ਨਹੀਂ ਹੋਵੇਗਾ ਅਕਾਲੀ ਭਾਜਪਾ ਗਠਜੋੜ, ਪੰਜਾਬ ਭਾਜਪਾ ਪ੍ਰਧਾਨ ਵੱਲੋਂ ਵੱਡਾ ਐਲਾਨ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 117 ਸੀਟਾਂ ਉੱਤੇ ਭਾਜਪਾ ਨਿਰੋਲ ਚੋਣ ਲੜੇਗੀ।


Published : August 25, 2026 at 4:40 PM IST
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਭਾਜਪਾ ਦੇ ਕੌਮੀ ਸਕੱਤਰ ਬੀਐਲ ਸੰਤੋਸ਼ ਦੀ ਅਗਵਾਈ ਵਿੱਚ ਸੰਗਠਨ ਦੀ ਬੈਠਕ ਹੋਈ। ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸਣੇ ਤਮਾਮ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਮੀਟਿੰਗ ਵਿੱਚ ਕਈ ਅਹਿਮ ਵਿਚਾਰਾਂ ਹੋਈਆਂ ਹਨ। ਜੋ ਪੰਜਾਬ ਵਿੱਚ ਅੱਜ ਹਲਾਤ ਬਣੇ ਹੋਏ ਹਨ ਉਹ ਕਿਸੇ ਤੋਂ ਲੁਕੇ ਨਹੀਂ। ਭਾਜਪਾ ਵਰਕਰਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਭਾਜਪਾ ਦੇ ਚੰਗੇ ਕੰਮ ਜੋ ਸਮਾਜ ਲਈ ਕੀਤੇ ਜਾ ਰਹੇ ਨੇ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਜ਼ਰੂਰ ਦੱਸੋ। ਬੂਥ ਪੱਧਰ ਉੱਤੇ ਕਮੇਟੀਆਂ ਬਣਾਉਣ ਬਾਰੇ ਵੀ ਚਰਚਾ ਹੋਈ। ਸੀਨੀਅਰ ਆਗੂ ਅਤੇ ਵਰਕਰਾਂ ਦੇ ਵਿਚਕਾਰ ਤਾਲਮੇਲ ਬਿਠਾਉਣ ਲਈ ਲਗਾਤਾਰ ਬੈਠਕਾਂ ਕਰਨ ਬਾਰੇ ਵੀ ਨਿਰਦੇਸ਼ ਦਿੱਥੇ ਗਏ ਹਨ।
'117 ਸੀਟਾਂ ਉੱਤੇ ਲੜੇਗੀ ਭਾਜਪਾ'
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੱਘ ਢਿੱਲੋਂ ਨੇ ਕਿਹਾ ਕਿ, 'ਅੱਜ ਸੰਗਠਨ ਦੀ ਅਹਿਮ ਬੈਠਕ ਹੋਈ ਹੈ। ਕਈ ਅਹਿਮ ਵਿਚਾਰਾਂ ਹੋਈਆਂ ਹਨ। ਸੰਗਠਨ ਨੂੰ ਮਜ਼ਬੂਤ ਕਰਨ ਉੱਤੇ ਚਰਚਾ ਹੋਈ ਹੈ। 2027 ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੂਰੀ ਤਿਆਰ ਹੈ ਅਤੇ ਭਾਜਪਾ 117 ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇਗੀ। ਗਠਜੋੜ ਦੀ ਕੋਈ ਚਰਚਾ ਨਹੀਂ ਹੈ ਅਤੇ ਪੰਜਾਬ ਵਿੱਚ ਭਾਜਪਾ 117 ਸੀਟਾਂ ਉੱਤੇ ਤਿਆਰੀ ਕਰ ਰਹੀ ਹੈ।'
'ਪੰਜਾਬ ਵਿੱਚ ਭਾਜਪਾ ਸਾਰੀਆਂ ਸੀਟਾਂ ਉੱਤੇ ਤਿਆਰੀ ਕਰ ਰਹੀ'
ਹਾਲਾਂਕਿ ਇਸ ਦੌਰਾਨ ਭਾਜਪਾ ਦੇ ਸਕੱਤਰ ਨੂੰ ਬੀਐਲ ਸੰਤੋਸ਼ ਮੀਡੀਆ ਤੋਂ ਵੀ ਦੂਰੀ ਬਣਾਉਂਦੇ ਹੋਏ ਵਿਖਾਈ ਦਿੱਤੇ, ਕਈ ਵਾਰ ਸਵਾਲ ਕੀਤੇ ਜਾਣ ਦੇ ਬਾਵਜੂਦ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਭਾਜਪਾ ਆਗੂ ਐਚਐਸ ਫੂਲਕਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 'ਅੱਜ ਭਾਜਪਾ ਦੀ ਸੰਗਠਨ ਮੀਟਿੰਗ ਦੀ ਅਗਵਾਈ ਕਰ ਰਹੇ ਬੀਐਲ ਸੰਤੋਸ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਭਾਜਪਾ 117 ਵਿਧਾਨ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇਗੀ।'
'ਹਰਸਿਰਤ ਕੌਰ ਬਾਦਲ ਦੇ ਗਠਜੋੜ ਸਬੰਧੀ ਬੋਲ'
ਦੱਸ ਦਈਏ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਸਿੱਧੇ ਸ਼ਬਦਾਂ ਵਿੱਚ ਅਕਾਲੀ ਭਾਜਪਾ ਗਠਜੋੜ ਬਾਰੇ ਕਿਹਾ ਸੀ ਕਿ "ਮੈਂ ਆਪਣੀ ਜ਼ੁਬਾਨ ਦੱਬ ਲੈਂਦੀ ਹਾਂ। ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ। ਗੁਰੂ ਸਾਹਿਬ ਕਿਰਪਾ ਕਰਨ। ਸਾਨੂੰ ਲੋਕੀ ਬਲ ਬਖਸ਼ਣ। ਇਹੋ ਜਿਹੇ ਸਮਝੌਤੇ ਹੋਣ। ਜਿਵੇਂ ਦਿੱਲੀ ਤੋਂ ਤੁਹਾਡੇ ਵਿਕਾਸ ਅਤੇ ਤਰੱਕੀ ਦੇ ਕੰਮ ਹੁੰਦੀ ਸੀ। ਇੱਕ ਵਾਰ ਫਿਰ ਉਹ ਵਿਕਾਸ ਅਤੇ ਤਰੱਕੀ ਦੀ ਪੰਜਾਬ ਵਿੱਚ ਨੀਂਹ ਰੱਖੀ ਜਾਵੇ। ਜਿਸ ਨਾਲ ਲੋਕਾਂ ਅਤੇ ਪੰਜਾਬ ਦਾ ਫਾਇਦਾ ਹੋਵੇ।"
ਸੁਖਬੀਰ ਬਾਦਲ ਦੀ ਪੀਐਮ ਮੋਦੀ ਨਾਲ ਮੁਲਾਕਾਤ
ਜ਼ਿਕਰਯੋਗ ਹੈ ਕਿ ਪਿਛਲੇ 7 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਵਿਖੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਮੁਲਾਕਾਤ ਨੇ ਅਕਾਲੀ-ਭਾਜਪਾ ਗਠਜੋੜ ਦੇ ਮੁੜ ਸੁਰਜੀਤ ਹੋਣ ਦੀਆਂ ਕਿਆਸਰਾਈਆਂ ਨੂੰ ਹਵਾ ਦਿੱਤੀ ਹੈ। ਇਸ ਮੁਲਾਕਾਤ ਮਗਰੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2027 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਮੁੜ ਇੱਕ ਮੰਚ ਉੱਤੇ ਇਕੱਠੇ ਹੋ ਸਕਦੇ ਹਨ। ਭਾਵੇਂ ਮੁਲਾਕਾਤ ਮਗਰੋਂ ਅਕਾਲੀ ਭਾਜਪਾ ਗਠਜੋੜ ਦੀ ਕਿਸੇ ਨੇ ਵੀ ਕੋਈ ਪੁਸ਼ਟੀ ਨਹੀਂ ਕੀਤੀ ।
'ਪੀਐਮ ਮੋਦੀ ਦਾ ਪੰਜਾਬ ਦੌਰੇ ਦੌਰਾਨ ਵੱਡਾ ਬਿਆਨ'
ਹਾਲਾਂਕਿ ਜੁਲਾਈ ਮਹੀਨੇ ਪੰਜਾਬ ਦੌਰੇ ਉੱਤੇ ਆਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਲੰਧਰ ਵਿੱਚ ਭਾਜਪਾ ਦੀ ਰੈਲੀ ਦੌਰਾਨ ਸੂਬੇ ਦੀ ਸਿਆਸਤ ਵਿੱਚ ਆਪਣੇ ਬਿਆਨ ਨਾਲ ਭੁਚਾਲ ਲਿਆ ਦਿੱਤਾ ਸੀ। ਪੀਐਮ ਮੋਦੀ ਨੇ ਪੰਜਾਬ ਵਿੱਚ ਆਪਣੀ ਸਾਬਕਾ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਤੇ ਸਿੱਧਾ ਅਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਨਿੱਜੀ ਸੁਆਰਥਾਂ ਵਿੱਚ ਫਸੀ ਪਾਰਟੀ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦੀ ਸਿਆਸਤ ਤੋਂ ਤੰਗ ਆ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਅਕਾਲੀ ਦਲ ਤੋਂ ਬਿਨਾਂ ਇਕੱਲੇ ਦਮ 'ਤੇ ਅੱਗੇ ਵਧਣ ਦਾ ਪੂਰਾ ਮਨ ਬਣਾ ਚੁੱਕੀ ਹੈ।
'ਸੁਖਬੀਰ ਬਾਦਲ ਨੇ ਦਿੱਤਾ ਸੀ ਸਪੱਸ਼ਟੀਕਰਨ'
ਹਾਲਾਂਕਿ ਪ੍ਰਧਾਨ ਮੰਤਰੀ ਦੇ ਇਸ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਕੁਝ ਨਹੀਂ ਕਿਹਾ। ਪ੍ਰਧਾਨ ਮੰਤਰੀ ਦਾ ਇਸ਼ਾਰਾ ਅਕਾਲੀ ਦਲ ਦੇ ਬਾਗੀ ਧੜੇ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵੱਲ ਸੀ, ਜੋ ਆਪਣੇ ਨਿੱਜੀ ਹਿੱਤਾਂ ਵਿੱਚ ਉਲਝਿਆ ਹੋਇਆ ਹੈ।

