'ਆਪ' ਵੱਲੋਂ ਹਲਕਾ ਇੰਚਾਰਜ ਲਗਾਏ ਗਏ ਜਸਵੀਰ ਗੜ੍ਹੀ ਦੀ ਪਹਿਲੀ ਫੇਰੀ ਨੇ ਛੇੜੀ ਨਵੀਂ ਚਰਚਾ, 'ਆਪ' MLA ਅਤੇ ਸਮਰਥਕ ਰਹੇ ਗੈਰਹਾਜ਼ਰ !
'ਆਪ' ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਜਸਵੀਰ ਗੜ੍ਹੀ ਦੀ ਪਹਿਲੀ ਫੇਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ।


Published : August 30, 2026 at 8:28 PM IST
ਰੂਪਨਗਰ(ਸ੍ਰੀ ਚਮਕੌਰ ਸਾਹਿਬ): ਆਮ ਆਦਮੀ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਨਿਯੁਕਤ ਕੀਤੇ ਨਵੇਂ ਹਲਕਾ ਇੰਚਾਰਜ ਸਾਬਕਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਜਸਵੀਰ ਸਿੰਘ ਗੜ੍ਹੀ ਦੇ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਇਸ ਪਹਿਲੀ ਫੇਰੀ ਦੌਰਾਨ ਹਲਕੇ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਗੈਰਹਾਜ਼ਰ ਰਹੇ ਜਦਕਿ ਅਹੁਦੇਦਾਰਾਂ ਵਿੱਚ ਵੀ ਬਹੁਤ ਲੋਕ ਅਜਿਹੇ ਹਨ ਜੋ ਘਰਾਂ ਵਿੱਚ ਨਰਾਜ ਬੈਠੇ ਹਨ। ਜਾਣਕਾਰੀ ਮੁਤਾਬਤਕ ਜਸਵੀਰ ਗੜ੍ਹੀ ਦੇ ਆਉਣ ਤੋਂ ਪਹਿਲਾਂ ਸਥਾਨਕ ਪਾਰਟੀ ਵਰਕਰਾਂ ਨੇ ਵਿਰੋਧ ਵੀ ਦਰਜ ਕਰਵਾਇਆ ਸੀ।
'ਆਪ' ਵਿਧਾਇਕ ਦੀ ਗੈਰਹਾਜ਼ਰੀ ਦੇ ਸਵਾਲ 'ਤੇ ਬਿਆਨ
ਜਸਵੀਰ ਸਿੰਘ ਗੜ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧ 'ਚੋਂ ਹੀ ਵਿਕਾਸ ਹੁੰਦਾ ਹੈ। ਗੜ੍ਹੀ ਨੇ ਆਪ ਵਿਧਾਇਕ ਡਾ. ਚਰਨਜੀਤ ਸਿੰਘ ਦੀ ਗੈਰਹਾਜ਼ਰੀ 'ਤੇ ਵੀ ਮੰਥਨ ਕਰਨ ਦੀ ਗੱਲ ਕਹੀ ਜਦਕਿ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।
"ਬਤੌਰ ਹਲਕਾ ਇੰਚਾਰਜ ਇਹ ਮੇਰੀ ਪਹਿਲੀ ਫੇਰੀ ਹੈ। ਇਹ ਗੁਰੂਆਂ ਦੀ ਧਰਤੀ ਹੈ ਇਸ ਲਈ ਮੈਂ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਇਆ ਹਾਂ। ਹਲਕਾ ਵਿਧਾਇਕ ਦੀ ਗੈਰਹਾਜ਼ਰੀ ਦਾ ਮੇਰੇ ਵੱਲੋਂ ਮੰਥਨ ਕੀਤਾ ਜਾਵੇਗਾ ਕਿ ਆਖਰ ਕੌਣ ਹਾਜ਼ਰ ਰਿਹਾ ਹੈ ਅਤੇ ਕੌਣ ਗੈਰ ਹਾਜ਼ਰ ਰਿਹਾ। ਮੈਂ ਨਾ ਕਿਸੇ ਚਿਹਰੇ ਅਤੇ ਨਾ ਹੀ ਕਿਸੇ ਪਾਰਟੀ ਨੂੰ ਟੱਕਰ ਦੇਣ ਆਇਆ ਹਾਂ। ਅੱਜ ਮੇਰਾ ਪਹਿਲਾ ਦਿਨ ਹੈ। ਮੇਰੇ ਨਾਲ ਵੱਡੀ ਗਿਣਤੀ ਵਿੱਚ ਲੋਕ ਆਏ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਚਮਕੌਰ ਸਾਹਿਬ ਦੀ ਧਰਤੀ ਇੱਕ ਵੱਡੇ ਬਦਲਾਅ ਲਈ ਤਿਆਰ ਹੈ।"- ਜਸਵੀਰ ਸਿੰਘ ਗੜ੍ਹੀ, ਹਲਕਾ ਇੰਚਾਰਜ, ਸ੍ਰੀ ਚਮਕੌਰ ਸਾਹਿਬ
ਬਾਹਰੀ ਉਮੀਦਵਾਰ ਦੇ ਸਵਾਲ 'ਤੇ ਕੀ ਬੋਲੇ ਗੜ੍ਹੀ?
ਬਾਹਰੀ ਉਮੀਦਵਾਰ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ "ਜਦੋਂ ਬਾਹਰੀ ਆਇਆ ਹੋਇਆ ਵਿਧਾਇਕ ਬਣ ਮੁੱਖ ਮੰਤਰੀ ਬਣ ਗਿਆ ਤਾਂ ਬਾਹਰ ਵਾਲੀ ਤਾਂ ਕੋਈ ਗੱਲ ਨਹੀਂ ਰਹੀ। ਆਉਣ ਦਿਉਂ ਅਗਲੇ ਦਿਨ ਬਹੁਤ ਸੁਆਦ ਆਉਣਾ ਹੈ।"

