਉਨ੍ਹਾਂ ਦੇ ਏਜੰਟਾਂ (ਖਾਸ ਕਰਕੇ ਜਲੰਧਰ ਦੇ ਇੱਕ ਏਜੰਟ) ਵੱਲੋਂ ਉਨ੍ਹਾਂ ਨੂੰ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਦਿੱਤੇ ਗਏ ਸਨ। ਇਸ ਘਟਨਾ ਦੌਰਾਨ 700 ਵਿਿਦਆਰਥੀਆਂ ਦੇ ਸਿਰ 'ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕੀ। ਹਾਲਾਂਕਿ, ਵਿਦਿਆਰਥੀਆਂ ਦੇ ਲੰਬੇ ਪ੍ਰਦਰਸ਼ਨ ਅਤੇ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ, ਕੈਨੇਡੀਅਨ ਸਰਕਾਰ ਨੇ ਬਹੁਤੇ ਵਿਦਿਆਰਥੀਆਂ ਦੀ ਡਿਪੋਰਟੇਸ਼ਨ 'ਤੇ ਰੋਕ ਲਗਾ ਦਿੱਤੀ ਸੀ, ਪਰ ਕੁਝ ਨੂੰ ਵਾਪਸ ਵੀ ਆਉਣਾ ਪਿਆ ਸੀ।
4. ਬਰਤਾਨੀਆ (UK) ਅਤੇ ਯੂਰਪੀਅਨ ਦੇਸ਼:
UK Home Office ਦੀ ਅਧਿਕਾਰਿਤ ਵੈਬਸਾਈਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਯੂ.ਕੇ. ਵਿੱਚੋਂ ਵੀ ਹਰ ਸਾਲ ਸੈਂਕੜੇ ਪੰਜਾਬੀਆਂ ਨੂੰ ਵੀਜ਼ੇ ਦੀ ਮਿਆਦ ਪੁੱਗਣ (Visa overstay) ਕਾਰਨ ਡਿਪੋਰਟ ਕੀਤਾ ਜਾਂਦਾ ਹੈ। ਖਾਸ ਕਰਕੇ ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ (ਦੁਆਬਾ ਖੇਤਰ) ਅਤੇ ਨਵਾਂਸ਼ਹਿਰ ਦੇ ਨੌਜਵਾਨਾਂ ਦੀ ਗਿਣਤੀ ਇਸ ਵਿੱਚ ਕਾਫੀ ਹੁੰਦੀ ਹੈ, ਜੋ ਪੜ੍ਹਾਈ ਦੇ ਵੀਜ਼ੇ 'ਤੇ ਜਾ ਕੇ ਗੈਰ-ਕਾਨੂੰਨੀ ਢੰਗ ਨਾਲ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਹਨ।
5. ਅਰਬ ਦੇਸ਼ਾਂ ਦਾ ਅੰਕੜਾ:
Internation Labour Oragnisation ਮੁਤਾਬਿਕ ਅਰਬ ਦੇਸ਼ਾਂ ਜਿਵੇਂ ਕਿ ਸਾਊਦੀ ਅਰਬ, ਯੂ.ਏ.ਈ., ਅਤੇ ਓਮਾਨ ਆਦਿ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਮਜ਼ਦੂਰਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣੀ ਭਾਰਤ (ਕੇਰਲਾ), ਉੱਤਰ ਪ੍ਰਦੇਸ਼, ਬਿਹਾਰ ਅਤੇ ਪੰਜਾਬ ਤੋਂ ਹੁੰਦੇ ਹਨ। ਇਨ੍ਹਾਂ ਦਾ ਮੁੱਖ ਕਾਰਨ ਲੇਬਰ ਕਾਨੂੰਨਾਂ ਦੀ ਉਲੰਘਣਾ ਜਾਂ ਵੀਜ਼ਾ ਦੀ ਮਿਆਦ ਦਾ ਖਤਮ ਹੋਣਾ ਹੁੰਦਾ ਹੈ।
ਇਹ ਤੱਥ ਅਤੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਗੈਰ-ਕਾਨੂੰਨੀ ਪਰਵਾਸ ਪੰਜਾਬ ਅਤੇ ਭਾਰਤ ਲਈ ਇੱਕ ਵੱਡਾ ਸੰਕਟ ਬਣ ਚੁੱਕਾ ਹੈ। ਜਿੱਥੇ ਆਸਟ੍ਰੇਲੀਆ ਤੋਂ 11 ਪੰਜਾਬੀਆਂ ਦਾ ਆਉਣਾ ਇੱਕ ਤਾਜ਼ਾ ਝਟਕਾ ਹੈ, ਉੱਥੇ ਹੀ ਪਿਛਲੇ ਸਾਲਾਂ ਵਿੱਚ ਹਜ਼ਾਰਾਂ ਨੌਜਵਾਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਜੇਲ੍ਹਾਂ ਕੱਟ ਕੇ ਅਤੇ ਲੱਖਾਂ ਰੁਪਏ ਬਰਬਾਦ ਕਰਕੇ ਖਾਲੀ ਹੱਥ ਦੇਸ਼ ਪਰਤੇ ਹਨ। ਸੂਬੇ ਵਿੱਚ ਠੱਗ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਨੂੰਨ ਲਾਗੂ ਕਰਨ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।

