ETV Bharat / politics

Channi vs Raja Warring: ਵੜਿੰਗ ਹੀ ਰਹਿਣਗੇ ਪ੍ਰਧਾਨ, ਇਹ ਗੁੱਡੇ-ਗੁੱਡੀ ਦੀ ਖੇਡ ਨਹੀਂ; ਬੋਲੇ ਭੂਪੇਸ਼ ਬਘੇਲ

ਪਾਰਟੀ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ "ਸਭ ਨੇ ਹਾਈਕਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਧੰਨਵਾਦ ਵੀ ਕੀਤਾ ਹੈ।"

Punjab Congress conflict Update
ਭੂਪੇਸ਼ ਬਘੇਲ ਅਤੇ ਅਰਿੰਦਰ ਸਿੰਘ ਰਾਜਾ ਵੜਿੰਗ (@INCPunjab)
author img

By ETV Bharat Punjabi Team

Published : July 8, 2026 at 1:25 PM IST

4 Min Read
Choose ETV Bharat

ਚੰਡੀਗੜ੍ਹ: ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰਲੀ ਲੜਾਈ ਚਰਚਾ ਦਾ ਵਿਸ਼ਾ ਬਣ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਧੜੇਬੰਦੀ ਨੇ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਇਸ ਮੁੱਦੇ ਨੂੰ ਹੱਲ ਕਰਨ ਲਈ ਚੰਡੀਗੜ੍ਹ ਦਾ ਦੌਰਾ ਕਰ ਰਹੇ ਹਨ।

ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ- ਪ੍ਰਧਾਨ ਬਦਲਣਾ ਗੁੱਡੇ-ਗੁਡੀਆਂ ਦੀ ਖੇਡ ਨਹੀਂ (Etv Bharat)

'ਸਭ ਨੇ ਹਾਈਕਮਾਨ ਦੇ ਫੈਸਲੇ ਦਾ ਕੀਤਾ ਸਵਾਗਤ'

ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ ਹੈ। ਭੂਪੇਸ਼ ਬਘੇਲ ਨੇ ਕਿਹਾ ਕਿ "ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਦੇ ਪ੍ਰਧਾਨ ਵਜੋਂ ਬਣੇ ਰਹਿਣਗੇ। ਸਾਡੇ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਹੋਈ ਅਤੇ ਬੀਤੇ ਦਿਨ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਹੋਈ। ਸਭ ਨੇ ਹਾਈਕਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਧੰਨਵਾਦ ਵੀ ਕੀਤਾ ਹੈ। ਮੀਟਿੰਗਾਂ ਦੌਰਾਨ ਜ਼ਿਲ੍ਹਾ ਪ੍ਰਧਾਨ ਸਣੇ ਸਾਰੇ ਆਗੂਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਏ ਜਾਣ ਉੱਤੇ ਸਹਿਮਤੀ ਪ੍ਰਗਟਾਈ ਹੈ ਅਤੇ ਸਾਰੇ ਆਗੂ ਹਾਈਕਮਾਨ ਦੇ ਫੈਸਲੇ ਤੋਂ ਖੁਸ਼ ਹਨ।"

"ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜ਼ੀਆਂ ਨੂੰ ਕਾਰਜਕਾਰੀ ਪ੍ਰਧਾਨ ਲਗਾਉਣ ਉੱਤੇ ਵੀ ਸਭ ਨੇ ਸਹਿਮਤੀ ਜਤਾਈ ਹੈ। ਹਾਈਕਮਾਨ ਨੇ ਇੱਕ ਵਾਰ ਫੈਸਲਾ ਲੈ ਲਿਆ ਤਾਂ ਉਸ ਵਿੱਚ ਬਦਲਾਅ ਨਹੀਂ ਹੁੰਦਾ ਹੈ। ਇਹ ਕੋਈ ਗੁੱਡਾ-ਗੁੱਡੀ ਦਾ ਖੇਡ ਨਹੀਂ ਜੋ ਵਾਰ-ਵਾਰ ਬਦਲਿਆ ਜਾਵੇ। ਚਰਨਜੀਤ ਸਿੰਘ ਚੰਨੀ ਨਾਲ ਵੀ ਮੇਰੀ ਗੱਲਬਾਤ ਹੋਈ ਹੈ, ਉਹ ਕੁਝ ਦਿਨਾਂ ਲਈ ਬਾਹਰ ਹਨ ਅਤੇ ਜਲਦ ਹੀ ਮੈਨੂੰ ਮਿਲਣ ਲਈ ਆਉਣਗੇ। ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਵੀ ਬਾਹਰ ਹਨ ਅਤੇ ਸਾਡੀ ਮੁਲਾਕਾਤ ਜਲਦ ਹੀ ਹੋਵੇਗੀ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ ਤੁਹਾਡੇ ਘਰ ਆ ਜਾਂਦਾ ਹਾਂ, ਮੈਂ ਤਾਂ ਸਭ ਦੇ ਘਰ ਜਾ ਰਿਹਾ ਹਾਂ ਅਤੇ ਮੁਲਾਕਾਤਾਂ ਕਰ ਰਿਹਾ ਹਾਂ।"- ਭੂਪੇਸ਼ ਬਘੇਲ, ਪੰਜਾਬ ਕਾਂਗਰਸ ਇੰਚਾਰਜ

'ਹਾਈਕਮਾਨ ਦੇ ਫੈਸਲੇ ਰਹਿਣਗੇ ਲਾਗੂ'

ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਰੰਧਾਵਾ ਬਾਰੇ ਏ.ਆਈ.ਸੀ.ਸੀ. ਪੰਜਾਬ ਦੇ ਜਨਰਲ ਸਕੱਤਰ ਇੰਚਾਰਜ ਭੂਪੇਸ਼ ਬਘੇਲ ਦਾ ਕਹਿਣਾ ਹੈ, "ਮੈਂ ਕੱਲ੍ਹ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਕਿਸੇ ਕੰਮ ਵਿੱਚ ਰੁੱਝੇ ਹੋਏ ਸਨ ਅਤੇ ਸ਼ਹਿਰ ਤੋਂ ਬਾਹਰ ਸਨ, ਪਰ ਵਾਪਸ ਆਉਣ 'ਤੇ ਉਹ ਮੇਰੇ ਨਾਲ ਸੰਪਰਕ ਕਰਨਗੇ। ਜਾਂ ਤਾਂ ਮੈਂ ਉਨ੍ਹਾਂ ਦੇ ਘਰ ਚਾਹ ਪੀਣ ਲਈ ਜਾਵਾਂਗਾ ਜਾਂ ਪੀਸੀਸੀ ਦਫ਼ਤਰ ਆਵਾਂਗਾ। ਪਾਰਟੀ ਹਾਈਕਮਾਨ 'ਤੇ ਕੋਈ ਦਬਾਅ ਕੰਮ ਨਹੀਂ ਕਰਦਾ, ਮੈਂ ਨਹੀਂ ਮੰਨਦਾ ਕਿ ਫੈਸਲੇ ਦਬਾਅ ਹੇਠ ਲਏ ਜਾਂਦੇ ਹਨ-ਨਾ ਹੀ ਹੋਣੇ ਚਾਹੀਦੇ ਹਨ। ਇਸ ਲਈ ਜੋ ਫੈਸਲੇ ਪਹਿਲਾਂ ਹੀ ਲਏ ਜਾ ਚੁੱਕੇ ਹਨ, ਉਹ ਲਾਗੂ ਰਹਿਣਗੇ।"

ਮੀਟਿੰਗਾਂ ਦਾ ਦੌਰ ਜਾਰੀ

ਮੰਗਲਵਾਰ ਨੂੰ ਭੂਪੇਸ਼ ਬਘੇਲ ਨੇ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨਾਂ ਰਾਜ ਕੁਮਾਰ ਵੇਰਕਾ ਅਤੇ ਸੁਖਵਿੰਦਰ ਸਿੰਘ ਡੈਨੀ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਸੀਨੀਅਰ ਪਾਰਟੀ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਬਲਬੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਰਦਿਆਲ ਕੰਬੋਜ, ਅਤੇ ਸਾਧੂ ਸਿੰਘ ਧਰਮਸੋਤ, ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਆਗੂਆਂ ਨੇ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਇਆ।

ਭੂਪੇਸ਼ ਬਘੇਲ ਦੀ ਮੀਟਿੰਗ ਤੋਂ ਕਈ ਆਗੂ ਗੈਰਹਾਜ਼ਰ

ਭੂਪੇਸ਼ ਬਘੇਲ ਨੇ ਮੰਗਲਵਾਰ ਨੂੰ ਵੱਖ-ਵੱਖ ਪਾਰਟੀ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਤਾਂ ਜੋ ਜਮੀਨੀ ਹਕੀਕਤ ਨੂੰ ਸਮਝਿਆ ਜਾ ਸਕੇ। ਉਨ੍ਹਾਂ ਨੇ ਕਾਂਗਰਸ ਭਵਨ ਵਿੱਚ ਸੀਨੀਅਰ ਆਗੂਆਂ, ਕਾਰਜਕਾਰੀ ਪ੍ਰਧਾਨਾਂ ਅਤੇ ਜ਼ਿਲ੍ਹਾ ਮੁਖੀਆਂ ਨਾਲ ਇਹ ਮੀਟਿੰਗ ਬੁਲਾਈ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕਈ ਹੋਰ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਅਮਰਿੰਦਰ ਸਿੰਘ ਰਾਜਾ ਵੜਿੰਗ ਬੋਲੇ ਸਭ ਠੀਕ

ਭੂਪੇਸ਼ ਬਘੇਲ ਨਾਲ ਮੀਟਿੰਗ ਤੋਂ ਬਾਅਦ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਆਗੂਆਂ ਦੀ ਗੈਰਹਾਜ਼ਰੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ "ਪਾਰਟੀ ਦੇ ਅੰਦਰ ਸਭ ਕੁਝ ਠੀਕ ਹੈ। ਮੌਜੂਦਾ ਧਿਆਨ ਵਰਕਿੰਗ ਕਮੇਟੀ 'ਤੇ ਹੈ। ਮੀਟਿੰਗ ਵਿੱਚ ਤਿੰਨ ਜਾਂ ਚਾਰ ਜ਼ਿਲ੍ਹਾ ਪ੍ਰਧਾਨ ਇਸ ਲਈ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਅਮਰਨਾਥ ਯਾਤਰਾ 'ਤੇ ਸਨ। ਅਜਿਹੀ ਕਿਸੇ ਵੀ ਮੀਟਿੰਗ ਵਿੱਚ ਇੱਕ ਜਾਂ ਦੋ ਵਿਅਕਤੀਆਂ ਦਾ ਖੁੰਝਣਾ ਸੰਭਵ ਹੈ।"

ਕਾਂਗਰਸ ’ਚ ਕਿਉਂ ਪਿਆ ਕਲੇਸ਼ ?

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ 1 ਜੁਲਾਈ ਨੂੰ ਵੱਡਾ ਸੰਗਠਨਾਤਮਕ ਐਲਾਨ ਕੀਤਾ ਗਿਆ ਸੀ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਪੰਜਾਬ ਲਈ ਵੱਖ-ਵੱਖ ਚੋਣੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਸੀ ਜਿਸ ਵਿੱਚ ਅਮਰਿੰਦਰ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨਗੀ ਨੂੰ ਬਰਕਰਾਰ ਰੱਖਿਆ ਗਿਆ। ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਜਦਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੀ ਹੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਜੈ ਇੰਦਰ ਸਿੰਗਲਾ ਨੂੰ ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦੀ ਕਮਾਨ ਅਤੇ ਡਾ. ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ।

ਇਸਦੇ ਨਾਲ ਹੀ ਪਾਰਟੀ ਵੱਲੋਂ ਪੰਜਾਬ ਕਾਂਗਰਸ ਵਿੱਚ ਤਿੰਨ ਵਰਕਿੰਗ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਗਈ। ਇਨ੍ਹਾਂ ਵਿੱਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਨਾਮ ਸ਼ਾਮਲ ਹਨ। ਕੈਂਪੇਨ ਕਮੇਟੀ ਲਈ ਰਾਣਾ ਗੁਰਜੀਤ ਸਿੰਘ ਅਤੇ ਡਾ. ਧਰਮਵੀਰ ਗਾਂਧੀ ਨੂੰ ਕੋ-ਚੇਅਰਪਰਸਨ ਬਣਾਇਆ ਗਿਆ ਸੀ ਅਤੇ ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਵਿੱਚ ਓ.ਪੀ. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਕੋ-ਚੇਅਰਪਰਸਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸੇ ਤਰ੍ਹਾਂ ਮੈਨੀਫੈਸਟੋ ਕਮੇਟੀ ਵਿੱਚ ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸ਼ਾਮਲ ਕੀਤਾ ਗਿਆ।

ਸੰਗਠਨਾਤਮਕ ਐਲਾਨ ਤੋਂ ਬਾਅਦ ਸ਼ੁਰੂ ਹੋਈ ਬਗਾਵਤ ?

ਇਸ ਸੰਗਠਨਾਤਮਕ ਐਲਾਨ ਹੋਣ ਹੀ ਦੇਰ ਸੀ ਕਿ ਕਾਂਗਰਸ ਵਿੱਚ ਵੱਡੀ ਬਗਾਵਤ ਖੜ੍ਹੀ ਹੋ ਗਈ। ਕਾਂਗਰਸ ਵਿੱਚ ਗੁੱਟਬਾਜ਼ੀ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਤੇ ਇਸੇ ਵਿਚਾਲੇ ਹੀ ਚਰਨਚੀਤ ਚੰਨੀ ਵੱਲੋਂ ਆਪਣੇ ਰਿਹਾਇਸ਼ ਤੇ ਕਾਂਗਰਸ ਲੀਡਰਾਂ ਦੀ ਇੱਕ ਵੱਡੀ ਮੀਟਿੰਗ ਕੀਤੀ ਗਈ। ਜਿਸਨੇ ਕਾਂਗਰਸ ਵਿੱਚ ਵੱਡਾ ਭੂਚਾਲ ਲਿਆ ਦਿੱਤਾ। ਇਸ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਹਾਲਾਂਕਿ ਮੀਟਿੰਗ ਦਾ ਦੌਰ ਜਾਰੀ ਹੈ ਅਤੇ ਇਸੇ ਦੇ ਚੱਲਦੇ ਹੀ ਭੂਪੇਸ਼ ਬਘੇਲ ਪੰਜਾਬ ਆਏ ਹੋਏ ਹਨ।