ਰਾਹੁਲ ਗਾਂਧੀ ਦੀ ਪੰਜਾਬ ਫੇਰੀ ਅੱਜ, ਸਿਆਸੀ ਸਟੇਜ ਤਿਆਰ,ਟ੍ਰੈਫਿਕ ਲਈ ਰੂਟ ਡਾਇਵਰਟ
ਸ਼ਨਿੱਚਰਵਾਰ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਰਾਹੁਲ ਗਾਂਧੀ ਦੀ ਹੋ ਰਹੀ ਰੈਲੀ ਸਬੰਧੀ ਕਾਂਗਰਸ ਪਾਰਟੀ ਦਾ ਪੰਡਾਲ ਤਿਆਰ ਹੋ ਗਿਆ।

Published : February 27, 2026 at 9:29 PM IST
|Updated : February 28, 2026 at 7:54 AM IST
ਬਰਨਾਲਾ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 28 ਫ਼ਰਵਰੀ ਨੂੰ ਬਰਨਾਲਾ ਵਿੱਚ ਪੰਜਾਬ ਕਾਂਗਰਸ ਦੀ 'ਮਨਰੇਗਾ ਬਚਾਓ ਸੰਗਰਾਮ' ਅਤੇ 'ਕਿਸਾਨ ਮਜ਼ਦੂਰ ਰੈਲੀ' ਨੂੰ ਸੰਬੋਧਨ ਕਰਨਗੇ। ਇਹ ਰੈਲੀ ਅਨਾਜ ਮੰਡੀ ਵਿੱਚ ਹੋਵੇਗੀ ਅਤੇ ਇਸ ਨੂੰ 2027 ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਹੈ। ਰੈਲੀ ਨੂੰ ਲੈ ਕੇ ਪੂਰੇ ਮਾਲਵਾ ਖੇਤਰ ਵਿੱਚ ਉਤਸ਼ਾਹ ਹੈ, ਪਰ ਪਾਰਟੀ ਵਿੱਚ ਚੱਲ ਰਹੀ ਗੁੱਟਬਾਜ਼ੀ ਨੇ ਵੀ ਚਰਚਾਵਾਂ ਨੂੰ ਗਰਮਾ ਦਿੱਤਾ ਹੈ। ਇਸ ਦੀਆਂ ਤਿਆਰੀਆਂ ਪਿਛਲੇ ਹਫ਼ਤੇ ਤੋਂ ਚੱਲ ਰਹੀਆਂ ਹਨ ਅਤੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਇੱਕ ਵੱਡਾ ਪੰਡਾਲ ਅਤੇ ਸਟੇਜ ਬਣਾਇਆ ਗਿਆ ਹੈ। ਜਿਸ ਦਾ ਨਿਰੀਖਣ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਰਨਾਲਾ ਆਏ ਸਨ।
'ਰਾਹੁਲ ਗਾਂਧੀ ਮਨਰੇਗਾ ਮਜ਼ਦੂਰਾਂ ਨਾਲ ਕਰਨਗੇ ਸਿੱਧੀ ਗੱਲਬਾਤ'
ਰਾਹੁਲ ਗਾਂਧੀ ਕੇਂਦਰ ਸਰਕਾਰ ਵੱਲੋਂ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ) ਵਿੱਚ ਬਦਲਾਅ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਮੁੱਦੇ ਉੱਤੇ ਗੱਲ ਕਰਨਗੇ। ਪਾਰਟੀ ਵੱਲੋਂ ਇਨ੍ਹਾਂ ਫੈਸਲਿਆਂ ਨੂੰ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਤਬਾਹੀ ਵਾਲਾ ਦੱਸਿਆ ਜਾ ਰਿਹਾ ਹੈ। ਰੈਲੀ ਵਿੱਚ ਰਾਹੁਲ ਗਾਂਧੀ ਮਨਰੇਗਾ ਮਜ਼ਦੂਰਾਂ ਨਾਲ ਸਿੱਧੀ ਗੱਲਬਾਤ ਵੀ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ਪਾਰਟੀ ਨੇ ਇਸ ਨੂੰ ਕਿਸਾਨ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਦਾ ਮੌਕਾ ਦੱਸਿਆ ਹੈ। ਰਾਹੁਲ ਨੇ ਪਹਿਲਾਂ ਵੀ ਪੰਜਾਬ ਵਿੱਚ ਕਿਸਾਨ ਅੰਦੋਲਨਾਂ ਨੂੰ ਸਮਰਥਨ ਦਿੱਤਾ ਹੈ ਅਤੇ ਇਸ ਵਾਰ ਵੀ ਉਹ 'ਆਪ' ਸਰਕਾਰ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਨਿਸ਼ਾਨੇ 'ਤੇ ਰੱਖਣਗੇ। ਉਨ੍ਹਾਂ ਨੇ ਮਨਰੇਗਾ ਨੂੰ ਗ਼ਰੀਬਾਂ ਲਈ ਜੀਵਨ ਰੇਖਾ ਦੱਸਦੇ ਹੋਏ ਕਿਹਾ ਹੈ ਕਿ ਇਸ ਨੂੰ ਖ਼ਤਮ ਕਰਕੇ ਮੋਦੀ ਸਰਕਾਰ ਨੇ ਗ਼ਰੀਬਾਂ ਨਾਲ ਵੱਡਾ ਧੋਖਾ ਕੀਤਾ ਹੈ।
ਰਾਜਾ ਵੜਿੰਗ ਨੇ ਰੈਲੀ ਲਈ ਵੱਡੀਆਂ ਤਿਆਰੀਆਂ ਕੀਤੀਆਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ "ਕਿ ਇਸ ਰੈਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਸ਼ਿਰਕਤ ਕਰ ਰਹੇ ਹਨ। ਰਾਹੁਲ ਗਾਂਧੀ ਅੱਜ ਸਵੇਰੇ 11:00 ਵਜੇ ਦੇ ਕਰੀਬ ਬਰਨਾਲਾ ਪਹੁੰਚ ਸਕਦੇ ਹਨ। ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਬੱਸਾਂ ਰਾਹੀਂ ਲੋਕਾਂ ਦੇ ਪਹੁੰਚਣ ਦੀ ਆਸ ਜਤਾਈ ਜਾ ਰਹੀ ਹੈ। ਪਾਰਟੀ ਆਗੂਆਂ ਨੇ 50,000 ਤੋਂ ਵੱਧ ਲੋਕਾਂ ਦੀ ਭੀੜ ਦੀ ਉਮੀਦ ਜਤਾਈ ਹੈ। ਬਰਨਾਲਾ ਨੂੰ ਮੰਚ ਵਜੋਂ ਚੁਣਨ ਨਾਲ ਕਾਂਗਰਸ ਨੇ ਮਾਲਵਾ ਖੇਤਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਅਤੇ 'ਆਪ' ਸਰਕਾਰ ਨੂੰ ਘੇਰਨ ਦੀ ਰਣਨੀਤੀ ਅਪਣਾਈ ਹੈ। ਪਾਰਟੀ ਨੇ ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਨਰੇਗਾ ਵਰਕਰ ਵਜੋਂ ਦਿਖਾਉਂਦਾ ਪੋਸਟਰ ਵੀ ਜਾਰੀ ਕੀਤਾ ਹੈ। ਇਸ ਨਾਲ ਪੰਜਾਬ ਵਿੱਚ ਸਿਆਸੀ ਗਰਮੀ ਵਧ ਗਈ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਜਵਾਬੀ ਹਮਲੇ ਵੀ ਸ਼ੁਰੂ ਹੋ ਗਏ ਹਨ।
ਆਪ ਸਭ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ ਕਾਂਗਰਸ ਵੱਲੋਂ ਭਾਜਪਾ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਚਲਾਈ ਜਾ ਰਹੀ “ਮਜ਼ਦੂਰ ਬਚਾਓ, ਕਿਸਾਨ ਬਚਾਓ” ਮੁਹਿੰਮ ਤਹਿਤ ਦੇਸ਼ ਦੇ ਲੋਕਪ੍ਰਿਯ ਨੇਤਾ ਅਤੇ ਜਨਨਾਇਕ ਸ਼੍ਰੀ ਰਾਹੁਲ ਗਾਂਧੀ ਜੀ 28 ਫਰਵਰੀ ਨੂੰ ਬਰਨਾਲਾ ਪਹੁੰਚ ਰਹੇ ਹਨ।
— Punjab Congress (@INCPunjab) February 27, 2026
ਸ਼੍ਰੀ @bhupeshbaghel ਜੀ
ਇੰਚਾਰਜ, ਪੰਜਾਬ ਕਾਂਗਰਸ pic.twitter.com/cnT7Qhd8JB
ਕੌਣ-ਕੌਣ ਰੈਲੀ ਵਿੱਚ ਆਉਂਦਾ ਹੈ ?
ਇਸ ਸਭ ਦੇ ਵਿਚਕਾਰ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜ਼ੀ ਦੀ ਵੀ ਚਰਚਾ ਵਿੱਚ ਹੈ। ਪਾਰਟੀ ਨੂੰ ਸਿੱਧੂ ਜੋੜੇ ਨੇ ਤਾਂ ਵਖ਼ਤ ਪਾਇਆ ਹੀ ਹੈ, ਦੂਜੇ ਪਾਸੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਆਗੂਆਂ ਦੀ ਆਪਸੀ ਖਿੱਚੋਤਾਣ ਵੀ ਕਿਸੇ ਤੋਂ ਲੁਕੀ ਨਹੀਂ ਹੈ। ਰੈਲੀ ਨੂੰ ਲੈ ਕੇ ਵੀ ਗੁੱਟਬਾਜ਼ੀ ਦੇ ਅਸਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਈ ਸੀਨੀਅਰ ਆਗੂ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਦੀ ਫੇਰੀ ਨਾਲ ਪਾਰਟੀ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੌਣ-ਕੌਣ ਰੈਲੀ ਵਿੱਚ ਆਉਂਦਾ ਹੈ ਅਤੇ ਮੰਚ ਉੱਤੇ ਕਿਹੜਾ ਨੇਤਾ ਖ਼ੁਦ ਨੂੰ ਰਾਹੁਲ ਗਾਂਧੀ ਦੇ ਸਭ ਤੋਂ ਨੇੜੇ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ।
देश के जननायक और गरीबों के दुःख-दर्द से गहरी संवेदना रखने वाले लोकप्रिय नेता @RahulGandhi जी द्वारा @BJP4India की गरीब-विरोधी नीतियों के खिलाफ़ ‘मनरेगा बचाओ संग्राम’ के तहत एक न्यायपूर्ण लड़ाई लड़ी जा रही है। इस संघर्ष को और तेज़ दिशा देने तथा जनता के कंधे से कंधा मिलाकर लड़ने के… pic.twitter.com/6KwSjzzrid
— Amarinder Singh Raja Warring (@RajaBrar_INC) February 20, 2026
'ਰੈਲੀ ਲਈ ਰੂਟ ਡਾਇਵਰਟ'
ਦਾਣਾ ਮੰਡੀ ਬਰਨਾਲਾ ਵਿਖੇ ਹੋਣ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਆਵਾਜਾਈ ਨੂੰ ਸੁਚਾਰੂ ਅਤੇ ਸੁਰੱਖਿਤ ਬਣਾਈ ਰੱਖਣ ਲਈ ਬਰਨਾਲਾ ਪੁਲਿਸ ਵੱਲੋਂ ਵਿਸ਼ੇਸ਼ ਟਰੈਫਿਕ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਬਦਲੇ ਹੋਏ ਰੂਟ ਨਿਰਧਾਰਿਤ ਕੀਤੇ ਗਏ ਹਨ। ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਸਮੂਹ ਜਨਤਾ ਨੂੰ ਅਪੀਲ ਹੈ ਕਿ ਨਿਰਧਾਰ ਦੇ ਰੂਟਾਂ ਦੀ ਪਾਲਣਾ ਕੀਤੀ ਜਾਵੇ ਅਤੇ ਟਰੈਫਿਕ ਨਿਰਦੇਸ਼ਾਂ ਦਾ ਸਹਿਯੋਗ ਕੀਤਾ ਜਾਵੇ। ਬਕਾਇਦਾ ਟਰੈਫਿਕ ਸਬੰਧੀ ਜਾਣਕਾਰੀ ਲਈ ਇਹ 98154-75664 ਨੰਬਰ ਵੀ ਜਾਰੀ ਕੀਤਾ ਗਿਆ ਹੈ।

ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਵਿੱਚ 'ਬਦਲਾਅ ਰੈਲੀ' ਨੂੰ ਕਰਨਗੇ ਸੰਬੋਧਨ
ਇਸੇ ਤਰ੍ਹਾਂ ਹੋਰ ਪਾਰਟੀਆਂ ਵੱਲੋਂ ਵੀ ਚੋਣੀ ਗਰਮੀ ਵਧਾਈ ਜਾ ਰਹੀ ਹੈ। ਭਾਜਪਾ ਨੇ ਵੀ ਪੰਜਾਬ ਵਿੱਚ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਵਿੱਚ 'ਬਦਲਾਅ ਰੈਲੀ' ਨੂੰ ਸੰਬੋਧਨ ਕਰਨਗੇ। ਇਹ ਰੈਲੀ ਕਿੱਲੀ ਚਾਹਲਾਂ ਪਿੰਡ ਵਿੱਚ ਹੋਵੇਗੀ, ਇਹ ਓਹੀ ਥਾਂ ਹੈ ਜਿੱਥੋਂ 'ਆਪ' ਨੇ ਆਪਣੀ 2027 ਮੁਹਿੰਮ ਸ਼ੁਰੂ ਕੀਤੀ ਸੀ। ਭਾਜਪਾ ਨੇ ਇਸ ਨੂੰ 'ਆਪ' ਸਰਕਾਰ ਦੇ ਚਾਰ ਸਾਲ ਪੂਰੇ ਹੋਣ (16 ਮਾਰਚ) ਦੇ ਮੌਕੇ 'ਤੇ ਰੱਖਿਆ ਹੈ ਅਤੇ ਇਸ ਨੂੰ 2027 ਚੋਣਾਂ ਲਈ ਬਿਗੁਲ ਵਜਾਉਣ ਵਾਲਾ ਮੌਕਾ ਮੰਨ ਰਹੀ ਹੈ। ਅਸ਼ਵਨੀ ਸ਼ਰਮਾ ਵਰਗੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਹਰ ਵਰਗ ਨਿਰਾਸ਼ ਹੈ ਅਤੇ ਭਾਜਪਾ ਨੂੰ ਬਦਲ ਵਜੋਂ ਵੇਖ ਰਿਹਾ ਹੈ।
ਕੇਜਰੀਵਾਲ ਬਾਰੇ ਬੋਲੇ ਰਾਜਾ ਵੜਿੰਗ
ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਬਰੀ ਹੋ ਜਾਣ ਦੇ ਮਾਮਲੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ, 'ਦੋਵੇਂ ਕਰੀਬ ਇੱਕ ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਰਹੇ ਹਨ। ਹੁਣ ਇਹ ਮਾਨਯੋਗ ਅਦਾਲਤ ਦਾ ਫੈਸਲਾ ਕਿਵੇਂ ਆਇਆ ਅਤੇ ਇਹ ਕਿਵੇਂ ਬਰੀ ਹੋਏ, ਇਸ ਬਾਰੇ ਅਰਵਿੰਦ ਕੇਜਰੀਵਾਲ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਿਹਤਰ ਦੱਸ ਸਕਦੇ ਹਨ ਕਿ ਇਸ ਵਿੱਚ ਕੀ ਖਿੱਚੜੀ ਪੱਕੀ ਹੈ।"

