‘ਟੀਮ ਪਲੇਅਰ ਬਣੋ, ਨਹੀਂ ਤਾਂ ਰਿਜ਼ਰਵ ਵਿੱਚ ਬਿਠਾ ਦਿਆਂਗੇ’, ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਰਾਹੁਲ ਗਾਂਧੀ ਦੀ ਤਾੜਨਾ
ਬਰਨਾਲਾ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜੀ ਉੱਤੇ ਆਗੂਆਂ ਨੂੰ ਸਖ਼ਤ ਤਾੜਨਾ ਦਿੱਤੀ ਹੈ।


Published : February 28, 2026 at 3:51 PM IST
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਰੈਲੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਵੱਲੋਂ ਵੀ ਅੱਜ ਯਾਨੀ ਸ਼ਨੀਵਾਰ ਨੂੰ ਬਰਨਾਲਾ ਵਿੱਚ "ਮਨਰੇਗਾ ਮਜ਼ਦੂਰ, ਕਿਸਾਨ ਬਚਾਓ" ਮਹਾਂਰੈਲੀ ਕੀਤੀ ਗਈ। ਇਸ ਮਹਾਂਰੈਲੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜੀ ਉੱਤੇ ਆਗੂਆਂ ਨੂੰ ਸਖ਼ਤ ਤਾੜਨਾ ਦਿੱਤੀ ਹੈ।
ਰਾਹੁਲ ਗਾਂਧੀ ਦਾ ਧੜੇਬੰਦੀ ਨਾਲ ਜੂਝ ਰਹੀ ਪੰਜਾਬ ਕਾਂਗਰਸ ਨੂੰ ਸਪੱਸ਼ਟ ਸੰਦੇਸ਼
ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ "ਟੀਮ ਵਰਕ ਜ਼ਰੂਰੀ ਹੈ। ਇੱਕ ਖਿਡਾਰੀ ਖੇਡ ਨਹੀਂ ਜਿੱਤ ਸਕਦਾ। ਸਾਡੇ ਕੋਲ ਇੱਕ ਪੂਰੀ ਟੀਮ ਹੈ ਅਤੇ ਮੈਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਟੀਮ ਦੇ ਖਿਡਾਰੀ ਬਣੋ, ਨਹੀਂ ਤਾਂ ਅਸੀਂ ਤੁਹਾਨੂੰ ਰਿਜ਼ਰਵ ਵਿੱਚ ਰੱਖਾਂਗੇ।"
"ਤੁਸੀਂ ਕਿੰਨੇ ਵੀ ਵੱਡੇ ਨੇਤਾ ਹੋ, ਕੋਈ ਵੀ ਪਾਰਟੀ ਤੋਂ ਵੱਡਾ ਨਹੀਂ ਹੈ। ਇੱਕ ਟੀਮ ਦੇ ਖਿਡਾਰੀ ਬਣੋ ਅਤੇ ਜੇਕਰ ਤੁਸੀਂ ਚੰਗੇ ਟੀਮ ਪਲੇਅਰ ਨਹੀਂ ਬਣੇ ਤਾਂ ਮਲਿਕਾਰਜੁਨ ਖੜਗੇ ਅਤੇ ਮੈਂ ਤੁਹਾਨੂੰ ਸੁਧਾਰ ਦਿਆਂਗੇ। ਸਾਡੀ ਅਸਲ ਤਾਕਤ ਸਾਡੇ ਵਰਕਰਾਂ ਵਿੱਚ ਹੈ, ਜੋ ਵੀ ਫੈਸਲੇ ਲੈਣੇ ਹਨ ਵਰਕਰਾਂ ਦੀ ਰਾਏ ਨਾਲ ਹੀ ਲਏ ਜਾਣਗੇ।"- ਰਾਹੁਲ ਗਾਂਧੀ
"ਕਾਂਗਰਸ ਵਿੱਚ ਕੋਈ ਫੁੱਟ ਨਹੀਂ"
ਰੈਲੀ ਵਿੱਚ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਸਬੰਧੀ ਰਾਹੁਲ ਗਾਂਧੀ ਵੱਲੋਂ ਟੀਮ ਵਰਕ ਦੀ ਗੱਲ ਕਰਨ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਸਾਡਾ ਟੀਮ ਵਰਕ ਦੇਖੋ ਆਮ ਆਦਮੀ ਪਾਰਟੀ ਨੇ 2022 ਵਿੱਚ 92 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਢਾਈ ਸਾਲ ਬਾਅਦ ਲੋਕ ਸਭਾ ਚੋਣਾਂ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਸਿਰਫ਼ 32 ਸੀਟਾਂ ਤੱਕ ਸੀਮਤ ਕਰ ਦਿੱਤਾ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 30 ਹੋਰ ਵਿਧਾਨ ਸਭਾ ਸੀਟਾਂ ਗੁਆ ਦੇਵੇਗੀ। ਕਾਂਗਰਸ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ। ਜੇਕਰ ਧੜੇਬੰਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਵਿਚਕਾਰ ਹੈ। ਭਾਜਪਾ ਵਿੱਚ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵਿਚਕਾਰ ਧੜੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਧੜੇਬੰਦੀ ਹੈ। ਜਦੋਂ ਕਿ ਕਾਂਗਰਸ ਪਾਰਟੀ ਇੱਕ ਪਲੇਟਫਾਰਮ 'ਤੇ ਇੱਕਜੁੱਟ ਹੈ।"
‘ਰਾਹੁਲ ਨੂੰ ਇਹ ਗੱਲ ਬਹੁਤ ਪਹਿਲਾਂ ਕਹਿ ਦੇਣੀ ਚਾਹੀਦੀ ਸੀ’
ਰਾਹੁਲ ਗਾਂਧੀ ਵੱਲੋਂ ਰੈਲੀ ਦੌਰਾਨ ਕਾਂਗਰਸ ਪਾਰਟੀ ਨੂੰ ਅਨੁਸ਼ਾਸਨ ਦੇ ਪੜ੍ਹਾਏ ਗਏ ਪਾਠ ਸੰਬੰਧੀ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ "ਰਾਹੁਲ ਗਾਂਧੀ ਨੂੰ ਅਨੁਸ਼ਾਸਨ ਦਾ ਪਾਠ ਬਹੁਤ ਸਮਾਂ ਪਹਿਲਾਂ ਪੜਾਉਣਾ ਚਾਹੀਦਾ ਸੀ। ਸਾਰੇ ਕਾਂਗਰਸੀ ਆਗੂਆਂ ਨੂੰ ਇਸ ਗੱਲ ਉੱਤੇ ਅਮਲ ਕਰਨਾ ਚਾਹੀਦਾ ਹੈ। ਰਾਹੁਲ ਜੀ ਨੂੰ ਇਹ ਗੱਲ ਬਹੁਤ ਪਹਿਲਾਂ ਕਹਿ ਦੇਣੀ ਚਾਹੀਦੀ ਸੀ। ਜੇਕਰ ਕਾਂਗਰਸ ਪਾਰਟੀ ਹੈ ਇਸੇ ਕਾਰਨ ਹੀ ਉਹਨਾਂ ਦਾ ਵਜੂਦ ਹੈ। ਜੇਕਰ ਪਾਰਟੀ ਨਹੀਂ ਤਾਂ ਕਿਸੇ ਲੀਡਰ ਦੀ ਆਪਣੀ ਕੋਈ ਪਛਾਣ ਨਹੀਂ ਹੈ। ਪਾਰਟੀਆਂ ਹਮੇਸ਼ਾ ਅਨੁਸ਼ਾਸਨ ਵਿੱਚ ਰਹਿ ਕੇ ਹੀ ਚੱਲਦੀਆਂ ਹਨ, ਅਨੁਸ਼ਾਸਨ ਤੋਂ ਬਿਨਾਂ ਪਾਰਟੀਆਂ ਕਦੇ ਨਹੀਂ ਚੱਲਦੀਆਂ।"
ਲੰਮੇ ਸਮੇਂ ਚੱਲ ਰਿਹਾ ਹੈ ਪੰਜਾਬ ਕਾਂਗਰਸ ਵਿੱਚ ਕਲੇਸ਼
ਦੱਸ ਦਈਏ ਕਿ ਪੰਜਾਬ ਕਾਂਗਰਸ ਵਿੱਚ ਕਲੇਸ਼ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਕਾਂਗਰਸ 'ਚ ਜਿੱਥੇ ਮੁੱਖ ਮੰਤਰੀ ਚਿਹਰੇ ਨੂੰ ਲੈਕੇ ਅੰਦਰੂਨੀ ਤਕਰਾਰ ਚੱਲ ਰਹੀ ਹੈ ਤਾਂ ਉੱਥੇ ਕੁਝ ਦਿਨ ਪਹਿਲਾਂ ਦਲਿਤ ਵਰਗ ਨੂੰ ਬਣਦੇ ਅਹੁਦੇ ਨਾ ਦਿੱਤੇ ਜਾਣ ਦੇ ਇਲਜ਼ਾਮਾਂ ਦਾ ਵੀ ਸਾਹਮਣੇ ਕਰਨਾ ਪਿਆ ਹੈ। ਇਸ ਮਸਲੇ ਉੱਤੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆ ਚੁੱਕਿਆ ਹੈ। ਹਾਲਾਂਕਿ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਕਾਂਗਰਸ ਦੇ ਕਈ ਲੀਡਰਾਂ ਨੇ ਸਫ਼ਾਈ ਵੀ ਦਿੱਤੀ ਸੀ। ਮਾਮਲੇ ਸਬੰਧੀ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਵੱਲੋਂ ਪਾਰਟੀ ਦੀ ਅਨੁਸ਼ਾਸਨਹੀਨਤਾ ਭੰਗ ਕਰਨ 'ਤੇ ਹਾਈਕਮਾਨ ਤੋਂ ਐਕਸ਼ਨ ਦੀ ਮੰਗ ਕੀਤੀ ਹੈ।
ਪਟਿਆਲਾ ਤੋਂ ਕਾਂਗਰਸ ਦੇ ਸਾਂਸਦ ਧਰਮਵੀਰ ਗਾਂਧੀ ਨੇ ਕਿਹਾ ਸੀ "2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜੋ ਹਵਾ ਕਾਂਗਰਸ ਦੇ ਹੱਕ ਵਿੱਚ ਬਣੀ ਸੀ, ਉਹ ਹੁਣ ਪਹਿਲਾਂ ਵਰਗੀ ਨਹੀਂ ਰਹੀ। ਇਸ ਲਈ ਪਾਰਟੀ ਨੂੰ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਫੈਸਲੇ ਲੈਣੇ ਚਾਹੀਦੇ ਹਨ। ਕਾਂਗਰਸ ਹਾਈਕਮਾਨ ਨੂੰ ਆਪਣੇ ਪੱਧਰ ‘ਤੇ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦੀ ਪਸੰਦ ਦੇ ਅਨੁਸਾਰ ਹੀ ਪੰਜਾਬ ਕਾਂਗਰਸ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾ ਸਕੇ।"

