ETV Bharat / politics

ਪੰਜਾਬ ਆਉਣਗੇ ਭਾਜਪਾ ਅਤੇ ਕਾਂਗਰਸੀ ਦਿੱਗਜ, ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਚੜ੍ਹਾਉਣਗੇ ਸਿਆਸੀ ਪਾਰਾ

ਪੰਜਾਬ ਵਿੱਚ ਦਿੱਗਜ਼ਾਂ ਦੀ ਆਮਦ, 28 ਫਰਵਰੀ ਨੂੰ ਰਾਹੁਲ ਗਾਂਧੀ ਅਤੇ 14 ਮਾਰਚ ਨੂੰ ਅਮਿਤ ਸ਼ਾਹ ਕਰਨਗੇ ਰੈਲੀ। ਪੜ੍ਹੋ ਪੂਰੀ ਖਬਰ...

Amit Shah will come to Punjab on March 14, will address BJP Rally in Moga
ਅਮਿਤ ਸ਼ਾਹ ਦੇ ਪੰਜਾਬ ਦੌਰੇ ਦੀ ਫਾਇਲ ਫੋਟੋ (@AmitShah & Etv Bharat)
author img

By ETV Bharat Punjabi Team

Published : February 26, 2026 at 12:24 PM IST

3 Min Read
Choose ETV Bharat

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ 14 ਮਾਰਚ ਨੂੰ ਮੋਗਾ ਵਿੱਚ ‘ਬਦਲਾਅ ਰੈਲੀ’ ਕਰੇਗੀ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਾਸ ਤੌਰ ਉੱਤੇ ਪਹੁੰਚ ਰਹੇ ਹਨ। ਇਹ ਐਲਾਨ ਕਰਦੇ ਹੋਏ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ "ਸੂਬੇ ਦਾ ਹਰ ਪੱਖੋਂ ਪੀੜਤ ਪੰਜਾਬ ਵਰਗ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਕੇ ਬਦਲਾਅ ਦੇ ਰੂਪ ਵਿੱਚ ਭਾਜਪਾ ਨੂੰ ਇੱਕੋ-ਇੱਕ ਭਰੋਸੇਯੋਗ ਅਤੇ ਯੋਗ ਵਿਕਲਪ ਮੰਨ ਚੁੱਕਾ ਹੈ।"

ਸੱਤਾ ਵਿੱਚ ਆਉਂਦੇ ਸਰਕਾਰ ਨੇ ਲਿਆ ਯੂ-ਟਰਨ

ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ "16 ਮਾਰਚ 2026 ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਜਾਣਗੇ। ਇਨ੍ਹਾਂ ਚਾਰ ਸਾਲਾਂ ਵਿੱਚ ਚੋਣ ਗਰੰਟੀਆਂ ਅਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਆਪ ਸਰਕਾਰ ਪੰਜਾਬ ਵਿੱਚ ਕਾਨੂੰਨ ਦਾ ਰਾਜ ਵੀ ਯਕੀਨੀ ਨਹੀਂ ਬਣਾ ਸਕੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਹਰ ਵਾਅਦੇ ਤੋਂ ਮੁੱਕਰਦਿਆਂ ਸਰਕਾਰ ਨੇ ਯੂ-ਟਰਨ ਲਿਆ ਹੈ।"

"ਪੰਜਾਬ ਵਿੱਚ ਕਾਨੂੰਨ-ਵਿਵਸਥਾ ਬੇਹਾਲ ਹੈ ਅਤੇ ਨਸ਼ਾ ਅਤੇ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਕਰਕੇ ਭ੍ਰਿਸ਼ਟਾਚਾਰ ਬੇਕਾਬੂ ਹੈ। ਸਿਹਤ ਅਤੇ ਸਿੱਖਿਆ ਪ੍ਰਣਾਲੀ ਡਗਮਗਾ ਰਹੀ ਹੈ, ਕਰਮਚਾਰੀਆਂ ਨੂੰ ਤਨਖ਼ਾਹ ਅਤੇ ਪੈਨਸ਼ਨ ਸਮੇਂ ’ਤੇ ਨਹੀਂ ਮਿਲ ਰਹੀ। ਮੁਫ਼ਤ ਯੋਜਨਾਵਾਂ ਦੇ ਬਕਾਏ ਨਾ ਮਿਲਣ ਕਾਰਨ ਬਿਜਲੀ ਬੋਰਡ ਅਤੇ ਪੰਜਾਬ ਰੋਡਵੇਜ਼ ਭਾਰੀ ਘਾਟੇ ਵਿੱਚ ਹਨ ਅਤੇ ਮਹੀਨਿਆਂ ਤੋਂ ਤਨਖ਼ਾਹ ਤੱਕ ਨਹੀਂ ਦੇ ਪਾ ਰਹੇ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਜਦਕਿ ਆਪ ਦੇ ਹੀ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਮਾਫੀਆ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਫ਼ਸਲ ’ਤੇ ਐਮਐਸਪੀ ਦੇਣ ਦਾ ਵਾਅਦਾ ਪੂਰਾ ਕਰਨਾ ਤਾਂ ਦੂਰ, ਪਿਛਲੇ ਚਾਰ ਸਾਲਾਂ ਵਿੱਚ ਕੇਂਦਰ ਵੱਲੋਂ ਕਣਕ ਅਤੇ ਝੋਨੇ ਲਈ ਭੇਜੀ ਜਾ ਰਹੀ ਐਮਐਸਪੀ ਵਿੱਚ ਵੀ ਕਿਸਾਨਾਂ ਨੂੰ ਕਟੌਤੀ ਝੱਲਣੀ ਪਈ। ਵਪਾਰੀ ਪੰਜਾਬ ਸਰਕਾਰ ਦੇ ਟੈਕਸ ਉਗਰਾਹੀ ਦੇ ਅੱਤਵਾਦ ਤੋਂ ਪੀੜਤ ਹਨ। ਸ਼ਹਿਰਾਂ, ਕਸਬਿਆਂ, ਪਿੰਡਾਂ ਨੂੰ ਜਾਣ ਵਾਲੀਆਂ ਅਤੇ ਅੰਦਰੂਨੀ ਸੜਕਾਂ ਨੂੰ ਨਵਾਂ ਬਣਾਉਣਾ ਤਾਂ ਦੂਰ, ਚਾਰ ਸਾਲਾਂ ਵਿੱਚ ਖੱਡੇ ਤੱਕ ਨਹੀਂ ਭਰੇ ਗਏ।"- ਅਸ਼ਵਨੀ ਸ਼ਰਮਾ, ਕਾਰਜਕਾਰੀ ਪ੍ਰਧਾਨ, ਪੰਜਾਬ ਭਾਜਪਾ

‘ਗੈਂਗਸਟਰ ਖੁੱਲ੍ਹੇਆਮ ਚਲਾ ਰਹੇ ਹਨ ਗੋਲੀਆਂ’

ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ "ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਚੇਨ ਸਨੈਚਿੰਗ ਦੀਆਂ ਘਟਨਾਵਾਂ ਰੋਜ਼ਾਨਾ ਹੋ ਰਹੀਆਂ ਹਨ। ਵੱਡੇ ਵਪਾਰੀਆਂ ਦੇ ਨਾਲ-ਨਾਲ ਹੁਣ ਫਿਰੌਤੀ ਲਈ ਫੋਨ ਆਟਾ-ਦਾਲ ਵੇਚਣ ਵਾਲੇ ਕਿਰਿਆਨਾ ਦੁਕਾਨਦਾਰਾਂ ਤੱਕ ਆ ਰਹੇ ਹਨ। ਕਬੱਡੀ ਖਿਡਾਰੀਆਂ ਨੂੰ ਸ਼ਰ੍ਹੇਆਮ ਮਾਰਿਆ ਜਾ ਰਿਹਾ ਹੈ। ਗੈਂਗਸਟਰ ਖੁੱਲ੍ਹੇਆਮ ਗੋਲੀਆਂ ਚਲਾ ਕੇ ਜਿਸ ਨੂੰ ਚਾਹੁੰਦੇ ਹਨ, ਮਾਰ ਰਹੇ ਹਨ ਅਤੇ ਹੁਣ ਤਾਂ ਪੁਲਿਸ ਥਾਣਿਆਂ ਅਤੇ ਐਸਐਸਪੀ ਦਫ਼ਤਰਾਂ ਦੇ ਬਾਹਰ ਵੀ ਬੇਖੌਫ਼ ਵਾਰਦਾਤਾਂ ਹੋ ਰਹੀਆਂ ਹਨ।"

ਪੰਜਾਬ ਵਿੱਚ ਬਣੇਗੀ ਭਾਜਪਾ ਦੀ ਡਬਲ ਇੰਜਣ ਸਰਕਾਰ

ਸ਼ਰਮਾ ਨੇ ਇਲਜ਼ਾਮ ਲਗਾਇਆ ਕਿ "ਪੰਜਾਬ ਵਿੱਚ ਅੱਤਵਾਦ ਨੂੰ ਜੜੋਂ ਖਤਮ ਕਰਨ ਵਾਲੀ ਪੰਜਾਬ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਣੇ ਰਾਜਨੀਤਿਕ ਵਿਰੋਧੀਆਂ ਨਾਲ ਬਦਲਾ ਲੈਣ ਵਿੱਚ ਇੰਨਾ ਵਿਅਸਤ ਕਰ ਦਿੱਤਾ ਹੈ ਕਿ ਪੁਲਿਸ ਆਪਣੇ ਹੀ ਥਾਣਿਆਂ ’ਤੇ ਹੋ ਰਹੇ ਗ੍ਰੇਨੇਡ ਹਮਲਿਆਂ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਆਪ ਸਰਕਾਰ ਤੋਂ ਛੁਟਕਾਰਾ ਪਾ ਕੇ ਸੂਬੇ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣਗੇ ਅਤੇ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਅੱਗੇ ਵਧਾਉਣਗੇ।"

28 ਫਰਵਰੀ ਨੂੰ ਪੰਜਾਬ 'ਚ ਰਾਹੁਲ ਗਾਂਧੀ ਦੀ ਫੇਰੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 28 ਫਰਵਰੀ ਨੂੰ ਪੰਜਾਬ ਆ ਰਹੇ ਹਨ। ਬਰਨਾਲਾ ਵਿੱਚ ਰਾਹੁਲ ਗਾਂਧੀ 'ਮਨਰੇਗਾ ਬਚਾਓ ਰੈਲੀ' ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਦੱਸ ਦਈਏ ਕਿ ਰਾਹੁਲ ਗਾਂਧੀ ਦੇਸ਼ ਭਰ ਵਿੱਚ ਰੈਲੀਆਂ ਕਰ ਰਹੇ ਹਨ।