ETV Bharat / politics

‘ਕਾਂਗਰਸ ਨੂੰ ਪਹਿਲਾਂ ਜੋ ਸੀਟਾਂ ਮਿਲੀਆਂ ਹੁਣ ਉਹ ਵੀ ਨਹੀਂ ਮਿਲਣੀਆਂ’, ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਤੋਂ ਪਹਿਲਾਂ ‘ਆਪ’ ਦਾ ਤੰਜ

28 ਫਰਵਰੀ ਨੂੰ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਰਨਾਲਾ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ।

MEMBER OF PARLIAMENT MEET HAYER
ਰਾਹੁਲ ਗਾਂਧੀ ਬਾਰੇ ਮੀਤ ਹੇਅਰ ਦਾ ਬਿਆਨ (Etv Bharat)
author img

By ETV Bharat Punjabi Team

Published : February 24, 2026 at 6:37 PM IST

2 Min Read
Choose ETV Bharat

ਬਰਨਾਲਾ: ਬਰਨਾਲਾ ਦੀ ਦਾਣਾ ਮੰਡੀ ਵਿੱਚ 28 ਫਰਵਰੀ ਨੂੰ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਹੋਣ ਜਾ ਰਹੀ ਵੱਡੀ ਰੈਲੀ ਤੋਂ ਪਹਿਲਾਂ ਸਿਆਸੀ ਮਾਹੌਲ ਭਖ ਗਿਆ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਕਾਂਗਰਸ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਲੋਕ ਹੁਣ ਕਾਂਗਰਸ ਦਾ ਨਾਮ ਸੁਣਨਾ ਵੀ ਪਸੰਦ ਨਹੀਂ ਕਰਦੇ।

ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਤੋਂ ਪਹਿਲਾਂ ‘ਆਪ’ ਸੰਸਦ ਦਾ ਤੰਜ਼ (Etv Bharat)

"ਆਪਸ 'ਚ ਹੀ ਲੜ ਰਹੇ ਨੇ ਕਾਂਗਰਸ ਦੇ ਆਗੂ"

ਮੀਤ ਹੇਅਰ ਨੇ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਚੋਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਆਗੂ ਆਪਸ ਵਿੱਚ ਹੀ ਲੜ ਰਹੇ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ "ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਹਨ। ਚੰਨੀ ਸਰਕਾਰ ਵੇਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲੋਂ ਮਿਲੀ ਨਕਦੀ (10 ਕਰੋੜ) ਨੇ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਕੀਤਾ ਸੀ।"

ਮੀਤ ਹੇਅਰ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਚੰਨੀ ਨੂੰ ਦੋਵਾਂ ਸੀਟਾਂ ਤੋਂ ਹਰਾ ਕੇ ਕਾਂਗਰਸ ਦੇ ਝੂਠੇ ਵਾਅਦਿਆਂ ਦਾ ਜਵਾਬ ਦੇ ਦਿੱਤਾ ਸੀ। ਸੰਸਦ ਮੈਂਬਰ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਉਹ ਕੰਮ ਵੀ ਕੀਤੇ ਹਨ, ਜਿਨ੍ਹਾਂ ਦੇ ਵਾਅਦੇ ਚੋਣਾਂ ਦੌਰਾਨ ਨਹੀਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਰਥਿਕ ਰਾਹਤ ਦੇਣ ਲਈ ਕਈ ਟੋਲ ਪਲਾਜ਼ੇ ਬੰਦ ਕੀਤੇ ਗਏ। ਸੜਕੀ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਫੋਰਸ ਦਾ ਗਠਨ ਕੀਤਾ ਗਿਆ। 10 ਲੱਖ ਰੁਪਏ ਤੱਕ ਦੀ ਬੀਮਾ ਯੋਜਨਾ ਲਾਗੂ ਕੀਤੀ ਗਈ। ਖੇਡ ਵਿਭਾਗ ਦਾ ਬਜਟ 100 ਕਰੋੜ ਤੋਂ ਵਧਾ ਕੇ 1000 ਕਰੋੜ ਕੀਤਾ ਗਿਆ ਹੈ ਤਾਂ ਜੋ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਸਕਣ।

"ਕਿਸੇ ਦੀ ਨਿੰਦਿਆ ਕਰਨਾ ਸੌਖਾ ਹੈ, ਪਰ ਕੰਮ ਕਰਨਾ ਔਖਾ"

ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਕਿਸੇ ਦੀ ਨਿੰਦਿਆ ਕਰਨਾ ਸੌਖਾ ਹੈ, ਪਰ ਕੰਮ ਕਰਨਾ ਔਖਾ। ਕਾਂਗਰਸ ਨੇ ਸਿਰਫ਼ ਗੱਲਾਂ ਕੀਤੀਆਂ, ਪਰ ਅਸੀਂ ਅਸਲ ਵਿਕਾਸ ਕਰ ਰਹੇ ਹਾਂ।" ਕਾਂਗਰਸ ਦੀ ਰੈਲੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਾਅਵੇ ਭਾਵੇਂ ਵੱਡੇ ਕੀਤੇ ਜਾਣ, ਪਰ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀਆਂ ਸੀਟਾਂ ਪਹਿਲਾਂ ਨਾਲੋਂ ਵੀ ਘਟਣਗੀਆਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਆਮ ਨਾਗਰਿਕ ਕਾਂਗਰਸ ਦੇ ਨਾਮ ਤੋਂ ਵੀ ਦੂਰੀ ਬਣਾ ਚੁੱਕਾ ਹੈ। ਮੀਤ ਹੇਅਰ ਨੇ ਦੱਸਿਆ ਕਿ ਪਿੰਡਾਂ ਵਿੱਚ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਅਤੇ ਨਹਿਰੀ ਪਾਣੀ ਤੇ ਛੱਪੜਾਂ ਦੇ ਨਵੀਨੀਕਰਨ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ।