ETV Bharat / politics

ਕੁਸ਼ਤੀ ਮਗਰੋਂ ਸਿਆਸੀ ਦੰਗਲ 'ਚ ਜੱਸਾ ਪੱਟੀ ਨੇ ਮਾਰੀ ਛਾਲ, 'ਆਪ' ਦਾ ਫੜਿਆ ਪੱਲਾ

ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ।

Rustom-e-Hind Jassa Patti
ਪਹਿਲਵਾਨ ਜੱਸਾ ਪੱਟੀ 'ਆਪ' 'ਚ ਸ਼ਾਮਲ (X@AAPPunjab)
author img

By ETV Bharat Punjabi Team

Published : April 28, 2026 at 5:13 PM IST

2 Min Read
Choose ETV Bharat

ਚੰਡੀਗੜ੍ਹ: ਕੁਸ਼ਤੀ ਜਗਤ ਦੇ ਮਸ਼ਹੂਰ ਚਿਹਰੇ ‘ਜੱਸਾ ਪੱਟੀ’ ਵਜੋਂ ਜਾਣੇ ਜਾਂਦੇ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਨੇ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਰਾਜਨੀਤਿਕ ਹਲਕਿਆਂ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਸ਼ਮੂਲੀਅਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਹੋਈ, ਜਿਸ ਨਾਲ ਖੇਡ ਅਤੇ ਰਾਜਨੀਤੀ ਦਾ ਇਕ ਨਵਾਂ ਅਧਿਆਇ ਖੁੱਲ੍ਹਿਆ ਹੈ|

ਸਾਥੀਆਂ ਸਮੇਤ ਜੱਸਾ ਪੱਟੀ 'ਆਪ' 'ਚ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜੱਸਾ ਪੱਟੀ ਅਤੇ ਉਨ੍ਹਾਂ ਦੀ ਟੀਮ ਦਾ ਪਾਰਟੀ ਵਿੱਚ ਤਹਿ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਜਜ਼ਬੇ ਨਾਲ ਪੰਜਾਬ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਿਹਨਤੀ ਅਤੇ ਸਮਰਪਿਤ ਖਿਡਾਰੀਆਂ ਦੀ ਰਾਜਨੀਤੀ ਵਿੱਚ ਆਮਦ ਸਮਾਜ ਲਈ ਇਕ ਸਕਾਰਾਤਮਕ ਸੰਕੇਤ ਹੈ। ਮਾਨ ਨੇ ਇਹ ਵੀ ਉਮੀਦ ਜਤਾਈ ਕਿ ਜੱਸਾ ਪੱਟੀ ਭਵਿੱਖ ਵਿੱਚ ਵੀ ਦੇਸ਼ ਅਤੇ ਸਮਾਜ ਦੀ ਭਲਾਈ ਲਈ ਪੂਰੀ ਲਗਨ ਨਾਲ ਕੰਮ ਕਰਦੇ ਰਹਿਣਗੇ।

ਮੁੱਖ ਮੰਤਰੀ ਮਾਨ ਵੱਲੋਂ ਸਵਾਗਤ

ਐਕਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ,"ਪੰਜਾਬ ਦੇ ਗੌਰਵ ਅਤੇ 'ਰੁਸਤਮ-ਏ-ਹਿੰਦ' ਜੱਸਾ ਪੱਟੀ ਜੀ ਦਾ ਆਮ ਆਦਮੀ ਪਾਰਟੀ ਵਿੱਚ ਨਿੱਘਾ ਸਵਾਗਤ ਹੈ। ਉਹਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ 'ਰੰਗਲਾ ਪੰਜਾਬ' ਸਿਰਜਣ ਦੇ ਸਾਡੇ ਸੰਕਲਪ ਨੂੰ ਹੋਰ ਬਲ ਮਿਲੇਗਾ। ਪਾਰਟੀ ਦੀ ਵਿਚਾਰਧਾਰਾ ਅਤੇ ਲੋਕ ਸੇਵਾ ਦੇ ਜਜ਼ਬੇ ਨਾਲ ਜੁੜ ਕੇ, ਅਸੀਂ ਮਿਲ ਕੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾਵਾਂਗੇ। ਖੇਡ ਜਗਤ ਵਿੱਚ ਉਹਨਾਂ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਨਾ ਹੈ। ਜੱਸਾ ਪੱਟੀ ਜੀ ਦੇ ਸਾਥ ਨਾਲ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਅਤੇ ਸਿਹਤਮੰਦ ਜੀਵਨ ਵੱਲ ਮੋੜਨ ਦੀ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ।"

ਆਮ ਆਦਮੀ ਪਰਿਵਾਰ ਦਾ ਹਿੱਸਾ

ਪਹਿਲਵਾਨ ਜੱਸਾ ਪੱਟੀ ਨੇ 'ਆਪ' 'ਚ ਸ਼ਾਮਲ ਹੋਣ 'ਤੇ ਕਿਹਾ ਕਿ "ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਂ ਆਮ ਆਦਮੀ ਪਰਿਵਾਰ ਦਾ ਹਿੱਸਾ ਬਣਿਆ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ 20 ਸਾਲ ਮੈਂ ਆਪਣੀ ਕੁਸ਼ਤੀ, ਖੇਡਾਂ ਅਤੇ ਪੰਜਾਬ ਨੂੰ ਦਿੱਤੇ ਹਨ ਅਤੇ ਤਨ-ਮਨ ਨਾਲ ਪੰਜਾਬ ਦੀ ਮਿੱਟੀ ਦੀ ਅਤੇ ਖੇਡਾਂ ਦੀ ਸੇਵਾ ਕੀਤੀ ਹੈ। ਲੋਕਾਂ ਨੇ ਅਤੇ ਕੁਸ਼ਤੀ ਨੇ ਮੈਨੂੰ ਇਥੇ ਤੱਕ ਪਹੁੰਚਾਇਆ ਅਤੇ ਹੁਣ ਮੇਰਾ ਵੀ ਇਖਲਾਕੀ ਫ਼ਰਜ਼ ਸੀ ਕਿ ਮੈਂ ਵੀ ਆਪਣੇ ਪੰਜਾਬ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਯੋਗਦਾਨ ਪਾਵਾਂ। ਜਦੋਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਇਸ ਕੰਮ 'ਚ ਤੁਹਾਡੇ ਨਾਲ ਹੈ। ਉਹ ਵੀ ਖੇਡਾਂ ਨੂੰ ਲੈਕੇ ਬਹੁਤ ਸੀਰੀਅਸ ਹਨ ਅਤੇ ਉਨ੍ਹਾਂ ਨਾਲ ਲੰਬੀ-ਚੌੜੀ ਗੱਲਬਾਤ ਤੋਂ ਬਾਅਦ ਮੈਂ ਇਸ ਪਾਰਟੀ ਦਾ ਹਿੱਸਾ ਬਣਿਆ ਹਾਂ।"

ਰਾਜਨੀਤੀ ਵਿੱਚ ਖਿਡਾਰੀਆਂ ਦੀ ਵਧਦੀ ਭੂਮਿਕਾ

ਮਾਹਿਰਾਂ ਦੇ ਮੁਤਾਬਿਕ ਖਿਡਾਰੀਆਂ ਦਾ ਰਾਜਨੀਤੀ ਵਿੱਚ ਦਾਖਲਾ ਲੋਕਾਂ ਨਾਲ ਸਿੱਧੀ ਜੁੜਤ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਜੱਸਾ ਪੱਟੀ ਦੀ ਇਹ ਸ਼ਮੂਲੀਅਤ ਵੀ ਇਸ ਰੁਝਾਨ ਨੂੰ ਹੋਰ ਮਜ਼ਬੂਤ ਕਰਦੀ ਦਿਖ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਕਿੰਨਾ ਪ੍ਰਭਾਵ ਛੱਡਦੇ ਹਨ ਅਤੇ ਸਮਾਜਿਕ ਬਦਲਾਅ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ। ਜ਼ਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਕਬੱਡੀ ਦੇ ਮਸ਼ਹੂਰ ਖਿਡਾਰੀ ਪਾਲਾ ਜਲਾਲਪੁਰ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ।