ਹਰਿਆਣਾ ਦੇ ਮੁੱਖ ਮੰਤਰੀ ਅਤੇ ਅਮਿਤ ਸ਼ਾਹ ਨੇ ਦਸਤਾਰ ਸਜਾ ਪੰਜਾਬ ਵਿੱਚ ਛੇੜੀ ਚਰਚਾ; ਵੜਿੰਗ ਨੇ ਟਰੂਡੋ ਨਾਲ ਕੀਤੀ ਤੁਲਨਾ
ਹਰਿਆਣਾ ਸੀਐੱਮ ਨਾਇਬ ਸੈਣੀ ਅਤੇ ਅਮਿਤ ਸ਼ਾਹ ਦੇ ਦਸਤਾਰ ਸਜਾਉਣ ਨੇ ਪੰਜਾਬ ਵਿੱਚ ਚਰਚਾ ਛੇੜ ਦਿੱਤੀ ਹੈ। ਪੜ੍ਹੋ ਕੀ ਬੋਲੇ ਮਾਹਿਰ...


Published : March 2, 2026 at 9:58 PM IST
ਚੰਡੀਗੜ੍ਹ (ਬਲਵਿੰਦਰ ਸਿੰਘ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਿਧਾਨ ਸਭਾ ਵਿੱਚ ਦਸਤਾਰ ਸਜਾ ਕੇ ਬਜਟ ਪੇਸ਼ ਕੀਤਾ ਅਤੇ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦਸਤਾਰ ਸਜਾ ਕੇ ਪੰਜਾਬ ਵਿੱਚ ਧਰਮ ਪਰਿਵਰਤਨ ਨੂੰ ਰੋਕਣ ਦੀ ਅਪੀਲ ਕੀਤੀ। ਇਹ ਦੋਵੇਂ ਵਰਤਾਰੇ ਬੀਜੇਪੀ ਦੀ ਪੰਜਾਬ ਵਿੱਚ ਚੋਣੀ ਰਣਨੀਤੀ ਨਾਲ ਜੁੜੇ ਵੇਖੇ ਜਾ ਰਹੇ ਹਨ ਅਤੇ ਇਨ੍ਹਾਂ ਨੇ ਪੰਜਾਬ ਵਿੱਚ ਵੱਡੀ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਵਿਰੋਧੀ ਧਿਰਾਂ ਨੇ ਇਸ ਨੂੰ 'ਵੋਟ ਬੈਂਕ ਰਾਜਨੀਤੀ' ਦੱਸ ਕੇ ਤਿੱਖੇ ਤੰਜ ਕੱਸੇ ਹਨ।
ਕਾਂਗਰਸ ਨੇ ਕੱਸਿਆ ਤੰਜ
ਹਰਿਆਣਾ ਵਿਧਾਨ ਸਭਾ ਵਿੱਚ ਸੈਣੀ ਨੇ ਵਿੱਤੀ ਵਰ੍ਹੇ 2026-27 ਦਾ ਬਜਟ ਪੇਸ਼ ਕਰਦਿਆਂ ਸਿੱਖ ਰਵਾਇਤ ਮੁਤਾਬਕ ਦਸਤਾਰ ਸਜਾਈ, ਜਿਸ ਨੂੰ ਸੱਤਾ ਪੱਖ ਨੇ ਸੂਬੇ ਦੀ ਸੱਭਿਆਚਾਰਕ ਵਿਰਾਸਤ ਨਾਲ ਜੋੜ ਕੇ ਵਧਾਈ ਦਿੱਤੀ। ਪਰ ਇਸ ਨੇ ਪੰਜਾਬ ਵਿੱਚ ਚਰਚਾ ਛੇੜ ਦਿੱਤੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, "ਮੈਨੂੰ ਲੱਗਦਾ ਹੈ ਕਿ ਨਾਇਬ ਸਿੰਘ ਸੈਣੀ ਨੂੰ ਹੁਣ ਪੰਜਾਬ ਤੋਂ ਚੋਣ ਲੜਨ ਦਾ ਸ਼ੌਕ ਚੜ੍ਹ ਗਿਆ ਹੈ। ਜਦੋਂ ਤੋਂ ਉਹ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹਰਿਆਣਾ ਵਿੱਚ ਤਾਂ ਘੱਟ ਰਹੇ ਪਰ ਪੰਜਾਬ ਵਿੱਚ ਹੀ ਘੁੰਮ ਰਹੇ ਹਨ। ਕਿਤੇ ਅਜਿਹਾ ਨਾ ਹੋਵੇ ਕਿ ਹਰਿਆਣਾ ਵਾਲੇ ਉਨ੍ਹਾਂ ਨੂੰ ਛੱਡ ਦੇਣ ਅਤੇ ਪੰਜਾਬ ਵਿੱਚ ਤਾਂ ਉਨ੍ਹਾਂ ਦਾ ਕੁਝ ਲੈਣਾ-ਦੇਣਾ ਹੀ ਨਹੀਂ ਹੈ। ਪਗੜੀ ਬੰਨ੍ਹਣ ਨਾਲ ਜਾਂ ਵੱਖ-ਵੱਖ ਰੰਗਾਂ ਦੇ ਕੱਪੜੇ ਪਹਿਨਣ ਨਾਲ ਕੁਝ ਨਹੀਂ ਹੁੰਦਾ। ਨਾਇਬ ਸਿੰਘ ਸੈਣੀ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਰਗੇ ਹਨ, ਜੋ ਮੰਦਿਰ ਜਾਂਦੇ ਹਨ ਤਾਂ ਇੱਕ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ ਅਤੇ ਗੁਰਦੁਆਰੇ ਜਾਂਦੇ ਹਨ ਤਾਂ ਕੁਝ ਹੋਰ। ਇਹ ਸਿਰਫ਼ ਵੋਟ ਬੈਂਕ ਲਈ ਡਰਾਮਾ ਹੈ।"
‘ਆਪ’ ਨੇ ਵੀ ਸਾਧੇ ਨਿਸ਼ਾਨੇ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ "ਠੀਕ ਹੈ ਨਾਇਬ ਸੈਣੀ ਨੇ ਪੱਗ ਬੰਨ੍ਹੀ ਹੈ ਅਤੇ ਗੁਰੂ ਗਰੰਥ ਸਾਹਿਬ ਜੀ ਤੋਂ ਕੁਝ ਗੁਰਬਾਣੀ ਦੇ ਵਾਕ ਬੋਲੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨੇ ਹਰਿਆਣਾ ਲਈ ਕੀ ਕੀਤਾ ਹੈ। ਉਨ੍ਹਾਂ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਿਸ ਨੂੰ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਨਗੇ।"
VIDEO | Chandigarh: Punjab Finance Minister Harpal Singh Cheema, on the Haryana Budget 2026–27, says, “What has been given to Haryana? What have the people of Haryana received? This is an empty budget that they have presented. Haryana is no longer the state it once was. Haryana… pic.twitter.com/VLWurx1CuW
— Press Trust of India (@PTI_News) March 2, 2026
ਅਮਿਤ ਸ਼ਾਹ ਨੇ ਵੀ ਸਜਾਈ ਦਸਤਾਰ
ਲੰਘੇ ਦਿਨ ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਵਿੱਚ ਅਮਿਤ ਸ਼ਾਹ ਨੇ ਵੀ ਦਸਤਾਰ ਸਜਾ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨੌਵੇਂ ਗੁਰੂ, ਸ੍ਰੀ ਤੇਗ ਬਹਾਦਰ ਜੀ ਨੇ ਹਿੰਦੂਆਂ ਨੂੰ ਬਚਾਉਣ ਲਈ ਸ਼ਹਾਦਤ ਨਾ ਦਿੱਤੀ ਹੁੰਦੀ, ਤਾਂ ਅੱਜ ਵਿਸ਼ਵ ਵਿੱਚ ਕੋਈ ਹਿੰਦੂ ਨਹੀਂ ਬਚਣਾ ਸੀ। ਨਾਲ ਹੀ ਉਨ੍ਹਾਂ ਨੇ ਪੰਜਾਬ ਅੰਦਰ ਸਿੱਖਾਂ ਦੇ ਧਰਮ ਪਰਿਵਰਤਨ ਨੂੰ ਰੋਕਣ ਦੀ ਅਪੀਲ ਕੀਤੀ ਅਤੇ ਇਸ ਨੂੰ "ਲਾਲਚ ਨਾਲ ਚੱਲ ਰਹੇ ਧਰਮ ਪਰਿਵਰਤਨ" ਦੱਸਿਆ। ਸ਼ਾਹ ਨੇ ਸੀਐੱਮ ਭਗਵੰਤ ਮਾਨ ਅਤੇ ਪੰਜਾਬੀ ਸਮਾਜ ਨੂੰ ਇਸ ਨੂੰ ਰੋਕਣ ਲਈ ਅਪੀਲ ਕੀਤੀ। ਇਹ ਬਿਆਨ ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮੁੱਦੇ ਨੂੰ ਹੋਰ ਤਿੱਖਾ ਬਣਾ ਰਿਹਾ ਹੈ।
अगर नौवें गुरु, श्री तेग बहादुर जी ने हिंदुओं को बचाने के लिए शहादत नहीं दिए होते, तो आज विश्व में कोई हिन्दू नहीं बचता।
— Amit Shah (@AmitShah) March 1, 2026
ਜੇਕਰ ਨੌਵੇਂ ਗੁਰੂ, ਸ੍ਰੀ ਤੇਗ ਬਹਾਦਰ ਜੀ ਨੇ ਹਿੰਦੂਆਂ ਨੂੰ ਬਚਾਉਣ ਲਈ ਸ਼ਹਾਦਤ ਨਾ ਦਿੱਤੀ ਹੁੰਦੀ, ਤਾਂ ਅੱਜ ਵਿਸ਼ਵ ਵਿੱਚ ਕੋਈ ਹਿੰਦੂ ਨਹੀਂ ਬਚਣਾ ਸੀ। pic.twitter.com/CblhmwAZbb
ਨਾਇਬ ਸਿੰਘ ਸੈਣੀ ਨੂੰ 'ਮੇਨ ਪਲੇਅਰ' ਵਜੋਂ ਉਭਾਰ ਰਹੀ ਹੈ ਭਾਜਪਾ
ਸਿਆਸੀ ਮਾਹਿਰ ਡਾ. ਨਵਜੀਤ ਜੌਹਲ (ਸਾਬਕਾ ਮੁਖੀ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਇਸ ਬਾਰੇ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਕਿਹਾ, "ਭਾਜਪਾ ਹਰ ਹਾਲ ਵਿੱਚ ਚਾਹੁੰਦੀ ਹੈ ਕਿ ਪੰਜਾਬ ਅੰਦਰ ਉਨ੍ਹਾਂ ਦੀ ਚੰਗੀ-ਖ਼ਾਸੀ ਹਾਜ਼ਰੀ ਦਰਜ ਹੋਵੇ। ਕਈ ਵੱਡੇ ਚਿਹਰੇ ਪਿਛਲੇ ਦਿਨੀਂ ਭਾਜਪਾ 'ਚ ਸ਼ਾਮਲ ਤਾਂ ਹੋਏ ਪਰ ਉਹ ਭਾਜਪਾ ਦੇ ਚਿਹਰੇ ਵਜੋਂ ਉਭਾਰ ਨਹੀਂ ਸਕੇ। ਇਸੇ ਲਈ ਨਾਇਬ ਸਿੰਘ ਸੈਣੀ 'ਮੇਨ ਪਲੇਅਰ' ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ। ਮੌਜੂਦਾ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਬਿਆਨਾਂ ਵਿੱਚ ਵਜ਼ਨ ਵੀ ਹੈ। ਉਨ੍ਹਾਂ ਦਾ ਇਲਾਕਾ ਨਾਰਾਇਣਗੜ੍ਹ ਪੰਜਾਬ ਦੇ ਖ਼ਾਸਾ ਨੇੜੇ ਵੀ ਹੈ ਅਤੇ ਸੈਣੀ ਭਾਈਚਾਰੇ ਨਾਲ ਸਬੰਧ ਵੀ ਹੈ। ਇਸ ਬਜਟ ਰਾਹੀਂ ਪੰਜਾਬ ਦੇ ਵੋਟਰ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਤਾਂ ਹੋਈ ਹੈ ਪਰ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੰਜਾਬ ਦਾ ਵੋਟਰ ਵੱਖਰੀ ਸੋਚ ਦਾ ਮਾਲਕ ਹੈ, ਜਿਸ ਨੂੰ ਸਮਝਣਾ ਸਿਆਸੀ ਪਾਰਟੀਆਂ ਲਈ ਐਨਾ ਵੀ ਸੌਖਾ ਨਹੀਂ।"
ਪੰਜਾਬ ਵਿੱਚ 2027 ਦੀਆਂ ਚੋਣਾਂ ਵਾਲੀ ਗਰਮੀ ਹੁਣੇ ਤੋਂ ਹੀ ਸੇਕ ਮਾਰਨ ਲੱਗੀ ਹੈ। ਹਰ ਪਾਰਟੀ ਦਾ ਬਿਆਨ ਜਾਂ ਵਰਤਾਰਾ ਕਿਤੇ ਨਾ ਕਿਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਨਾਲ ਜੁੜਦਾ ਹੋਇਆ ਨਜ਼ਰ ਆਉਂਦਾ ਹੈ। ਕਦੇ ਅਕਾਲੀ ਦਲ ਨਾਲ ਰਲ਼ ਕੇ ਸੱਤਾ ਵਿੱਚ ਰਹਿ ਚੁੱਕੀ ਭਾਜਪਾ ਹੋਰ ਵਰਗਾਂ ਦੇ ਨਾਲ-ਨਾਲ ਖ਼ਾਸਕਰ ਸਿੱਖਾਂ ਨੂੰ ਆਪਣੇ ਨਾਲ ਜੋੜਨ ਲਈ ਪੂਰੀ ਵਾਹ ਲਾ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਨੇ ਵੀ ਆਪਣੀ ਸਰਗਰਮੀ ਸਿੱਖਾਂ ਦੀ ਪਾਰਟੀ ਵਜੋਂ ਪੇਸ਼ ਕਰਨ ਵੱਲ ਹੀ ਮੁੱਖ ਤੌਰ ਉੱਤੇ ਵਧਾਈ ਹੈ। ਅਜਿਹੇ ਵਿੱਚ ਸਿਆਸੀ ਆਗੂਆਂ ਵਲੋਂ ਸਜਾਈ ਗਈ 'ਦਸਤਾਰ' ਅਸਲ ਵਿੱਚ ਕਿਸ ਨੂੰ ਸੱਤਾ ਦਾ 'ਸਰਦਾਰ' ਬਣਾਵੇਗੀ, ਇਹ ਫੈਸਲਾ ਤਾਂ ਪੰਜਾਬ ਦਾ ਵੋਟਰ ਹੀ ਕਰੇਗਾ।

