ਪੰਜਾਬ ਦੀ ਰਾਜਨੀਤੀ 'ਤੇ ਪੰਥਕ ਮਸਲੇ ਭਾਰੂ, ਜਾਣੋ ਕੀ ਕਹਿੰਦੇ ਮਾਹਿਰ
ਪੰਜਾਬ ਦੀ ਸਿਆਸਤ 'ਚ ਪੰਥਕ ਮਸਲੇ ਅਕਸਰ ਹੀ ਸਰਗਰਮ ਰਹੇ ਹਨ ਤੇ ਹਰ ਸਿਆਸੀ ਧਿਰ ਖੁਦ ਨੂੰ ਉੱਪਰ ਚੁੱਕਣ ਲਈ ਇਨ੍ਹਾਂ ਦਾ ਸਹਾਰਾ ਲੈਂਦੀ ਹੈ।

Published : January 8, 2026 at 8:53 PM IST
ਬਠਿੰਡਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2027 ਵਿੱਚ ਹੋਣ ਜਾ ਰਹੀਆਂ ਹਨ। ਭਾਵੇਂ ਇਹਨਾਂ ਚੋਣਾਂ ਵਿੱਚ ਕਰੀਬ ਇੱਕ ਸਾਲ ਦਾ ਸਮਾਂ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਦੀਆਂ ਸਰਗਰਮ ਰਾਜਨੀਤਿਕ ਪਾਰਟੀਆਂ ਵੱਲੋਂ ਜੋੜ-ਤੋੜ ਦੀ ਰਾਜਨੀਤੀ ਦੇ ਨਾਲ-ਨਾਲ ਪੰਥਕ ਮੁੱਦਿਆਂ 'ਤੇ ਵੀ ਜ਼ੋਰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਇਸ ਕਾਰਨ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਹੁਣ ਪੰਥਕ ਮਸਲਿਆਂ ਨੂੰ ਲੈ ਕੇ ਜਿੱਥੇ ਇੱਕ ਦੂਸਰੇ ਉੱਪਰ ਦੂਸ਼ਣਬਾਜੀ ਕਰ ਰਹੀਆਂ ਹਨ, ਉਥੇ ਹੀ ਇਨ੍ਹਾਂ ਮਸਲਿਆਂ ਨੂੰ ਉਛਾਲ ਕੇ ਆਪਣੀ ਸਿਆਸੀ ਜ਼ਮੀਨ ਨੂੰ ਪੱਧਰਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਦੀ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਹੀ ਪੰਥਕ ਮਸਲਿਆਂ ਨੂੰ ਲੈ ਕੇ ਹਰ ਰਾਜਨੀਤਿਕ ਪਾਰਟੀ ਵੱਲੋਂ ਰਾਜਨੀਤੀ ਕੀਤੀ ਜਾਂਦੀ ਰਹੀ ਹੈ। ਉਥੇ ਹੀ ਕਈ ਪੰਥਕ ਮਸਲੇ ਸਿਆਸੀ ਪਾਰਟੀਆਂ ਲਈ ਅਜਿਹੇ ਦਾਗ ਸਾਬਤ ਹੋਏ ਹਨ ਜੋ ਨਾ ਚਾਹੁੰਦੇ ਹੋਈ ਵੀ ਸਿਆਸੀ ਪਾਰਟੀਆਂ ਵੱਲੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਧੋਤੇ ਨਹੀਂ ਜਾ ਸਕੇ।
ਲਾਪਤਾ ਸਰੂਪਾਂ ਦੀ ਜਾਂਚ ਤੇ ਸੀਐਮ ਤਲਬ
ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪ ਦੇ ਮਾਮਲੇ ਵਿੱਚ ਲਗਾਤਾਰ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ 328 ਸਰੂਪਾਂ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ, ਉੱਥੇ ਹੀ ਕੁਝ ਗ੍ਰਿਫਤਾਰੀਆਂ ਦੇ ਨਾਲ-ਨਾਲ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਮਸਲੇ ਦੇ ਤੇਜ਼ੀ ਨਾਲ ਉਭਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੂਬਾ ਸਰਕਾਰ ਆਹਮੋ ਸਾਹਮਣੇ ਨਜ਼ਰ ਆ ਰਹੇ ਹਨ। ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰੇਤ ਵਿਖੇ ਤਲਬ ਕੀਤਾ ਗਿਆ ਹੈ। ਜੇਕਰ ਦੋਵੇਂ ਮਸਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਮਸਲੇ ਕਰੀਬ ਪੰਜ-ਛੇ ਸਾਲ ਪੁਰਾਣੇ ਹਨ ਪਰ ਇਸ ਦਾ ਅਸਰ ਹੁਣ ਪੰਜਾਬ ਦੀ ਮੌਜੂਦਾ ਰਾਜਨੀਤੀ ਉੱਪਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।
ਪੰਜਾਬ ਦੀ ਰਾਜਨੀਤੀ 'ਤੇ ਡੂੰਘਾ ਅਸਰ
ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ "ਪੰਜਾਬ ਸਰਕਾਰ ਵੱਲੋਂ ਜੋ 328 ਸਰੂਪ ਲਾਪਤਾ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਨੂੰ ਤਲਬ ਕੀਤਾ ਗਿਆ ਹੈ, ਇਸ ਨਾਲ ਪੰਜਾਬ ਦੀ ਰਾਜਨੀਤੀ ਉੱਪਰ ਕਾਫੀ ਡੂੰਘਾ ਅਸਰ ਹੋਵੇਗਾ। ਇਸ ਮਸਲੇ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ 'ਤੇ ਇੱਕ ਦੂਸਰੇ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ, ਉਥੇ ਹੀ 15 ਜਨਵਰੀ ਤੋਂ ਬਾਅਦ ਇਸ ਮਾਮਲੇ ਦੇ ਹੋਰ ਭਖਣ ਦੇ ਆਸਾਰ ਹਨ। ਜਿਸ ਦਾ ਅਸਰ ਪੰਜਾਬ ਦੀ ਅਮਨ ਅਤੇ ਸ਼ਾਂਤੀ 'ਤੇ ਪੈਣ ਵੀ ਸੰਭਾਵਣਾ ਨੂੰ ਨਕਾਰਿਆ ਨਹੀਂ ਜਾ ਸਕਦਾ।"
ਪੰਜਾਬ ਵਿੱਚ ਪਹਿਲਾਂ ਵੀ ਅਜਿਹੇ ਮਸਲੇ ਜੋ ਸਿੱਖ ਪੰਥ ਨਾਲ ਜੁੜੇ ਹੋਏ ਸਨ, ਉਨ੍ਹਾਂ ਨੂੰ ਜਦੋਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਸਿਆਸੀ ਹਿੱਤ ਲਈ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਪੰਜਾਬ ਦੇ ਹਾਲਾਤ ਗੰਭੀਰ ਹੋਏ ਸਨ। ਰਾਜਨੀਤੀ ਵਿੱਚ ਧਰਮ ਦਾ ਸਥਾਨ ਸਭ ਤੋਂ ਉੱਪਰ ਹੈ ਅਤੇ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਿਤ ਕੋਈ ਵੀ ਮਸਲਾ ਉੱਠਦਾ ਹੈ ਤਾਂ ਇਸ ਦਾ ਅਸਰ ਪੂਰੇ ਪੰਜਾਬ 'ਤੇ ਪੈਂਦਾ ਹੈ। ਜਿਸ ਤਰ੍ਹਾਂ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤਾਂ ਸੂਬਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਗੱਲਾਂ ਨਾਲ ਪੰਜਾਬ ਦੀ ਰਾਜਨੀਤੀ ਉੱਪਰ ਅਸਰ ਪਵੇ ਨਾ ਪਵੇ ਪਰ ਆਮ ਲੋਕਾਂ ਦੇ ਮਨਾਂ ਵਿੱਚ ਇਸ ਦਾ ਗਹਿਰਾ ਅਸਰ ਹੁੰਦਾ ਹੈ। - ਚੰਦਰ ਪ੍ਰਕਾਸ਼, ਸੀਨੀਅਰ ਪੱਤਰਕਾਰ,ਬਠਿੰਡਾ
ਕਾਂਗਰਸ ਅਤੇ ਅਕਾਲੀ ਦਲ 'ਤੇ ਭਾਰੂ
ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ "ਪੰਜਾਬੀ ਧਰਮ ਦੇ ਮੁੱਦੇ ਨੂੰ ਲੈ ਕੇ ਬੜੇ ਸੰਜੀਦਾ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਧਾਰਮਿਕ ਮੁੱਦਿਆਂ 'ਤੇ ਰਾਜਨੀਤੀ ਕਰਨਾ ਅੱਗ ਨਾਲ ਖੇਡਣਾ ਹੈ। ਉਹਨਾਂ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਧਾਰਮਿਕ ਮੁੱਦਿਆਂ ਨੂੰ ਬਹੁਤੀ ਹਵਾ ਨਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕਰਵਾਇਆ ਗਿਆ, ਬਲੈਕ ਥੰਡਰ ਜਿਹੇ ਆਪਰੇਸ਼ਨ ਕੀਤੇ ਗਏ, ਜਿਸ ਦੇ ਨਤੀਜੇ ਹਾਲੇ ਤੱਕ ਕਾਂਗਰਸ ਭੁਗਤ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਅਤੇ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਭੁਗਤ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਧਾਰਮਿਕ ਮੁੱਦਿਆਂ ਨੂੰ ਉਛਾਲਣ ਦੀ ਬਜਾਏ ਇਸ 'ਤੇ ਸੰਜੀਦਾ ਨਾਲ ਕੋਈ ਬਿਆਨਬਾਜ਼ੀ ਕਰਨ। ਇਹਨਾਂ ਬਿਆਨਬਾਜ਼ੀਆਂ ਦਾ ਅਸਰ ਪੰਜਾਬ ਦੀਆਂ 2027 ਦੀਆਂ ਚੋਣਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜੇਕਰ ਇਸ ਦ ਸਾਰਥਕ ਨਤੀਜੇ ਨਾ ਨਿਕਲੇ ਤਾਂ ਇਸ ਦਾ ਆਮ ਆਦਮੀ ਪਾਰਟੀ ਨੂੰ ਵੱਡਾ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ।"
ਹੋਰ ਵੀ ਬਹੁਤ ਧਾਰਮਿਕ ਮੁੱਦੇ
ਉੱਘੇ ਸਿੱਖ ਚਿੰਤਕ ਅਤੇ ਲੇਖਕ ਜਸਕਰਨ ਸਿੰਘ ਸਿਵੀਆ ਨੇ ਕਿਹਾ ਕਿ ਲਾਪਤਾ ਹੋਏ 328 ਸਰੂਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਜਾਣਾ, ਦੋਵੇਂ ਹੀ ਮਾਮਲੇ ਪੁਰਾਣੇ ਹਨ ਪਰ ਇਹਨਾਂ ਮਾਮਲਿਆਂ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਢੰਗ ਨਾਲ ਉਛਾਲਿਆ ਜਾ ਰਿਹਾ ਹੈ, ਉਸ ਤੋਂ ਸਾਫ਼ ਜਾਹਿਰ ਹੈ ਕਿ ਇਹ ਮੁੱਦੇ ਉਛਾਲ ਕੇ ਪੰਜਾਬ ਦੇ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਹਨਾਂ ਮੁੱਦਿਆਂ ਤੋਂ ਇਲਾਵਾ ਧਾਰਮਿਕ ਹੋਰ ਵੀ ਬਹੁਤ ਮੁੱਦੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ।
ਪੰਜਾਬ ਲਈ ਰਾਜਨੀਤੀ ਤੋਂ ਉੱਪਰ ਪੰਥ
ਲੇਖਕ ਜਸਕਰਨ ਸਿੰਘ ਸਿਵੀਆ ਨੇ ਕਿਹਾ ਕਿ "ਇਹ ਪੰਜਾਬ ਵਿੱਚ ਪਹਿਲਾ ਮੁੱਦਾ ਨਹੀਂ ਹੈ, ਜਿਸ ਨੂੰ ਕੋਈ ਰਾਜਨੀਤਿਕ ਪਾਰਟੀ ਵੱਲੋਂ ਇਸ ਤਰ੍ਹਾਂ ਉਛਾਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਹੋਵੇ, ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, 1984 ਦਾ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਬਲੈਕ ਥੰਡਰ ਜਿਹੇ ਆਪਰੇਸ਼ਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਿਰਦੋਸ਼ ਸਿੱਖਾਂ ਦੇ ਕਤਲੇਆਮ ਜਿਹੇ ਮੁੱਦੇ ਪੰਜਾਬ ਦੀ ਰਾਜਨੀਤੀ ਵਿੱਚ ਗਰਮਾਉਂਦੇ ਰਹੇ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਮੁੱਦਿਆਂ ਨੂੰ ਹਵਾ ਨਹੀਂ ਦੇਣੀ ਚਾਹੀਦੀ, ਜੋ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਕਿਉਂਕਿ ਪੰਜਾਬ ਦੇ ਲੋਕਾਂ ਲਈ ਰਾਜਨੀਤੀ ਤੋਂ ਉੱਪਰ ਪੰਥ ਹੈ ਅਤੇ ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਵੇ। ਭਾਵੇਂ ਉਹ ਪੰਜਾਬ ਦੀ ਪੰਥਕ ਕਹਾਉਣ ਵਾਲੀ ਕੋਈ ਰਾਜਨੀਤਿਕ ਧਿਰ ਹੋਵੇ।"
ਪਿਛਲੇ ਇੱਕ ਦਹਾਕੇ ਦੌਰਾਨ ਪੰਜਾਬ ਦੀ ਪੰਥ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ ਹਨ, ਉਹਨਾਂ ਹਲਾਤਾਂ ਲਈ ਕਿਤੇ ਨਾ ਕਿਤੇ ਪੰਥਕ ਮੁੱਦੇ ਭਾਰੀ ਰਹੇ ਹਨ। ਮੌਜੂਦਾ ਸਰਕਾਰ ਨੂੰ ਵੀ ਉਹਨਾਂ ਹਾਲਾਤਾਂ ਤੋਂ ਸਬਕ ਲੈਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਸਿੱਖਾਂ ਦੇ ਕਤਲੇਆਮ ਨੇ ਪੰਜਾਬ ਦੀ ਰਾਜਨੀਤੀ ਵਿੱਚ ਅਜਿਹਾ ਭੁਚਾਲ ਲਿਆਂਦਾ ਸੀ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ 'ਤੇ ਚਲੀ ਗਈ ਸੀ। ਇਸ ਲਈ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਅਜਿਹੇ ਮੁੱਦਿਆਂ ਤੋਂ ਗਰੇਜ ਕਰਨਾ ਚਾਹੀਦਾ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਪੰਥ ਨਾਲ ਜੁੜੇ ਹੋਏ ਹਨ। - ਜਸਕਰਨ ਸਿੰਘ ਸਿਵੀਆ, ਉੱਘੇ ਸਿੱਖ ਚਿੰਤਕ ਅਤੇ ਲੇਖਕ
ਬੇਅਦਬੀ ਦੇ ਮੁੱਦੇ 'ਤੇ ਕਾਰਵਾਈ
ਸੀਨੀਅਰ ਪੱਤਰਕਾਰ ਅਨਿਲ ਵਰਮਾ ਦਾ ਕਹਿਣਾ ਹੈ ਕਿ "ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਤੇਜ਼ੀ ਨਾਲ ਉਭਾਰਨ ਕਾਰਨ ਸੱਤਾ ਵਿੱਚ ਆਈ ਸੀ। ਸੱਤਾ ਵਿੱਚ ਆਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖਾਂ ਦੇ ਕਤਲੇਆਮ ਮਾਮਲਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਓਨੀ ਤੇਜ਼ੀ ਨਾਲ ਕਾਰਵਾਈ ਨਹੀਂ ਕੀਤੀ ਗਈ, ਜਿੰਨੀ ਤੇਜ਼ੀ ਨਾਲ ਇਹਨਾਂ ਮੁੱਦਿਆਂ ਨੂੰ ਉਭਾਰਿਆ ਸੀ। ਇਸ ਕਾਰਨ ਆਮ ਲੋਕਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਵੱਡਾ ਰੋਸ ਹੈ। ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਹੋਣ ਜਾ ਰਹੀਆਂ ਹਨ, ਉਸ ਤੋਂ ਪਹਿਲਾਂ ਜਿਸ ਢੰਗ ਨਾਲ 328 ਲਾਪਤਾ ਸਰੂਪਾਂ ਦਾ ਮਾਮਲਾ ਉਭਾਰਿਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ, ਇਸ ਨੇ ਪੰਥਕ ਰਾਜਨੀਤੀ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਜਿਸ ਕਾਰਨ ਇਸ ਦਾ ਅਸਰ 2027 ਦੀਆਂ ਚੋਣਾਂ ਉੱਪਰ ਵੇਖਣ ਨੂੰ ਮਿਲ ਸਕਦਾ ਹੈ।"
ਪੰਥਕ ਮੁੱਦਿਆਂ 'ਤੇ ਲੋਕ ਸੰਜੀਦਾ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸਿਆਸੀ ਪਾਰਟੀ ਹੋਵੇ, ਉਹ ਬਿਨਾਂ ਪੰਥਕ ਮੁੱਦੇ ਤੋਂ ਸਫ਼ਲ ਨਹੀਂ ਹੋ ਸਕਦੀ ਪਰ ਕਈ ਪੰਥਕ ਮੁੱਦੇ ਅਜਿਹੇ ਵੀ ਹਨ ਜਿਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਭਵਿੱਖ ਨੂੰ ਧੁੰਦਲਾ ਕੀਤਾ ਹੈ। ਅਜਿਹੇ ਹਾਲਾਤਾਂ ਵਿੱਚ ਜੇਕਰ ਆਮ ਆਦਮੀ ਪਾਰਟੀ ਵੱਲੋਂ ਪੰਥਕ ਮੁੱਦਿਆਂ ਨੂੰ ਤੇਜ਼ੀ ਨਾਲ ਉਭਾਰਿਆ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਵੇਖਣ ਨੂੰ ਮਿਲੇਗੀ। ਭਾਵੇਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦਾ ਹੈ ਪਰ ਉਹਨਾਂ ਦੇ ਕਾਰਜਕਾਲ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਅਸਰ ਹਾਲੇ ਵੀ ਰਾਜਨੀਤੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 15 ਜਨਵਰੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਮੁੱਦੇ ਕਿਸ ਤਰ੍ਹਾਂ ਉਭਰਦੇ ਹਨ ਅਤੇ ਇਹਨਾਂ ਪੰਥਕ ਮੁੱਦਿਆਂ ਨੂੰ ਕਿਹੜੀ ਰਾਜਨੀਤਿਕ ਪਾਰਟੀ ਕਿਸ ਢੰਗ ਨਾਲ ਉਭਾਰਦੀ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਲੋਕ ਬੜੇ ਸੰਜੀਦਾ ਹਨ ਅਤੇ ਉਹਨਾਂ ਵੱਲੋਂ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਰਾਜਨੀਤਿਕ ਪਾਰਟੀਆਂ ਨੂੰ ਵੋਟ ਪਾਈ ਜਾਂਦੀ ਹੈ।
ਕਾਂਗਰਸ ਨਾਲ ਜੁੜਿਆ ਪੰਥਕ ਮੁੱਦਾ
ਪੰਜਾਬ ਦੇ ਕੁਝ ਅਜਿਹੇ ਧਾਰਮਿਕ ਮੁੱਦੇ ਹਨ, ਜਿਨ੍ਹਾਂ ਨੇ ਪੰਜਾਬ ਵਿਚਲੀ ਰਾਜਨੀਤਿਕ ਪਾਰਟੀਆਂ ਦੇ ਭਵਿੱਖ ਨੂੰ ਧੁੰਦਲਾ ਕੀਤਾ ਹੈ ਅਤੇ ਸਦਾ ਲਈ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਨਾਮ ਨਾਲ ਇਹ ਪੰਥਕ ਮੁੱਦੇ ਜੁੜ ਗਏ। ਜਦੋਂ ਵੀ ਪੰਜਾਬ ਵਿੱਚ ਵੋਟਾਂ ਆਈਆਂ ਤਾਂ ਇਹ ਮੁੱਦੇ ਤੇਜ਼ੀ ਨਾਲ ਉਭਾਰੇ ਗਏ ਹਨ। ਪੰਜਾਬ ਵਿੱਚ ਸਭ ਤੋਂ ਵੱਧ ਕਾਂਗਰਸ ਨੂੰ 1984 ਸ੍ਰੀ ਹਰਿਮੰਦਰ ਸਾਹਿਬ 'ਤੇ ਹੋਇਆ ਅਟੈਕ ਅਤੇ ਆਪਰੇਸ਼ਨ ਬਲੈਕ ਥੰਡਰ ਦੇ ਨਾਲ-ਨਾਲ ਸਿੱਖ ਗੁਰਦੁਆਰਾ ਸਾਹਿਬਾਨਾਂ 'ਤੇ ਫੌਜ ਵੱਲੋਂ ਹਮਲਾ ਕਰਨ ਦੇ ਮੁੱਦੇ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਭਾਵੇਂ ਇਹ ਮੁੱਦੇ ਹਰ ਵਾਰ ਪੰਥਕ ਹਲਕਿਆਂ ਵਿੱਚ ਹਲਚਲ ਪੈਦਾ ਕਰਦੇ ਰਹੇ ਅਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਮੁੱਦਿਆਂ ਨੂੰ ਤੇਜ਼ੀ ਨਾਲ ਉਭਾਰਿਆ ਗਿਆ ਅਤੇ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ, ਪਰ 1984 ਤੋਂ ਬਾਅਦ ਪੰਜਾਬ ਵਿੱਚ ਫਿਰ ਵੀ ਕਈ ਵਾਰ ਕਾਂਗਰਸ ਦੀ ਸਰਕਾਰ ਬਣੀ।
ਸ਼੍ਰੋਮਣੀ ਅਕਾਲੀ ਦਲ 'ਤੇ ਭਾਰੀ ਮੁੱਦੇ
ਇਸੇ ਤਰ੍ਹਾਂ ਸਾਲ 2012 ਤੋਂ 2017 ਤੱਕ ਪੰਜਾਬ ਵਿੱਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸਿੱਖ ਨੌਜਵਾਨਾਂ ਦੇ ਕਤਲੇਆਮ, ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਵਾਉਣ ਦਾ ਮੁੱਦਾ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਰਿਹਾ। ਇਹ ਮੁੱਦਾ ਸ਼੍ਰੋਮਣੀ ਅਕਾਲੀ ਦਲ ਲਈ ਇਸ ਹੱਦ ਤੱਕ ਭਾਰੀ ਰਿਹਾ ਕਿ 2017 ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚੋਂ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਆਊਟ ਹੋ ਗਿਆ ਸੀ ਅਤੇ ਇੱਕ ਹਾਸ਼ੀਏ 'ਤੇ ਚਲਾ ਗਿਆ ਸੀ ਅਤੇ ਇਹ ਮੁੱਦਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।
'ਆਪ' ਲਈ ਬਣ ਸਕਦਾ ਮੁਸੀਬਤ
ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 328 ਲਾਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੈ ਕੇ ਜਿਸ ਢੰਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਇਸ ਨੇ ਪੰਥਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਵੋਟ ਅਹਿਮ ਰੋਲ ਅਦਾ ਕਰਦੀ ਹੈ ਪਰ ਪੰਜਾਬ ਦੇ ਸਿੱਖ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੁਆਫ਼ ਨਹੀਂ ਕਰਦੇ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਸਮਾਂ ਹੀ ਦੱਸੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਹੋਣ ਤੋਂ ਬਾਅਦ ਕਿਹੋ ਜਿਹੇ ਹਾਲਾਤ ਪੰਜਾਬ ਦੀ ਰਾਜਨੀਤੀ ਵਿੱਚ ਪੈਦਾ ਹੁੰਦੇ ਹਨ ਅਤੇ ਇਸ ਦਾ ਕਿਸ ਸਿਆਸੀ ਪਾਰਟੀ ਉੱਪਰ ਕਿਵੇਂ ਦਾ ਅਸਰ ਵੇਖਣ ਨੂੰ ਮਿਲੇਗਾ।

