'ਇਕੱਠੇ ਹੀ ਲੜਾਂਗੇ ਚੋਣਾਂ'- ਅਕਾਲੀ-ਭਾਜਪਾ ਗੱਠਜੋੜ ’ਤੇ ਆਗੂ ਦਾ ਵੱਡਾ ਬਿਆਨ
ਅਕਾਲੀ ਦਲ ਪੁਨਰ ਸੁਰਜੀਤ ਅਤੇ ਭਾਜਪਾ ਵਿਚਕਾਰ ਸੰਭਾਵੀ ਗਠਜੋੜ ਬਾਰੇ ਚਰਚਾਵਾਂ ਵਿਚਕਾਰ ਅਜਨਾਲਾ ਤੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ।

Published : August 31, 2026 at 8:16 PM IST
ਅੰਮ੍ਰਿਤਸਰ: ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਭਾਜਪਾ ਦੇ ਸੰਭਾਵਿਤ ਗੱਠਜੋੜ ਨੂੰ ਲੈ ਕੇ ਚਰਚਾਵਾਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਇਸੇ ਦਰਮਿਆਨ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਕੋਆਰਡੀਨੇਟਰ ਡਾਕਟਰ ਰਤਨ ਸਿੰਘ ਅਜਨਾਲਾ ਦੀ ਪ੍ਰੈੱਸ ਕਾਨਫਰੰਸ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਖਾਸ ਗੱਲ ਇਹ ਰਹੀ ਕਿ ਪ੍ਰੈੱਸ ਕਾਨਫਰੰਸ ਦੇ ਪਿੱਛੇ ਭਾਜਪਾ ਦਾ ਬੋਰਡ ਵੀ ਨਜ਼ਰ ਆਇਆ, ਜਿਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।
ਡਾਕਟਰ ਰਤਨ ਸਿੰਘ ਅਜਨਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਹਲਕਾ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪਣ ਲਈ ਗਿਆਨੀ ਸਿੰਘ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਅਕਾਲੀ ਦਲ ਦੀ ਰਣਨੀਤੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।
"ਦੋਵੇਂ ਪਾਰਟੀਆਂ ਇਕੱਠੇ ਹੋ ਕੇ ਚੋਣਾਂ ਲੜਨਗੀਆਂ"
ਅਕਾਲੀ ਦਲ ਪੁਨਰ ਸੁਰਜੀਤ ਅਤੇ ਭਾਜਪਾ ਦੇ ਗੱਠਜੋੜ ਸਬੰਧੀ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ "ਦੋਵੇਂ ਪਾਰਟੀਆਂ ਇਕੱਠੇ ਹੋ ਕੇ ਚੋਣਾਂ ਲੜਨਗੀਆਂ। ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਵੱਲੋਂ ਜੋ ਗੱਲ ਕਹੀ ਗਈ ਹੈ। ਰਤਨ ਸਿੰਘ ਅਜਨਾਲਾ ਨੇ ਪੰਜਾਬ ਦੇ ਪਿਛਲੇ 10-15 ਸਾਲਾਂ ਦੇ ਹਾਲਾਤ ’ਤੇ ਵੀ ਚਿੰਤਾ ਜ਼ਾਹਰ ਕੀਤੀ। ਇਸ ਸਮੇਂ ਦੌਰਾਨ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਇਸ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਨਸ਼ਿਆਂ ਦੀ ਸਮੱਸਿਆ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਸ਼ੇ ਖ਼ਤਮ ਕਰਨ ਦਾ ਨਾਅਰਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵੀ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਗਏ, ਪਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਅਜੇ ਵੀ ਗੰਭੀਰ ਬਣੀ ਹੋਈ ਹੈ।"
"ਅਕਾਲੀ ਦਲ (ਪੁਨਰ ਸੁਰਜੀਤ)-ਭਾਜਪਾ ਗੱਠਜੋੜ ਦੀ ਗੱਲਬਾਤ ਤਾਂ ਚੱਲ ਰਹੀ ਹੈ, ਇਹ ਜਲਦੀ ਹੋਵੇਗਾ ਜਾਂ ਲੇਟ ਫਿਲਹਾਲ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।"- ਡਾ. ਰਤਨ ਸਿੰਘ ਅਜਨਾਲਾ
"ਅਕਾਲੀ ਦਲ ਪੁਨਰ ਸੁਰਜੀਤ ਅਜਨਾਲਾ ਹਲਕੇ ਵਿੱਚ ਇੱਕ ਹੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇਗਾ"
ਰਤਨ ਸਿੰਘ ਅਜਨਾਲਾ ਨੇ ਇਹ ਵੀ ਕਿਹਾ ਕਿ ਅੱਜ ਦਾ ਵੋਟਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਜਾਗਰੂਕ ਅਤੇ ਸਮਝਦਾਰ ਹੋ ਚੁੱਕਾ ਹੈ। ਸੋਸ਼ਲ ਮੀਡੀਆ ਅਤੇ ਆਧੁਨਿਕ ਤਕਨਾਲੋਜੀ ਦੇ ਦੌਰ ਵਿੱਚ ਕੋਈ ਵੀ ਗੱਲ ਲੋਕਾਂ ਤੋਂ ਲੁਕਾਉਣੀ ਆਸਾਨ ਨਹੀਂ ਰਹੀ ਅਤੇ ਹਰ ਮੁੱਦਾ ਤੁਰੰਤ ਲੋਕਾਂ ਤੱਕ ਪਹੁੰਚ ਜਾਂਦਾ ਹੈ। ਅਕਾਲੀ ਦਲ ਅਜਨਾਲਾ ਹਲਕੇ ਵਿੱਚ ਇੱਕ ਹੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇਗਾ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਦਿਨ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਵੇਗਾ, ਉਸ ਦਿਨ ਲੋਕ ਖੁੱਲ੍ਹ ਕੇ ਆਪਣੀ ਗੱਲ ਸਾਹਮਣੇ ਰੱਖਣਗੇ। ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਸਬੰਧੀ ਦਿੱਤੇ ਗਏ ਬਿਆਨਾਂ ਅਤੇ ਪਿੱਛੇ ਨਜ਼ਰ ਆ ਰਹੇ ਭਾਜਪਾ ਦੇ ਬੋਰਡ ਨੂੰ ਲੈ ਕੇ ਅਜਨਾਲਾ ਦੀ ਸਿਆਸਤ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ:

