ETV Bharat / international

ਕੈਨੇਡਾ ਵਿੱਚ ਜ਼ਬਰਨ ਵਸੂਲੀ ਦੇ ਮਾਮਲਿਆਂ ਵਿੱਚ 7 ਸ਼ੱਕੀ ਪੰਜਾਬੀਆਂ ਦੀਆਂ ਤਸਵੀਰਾਂ ਜਾਰੀ, 2 ਨੂੰ ਕੀਤਾ ਡਿਪੋਰਟ

ਸਰੀ ਪੁਲਿਸ ਨੇ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਅਤੇ ਹਿੰਸਕ ਅਪਰਾਧਾਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਹੈ।

PUNJABI YOUTH ARRESTED IN SURREY
ਕੈਨੇਡਾ ਵਿੱਚ ਜ਼ਬਰਨ ਵਸੂਲੀ ਦੇ 7 ਸ਼ੱਕੀ ਪੰਜਾਬੀ (X@surreyps)
author img

By ETV Bharat Punjabi Team

Published : May 7, 2026 at 5:42 PM IST

7 Min Read
Choose ETV Bharat

ਚੰਡੀਗੜ੍ਹ: ਕੈਨੇਡਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਸਰੀ ਪੁਲਿਸ ਸਰਵਿਸ ਨੇ ਸ਼ਹਿਰ ਵਿੱਚ ਵਧ ਰਹੀਆਂ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਅਤੇ ਹਿੰਸਕ ਅਪਰਾਧਾਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਜਨਤਾ ਦੀ ਮਦਦ ਹਾਸਲ ਕਰਨ ਲਈ ਪੁਲਿਸ ਨੇ ਕਈ ਮੁਲਜ਼ਮਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ, ਜੋ ਸਾਰੇ ਹੀ ਪੰਜਾਬੀ ਹਨ।

19 ਤੋਂ 21 ਸਾਲ ਦੇ ਪੰਜਾਬੀ ਮੁਲਜ਼ਮ

ਸਰੀ ਪੁਲਿਸ ਵੱਲੋਂ ਕੁੱਲ 7 ਪੰਜਾਬੀ ਨੌਜਵਾਨਾਂ ਦੀਆਂ ਤਾਜ਼ਾ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਉਮਰ 19 ਤੋਂ 21 ਸਾਲ ਦੇ ਵਿਚਾਲੇ ਹੈ। ਇਨ੍ਹਾਂ ਵਿੱਚੋਂ 2 ਨੂੰ ਪਹਿਲਾਂ ਹੀ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਿਆ ਹੈ। 3 ਨੌਜਵਾਨਾਂ ਨੂੰ ਕਿਸੇ ਜਗ੍ਹਾ 'ਤੇ ਗੋਲੀ ਚਲਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ 2 ਹੋਰਾਂ ਨੂੰ ਇੱਕ ਗੱਡੀ ਵਿੱਚ ਨਜਾਇਜ਼ ਹਥਿਆਰ ਸਣੇ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਜਨਤਕ ਸੁਰੱਖਿਆ ਅਤੇ ਚੱਲ ਰਹੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਗਈ ਹੈ ਤਾਂ ਜੋ ਹੋਰ ਪੀੜਤ ਜਾਂ ਗਵਾਹ ਸਾਹਮਣੇ ਆ ਸਕਣ। ਹੇਠਾਂ ਦਿੱਤੀ ਗਈ ਜਾਣਕਾਰੀ ਹਰ ਉਸ ਸ਼ਖ਼ਸ ਬਾਰੇ ਹੈ ਜਿਸ ਦੀ ਤਸਵੀਰ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ:

PUNJABI YOUTH ARRESTED IN SURREY
ਪ੍ਰਭਜੋਤ ਸਿੰਘ (X@surreyps)

1. ਪ੍ਰਭਜੋਤ ਸਿੰਘ - ਡਿਪੋਰਟ ਕੀਤਾ ਗਿਆ

ਪ੍ਰਭਜੋਤ ਸਿੰਘ ਇੱਕ 20 ਸਾਲਾ ਵਿਦੇਸ਼ੀ ਨਾਗਰਿਕ ਹੈ, ਜਿਸ ਨੂੰ ਸਰੀ ਪੁਲਿਸ ਸਰਵਿਸ ਵੱਲੋਂ ਜ਼ਬਰਨ ਵਸੂਲੀ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ 'ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਜਾਂਚ ਮੁਕੰਮਲ ਕੀਤੀ ਅਤੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ। ਸਰੀ ਪੁਲਿਸ ਨੇ ਹੁਣ ਉਸ ਦੀ ਤਸਵੀਰ ਜਨਤਕ ਕੀਤੀ ਹੈ ਤਾਂ ਜੋ ਕੈਨੇਡਾ ਵਿੱਚ ਰਹਿੰਦਿਆਂ ਉਸ ਦੇ ਸੰਪਰਕਾਂ ਅਤੇ ਨੈੱਟਵਰਕ ਬਾਰੇ ਹੋਰ ਸਬੂਤ ਜੁਟਾਏ ਜਾ ਸਕਣ। ਪੁਲਿਸ ਮੁਤਾਬਕ ਪ੍ਰਭਜੋਤ ਸਿੰਘ ਬਾਰੇ ਮਿਲਣ ਵਾਲੀ ਜਾਣਕਾਰੀ ਹਿੰਸਕ ਅਪਰਾਧਕ ਗਿਰੋਹਾਂ ਨੂੰ ਨੱਥ ਪਾਉਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ। ਕੋਈ ਵੀ ਵਿਅਕਤੀ ਜਿਸ ਕੋਲ ਇਸ ਮਾਮਲੇ ਬਾਰੇ ਵੇਰਵੇ ਹਨ, ਉਹ ਸਰੀ ਐਕਸਟੌਰਸ਼ਨ ਟਿਪ ਲਾਈਨ 'ਤੇ ਸੰਪਰਕ ਕਰ ਸਕਦਾ ਹੈ।

PUNJABI YOUTH ARRESTED IN SURREY
ਲਵਬੀਰ ਸਿੰਘ (X@surreyps)

2. ਲਵਬੀਰ ਸਿੰਘ - ਡਿਪੋਰਟ ਕੀਤਾ ਗਿਆ

ਲਵਬੀਰ ਸਿੰਘ ਇੱਕ 22 ਸਾਲਾ ਵਿਦੇਸ਼ੀ ਨਾਗਰਿਕ ਹੈ, ਜੋ ਸਾਲ 2023 ਦੀਆਂ ਪਤਝੜ ਦੀਆਂ ਛੁੱਟੀਆਂ ਦੌਰਾਨ ਕੈਨੇਡਾ ਆਇਆ ਸੀ ਅਤੇ ਸਰੀ ਪੁਲਿਸ ਸਰਵਿਸ ਵੱਲੋਂ ਉਸ ਨੂੰ ਜ਼ਬਰਨ ਵਸੂਲੀ ਦੀਆਂ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਹੇਠ ਪਛਾਣਿਆ ਗਿਆ ਸੀ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਜਾਂਚ ਸ਼ੁਰੂ ਕੀਤੀ ਅਤੇ ਨਤੀਜੇ ਵਜੋਂ ਲਵਬੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ। ਪੁਲਿਸ ਨੇ ਹੁਣ ਉਸ ਦੀ ਤਸਵੀਰ ਇਸ ਮਕਸਦ ਨਾਲ ਜਨਤਕ ਕੀਤੀ ਹੈ ਤਾਂ ਜੋ ਕੈਨੇਡਾ ਵਿੱਚ ਰਹਿੰਦਿਆਂ ਉਸ ਦੇ ਸਾਥੀਆਂ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਹੋਰ ਅਹਿਮ ਜਾਣਕਾਰੀ ਅਤੇ ਸਬੂਤ ਜੁਟਾਏ ਜਾ ਸਕਣ। ਸਰੀ ਪੁਲਿਸ ਦਾ ਮੰਨਣਾ ਹੈ ਕਿ ਲਵਬੀਰ ਸਿੰਘ ਬਾਰੇ ਮਿਲਣ ਵਾਲੀ ਕੋਈ ਵੀ ਜਾਣਕਾਰੀ ਜ਼ਬਰਨ ਵਸੂਲੀ ਵਿੱਚ ਸ਼ਾਮਲ ਅਪਰਾਧਿਕ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਕੋਈ ਵੀ ਵਿਅਕਤੀ ਜੋ ਲਵਬੀਰ ਸਿੰਘ ਬਾਰੇ ਜਾਣਕਾਰੀ ਰੱਖਦਾ ਹੈ, ਉਹ ਸਰੀ ਐਕਸਟੌਰਸ਼ਨ ਟਿਪ ਲਾਈਨ (236-485-5149) 'ਤੇ ਸੰਪਰਕ ਕਰ ਸਕਦਾ ਹੈ ਜਾਂ ਕ੍ਰਾਈਮ ਸਟੌਪਰਸ ਰਾਹੀਂ ਗੁਪਤ ਤੌਰ 'ਤੇ ਸੂਚਨਾ ਦੇ ਸਕਦਾ ਹੈ।

PUNJABI YOUTH ARRESTED IN SURREY
ਹਰਜੋਤ ਸਿੰਘ (X@surreyps)

3. ਹਰਜੋਤ ਸਿੰਘ - ਗੋਲੀਬਾਰੀ ਦੇ ਇਲਜ਼ਾਮ

ਹਰਜੋਤ ਸਿੰਘ 21 ਸਾਲਾ ਨੌਜਵਾਨ ਹੈ, ਜਿਸ ਨੂੰ 1 ਫਰਵਰੀ 2026 ਨੂੰ ਸਰੀ ਪੁਲਿਸ ਸਰਵਿਸ ਵੱਲੋਂ ਗੋਲੀਬਾਰੀ ਦੀ ਇੱਕ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਕ੍ਰਿਮੀਨਲ ਕੋਡ ਦੀ ਧਾਰਾ 244.2(1)(a) ਦੇ ਤਹਿਤ ਕਿਸੇ ਨਿਸ਼ਚਿਤ ਸਥਾਨ 'ਤੇ ਹਥਿਆਰ ਨਾਲ ਗੋਲੀ ਚਲਾਉਣ ਦਾ ਗੰਭੀਰ ਇਲਜ਼ਾਮ ਲਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਸਰੀ ਦੇ ਕ੍ਰੇਸੈਂਟ ਬੀਚ ਇਲਾਕੇ ਵਿੱਚ ਵਾਪਰੀ ਸੀ, ਜਿੱਥੇ ਇੱਕ ਰਿਹਾਇਸ਼ ਦੇ ਬਾਹਰ ਗੋਲੀਆਂ ਚੱਲਣ ਅਤੇ ਅੱਗ ਲੱਗਣ ਦੀਆਂ ਰਿਪੋਰਟਾਂ ਮਿਲੀਆਂ ਸਨ। ਹਰਜੋਤ ਸਿੰਘ ਇੱਕ ਵਿਦੇਸ਼ੀ ਨਾਗਰਿਕ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਸ਼ਾਮਲ ਕੀਤਾ ਹੈ। ਸਰੀ ਪੁਲਿਸ ਨੇ ਉਸ ਦੀ ਤਸਵੀਰ ਇਸ ਉਦੇਸ਼ ਨਾਲ ਜਾਰੀ ਕੀਤੀ ਹੈ ਤਾਂ ਜੋ ਹੋਰ ਗਵਾਹ, ਪੀੜਤ ਜਾਂ ਉਸ ਦੇ ਸਾਥੀ ਸਾਹਮਣੇ ਆ ਕੇ ਜਾਂਚ ਵਿੱਚ ਮਦਦ ਕਰ ਸਕਣ। ਇਸ ਮਾਮਲੇ ਵਿੱਚ ਜਾਣਕਾਰੀ ਦੇਣ ਵਾਲਾ ਵਿਅਕਤੀ ਸਰੀ ਐਕਸਟੌਰਸ਼ਨ ਰਿਵਾਰਡ ਫੰਡ ਰਾਹੀਂ ਇਨਾਮ ਦਾ ਹੱਕਦਾਰ ਹੋ ਸਕਦਾ ਹੈ।

PUNJABI YOUTH ARRESTED IN SURREY
ਤਰਨਵੀਰ ਸਿੰਘ (X@surreyps)

4. ਤਰਨਵੀਰ ਸਿੰਘ - ਹਿੰਸਕ ਅਪਰਾਧ ਦੇ ਇਲਜ਼ਾਮ

ਤਰਨਵੀਰ ਸਿੰਘ 19 ਸਾਲਾ ਨੌਜਵਾਨ ਹੈ, ਜਿਸ ਨੂੰ 1 ਫਰਵਰੀ 2026 ਨੂੰ ਸਰੀ ਪੁਲਿਸ ਸਰਵਿਸ ਦੇ 'ਪ੍ਰੋਜੈਕਟ ਐਸ਼ੋਰੈਂਸ' ਅਤੇ ਮੇਜਰ ਕ੍ਰਾਈਮ ਸੈਕਸ਼ਨ ਦੇ ਮੈਂਬਰਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਕ੍ਰਿਮੀਨਲ ਕੋਡ ਦੀ ਧਾਰਾ 244.2(1)(a) ਦੇ ਤਹਿਤ ਕਿਸੇ ਸਥਾਨ 'ਤੇ ਹਥਿਆਰ ਨਾਲ ਗੋਲੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਸਰੀ ਦੇ ਕ੍ਰੇਸੈਂਟ ਬੀਚ ਇਲਾਕੇ ਵਿੱਚ ਤੜਕਸਾਰ ਵਾਪਰੀ ਸੀ, ਜਿਸ ਤੋਂ ਬਾਅਦ ਤਰਨਵੀਰ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ ਇੱਕ ਟੈਕਸੀ ਵਿੱਚ ਸਵਾਰ ਹੋਣ ਮੌਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਤਸਦੀਕ ਕੀਤੀ ਹੈ ਕਿ ਤਰਨਵੀਰ ਸਿੰਘ ਇੱਕ ਵਿਦੇਸ਼ੀ ਨਾਗਰਿਕ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਸਰੀ ਪੁਲਿਸ ਨੇ ਉਸ ਦੀ ਤਸਵੀਰ ਜਨਤਕ ਕੀਤੀ ਹੈ ਤਾਂ ਜੋ ਉਸ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਹੋਰ ਗਵਾਹ ਜਾਂ ਪੀੜਤ ਸਾਹਮਣੇ ਆ ਸਕਣ ਅਤੇ ਜਾਂਚ ਵਿੱਚ ਮਦਦ ਹੋ ਸਕੇ। ਜੇਕਰ ਕਿਸੇ ਕੋਲ ਤਰਨਵੀਰ ਸਿੰਘ ਦੇ ਅਪਰਾਧਕ ਸਬੰਧਾਂ ਬਾਰੇ ਜਾਣਕਾਰੀ ਹੈ, ਤਾਂ ਉਹ ਸਰੀ ਐਕਸਟੌਰਸ਼ਨ ਟਿਪ ਲਾਈਨ (236-485-5149) 'ਤੇ ਸੰਪਰਕ ਕਰ ਸਕਦਾ ਹੈ।

PUNJABI YOUTH ARRESTED IN SURREY
ਦਿਆਜੀਤ ਸਿੰਘ ਬਿਲਿੰਗ (X@surreyps)

5. ਦਿਆਜੀਤ ਸਿੰਘ ਬਿਲਿੰਗ - ਹਥਿਆਰਾਂ ਨਾਲ ਹਮਲੇ ਦੇ ਇਲਜ਼ਾਮ

ਦਿਆਜੀਤ ਸਿੰਘ ਬਿਲਿੰਗ 21 ਸਾਲਾ ਨੌਜਵਾਨ ਹੈ, ਜਿਸ ਨੂੰ ਸਰੀ ਪੁਲਿਸ ਸਰਵਿਸ ਵੱਲੋਂ 1 ਫਰਵਰੀ 2026 ਨੂੰ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਕ੍ਰਿਮੀਨਲ ਕੋਡ ਦੀ ਧਾਰਾ 244.2(1)(a) ਦੇ ਤਹਿਤ ਕਿਸੇ ਸਥਾਨ 'ਤੇ ਹਥਿਆਰ ਨਾਲ ਗੋਲੀ ਚਲਾਉਣ ਦਾ ਸੰਗੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਉਹ ਆਪਣੇ ਦੋ ਸਾਥੀਆਂ ਸਮੇਤ ਇੱਕ ਟੈਕਸੀ ਰਾਹੀਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਤਸਦੀਕ ਕੀਤੀ ਹੈ ਕਿ ਦਿਆਜੀਤ ਸਿੰਘ ਇੱਕ ਵਿਦੇਸ਼ੀ ਨਾਗਰਿਕ ਹੈ ਅਤੇ ਇਸ ਸਬੰਧੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਵੀ ਤਾਲਮੇਲ ਕੀਤਾ ਗਿਆ ਹੈ। ਸਰੀ ਪੁਲਿਸ ਨੇ ਉਸ ਦੀ ਤਸਵੀਰ ਇਸ ਉਦੇਸ਼ ਨਾਲ ਜਨਤਕ ਕੀਤੀ ਹੈ ਤਾਂ ਜੋ ਪੀੜਤ ਜਾਂ ਹੋਰ ਗਵਾਹ ਸਾਹਮਣੇ ਆ ਕੇ ਜਾਂਚ ਵਿੱਚ ਮਦਦ ਕਰ ਸਕਣ। ਜੇਕਰ ਕੋਈ ਵਿਅਕਤੀ ਉਸ ਬਾਰੇ ਅਹਿਮ ਜਾਣਕਾਰੀ ਦਿੰਦਾ ਹੈ, ਤਾਂ ਉਹ ਸਰੀ ਐਕਸਟੌਰਸ਼ਨ ਰਿਵਾਰਡ ਫੰਡ ਰਾਹੀਂ ਇਨਾਮ ਦਾ ਹੱਕਦਾਰ ਬਣ ਸਕਦਾ ਹੈ।

PUNJABI YOUTH ARRESTED IN SURREY
ਹਰਸ਼ਦੀਪ ਸਿੰਘ (X@surreyps)

6. ਹਰਸ਼ਦੀਪ ਸਿੰਘ - ਖ਼ਤਰਨਾਕ ਡਰਾਈਵਿੰਗ ਅਤੇ ਹਥਿਆਰ

ਹਰਸ਼ਦੀਪ ਸਿੰਘ 20 ਸਾਲਾ ਨੌਜਵਾਨ ਹੈ, ਜਿਸ ਨੂੰ 26 ਜਨਵਰੀ 2026 ਨੂੰ ਸਰੀ ਪੁਲਿਸ ਸਰਵਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ 'ਪ੍ਰੋਜੈਕਟ ਐਸ਼ੋਰੈਂਸ' ਦੀ ਟੀਮ ਨੇ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਇੱਕ ਸ਼ੱਕੀ ਵਾਹਨ ਨੂੰ ਰੋਕਿਆ। ਹਰਸ਼ਦੀਪ ਸਿੰਘ 'ਤੇ ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਅਤੇ ਇਹ ਜਾਣਦੇ ਹੋਏ ਉਸ ਗੱਡੀ ਵਿੱਚ ਸਵਾਰ ਹੋਣ ਦਾ ਇਲਜ਼ਾਮ, ਜਿਸ ਵਿੱਚ ਹਥਿਆਰ ਮੌਜੂਦ ਸੀ। ਪੁਲਿਸ ਨੇ ਗ੍ਰਿਫ਼ਤਾਰੀ ਦੌਰਾਨ ਇੱਕ ਲੋਡਿਡ ਹੈਂਡਗੰਨ ਵੀ ਬਰਾਮਦ ਕੀਤੀ ਹੈ। ਉਹ ਇੱਕ ਵਿਦੇਸ਼ੀ ਨਾਗਰਿਕ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।

PUNJABI YOUTH ARRESTED IN SURREY
ਹੰਸਪ੍ਰੀਤ ਸਿੰਘ (X@surreyps)

7. ਹੰਸਪ੍ਰੀਤ ਸਿੰਘ - ਨਜਾਇਜ਼ ਹਥਿਆਰ ਦੀ ਮੌਜੂਦਗੀ

ਹੰਸਪ੍ਰੀਤ ਸਿੰਘ ਇੱਕ 21 ਸਾਲਾ ਨੌਜਵਾਨ ਹੈ, ਜਿਸ ਨੂੰ ਸਰੀ ਪੁਲਿਸ ਸਰਵਿਸ ਵੱਲੋਂ 26 ਜਨਵਰੀ 2026 ਨੂੰ ਤੜਕਸਾਰ ਇੱਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ 'ਪ੍ਰੋਜੈਕਟ ਐਸ਼ੋਰੈਂਸ' ਦੀ ਟੀਮ ਨੇ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਇੱਕ ਸ਼ੱਕੀ ਵਾਹਨ ਨੂੰ ਰੋਕਿਆ। ਹੰਸਪ੍ਰੀਤ ਸਿੰਘ ਉੱਤੇ ਕ੍ਰਿਮੀਨਲ ਕੋਡ ਦੀ ਧਾਰਾ 94(1) ਤਹਿਤ ਅਜਿਹੀ ਗੱਡੀ ਵਿੱਚ ਸਵਾਰ ਹੋਣ ਦਾ ਇਲਜ਼ਾਮ ਲਾਇਆ ਗਿਆ ਹੈ ਜਿਸ ਵਿੱਚ ਹਥਿਆਰ ਮੌਜੂਦ ਹੋਣ ਦੀ ਉਸ ਨੂੰ ਜਾਣਕਾਰੀ ਸੀ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਗੱਡੀ ਵਿੱਚੋਂ ਇੱਕ ਲੋਡੇਡ ਹੈਂਡਗੰਨ ਬਰਾਮਦ ਕੀਤੀ ਹੈ। ਉਹ ਇੱਕ ਵਿਦੇਸ਼ੀ ਨਾਗਰਿਕ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਰੀ ਪੁਲਿਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਵੀ ਤਾਲਮੇਲ ਕੀਤਾ ਹੈ।

ਸਰੀ ਪੁਲਿਸ ਦੀ ਜਨਤਾ ਨੂੰ ਅਪੀਲ

ਸਰੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਜਨਤਕ ਕਰਨ ਦਾ ਮਕਸਦ ਲੋਕਾਂ ਦੀ ਮਦਦ ਲੈਣਾ ਹੈ। ਪੁਲਿਸ ਚਾਹੁੰਦੀ ਹੈ ਕਿ ਜੇਕਰ ਕਿਸੇ ਕੋਲ ਇਨ੍ਹਾਂ ਵਿਅਕਤੀਆਂ ਦੇ ਸਬੰਧਾਂ, ਉਨ੍ਹਾਂ ਦੀਆਂ ਹਾਲੀਆ ਗਤੀਵਿਧੀਆਂ ਜਾਂ ਕਿਸੇ ਹੋਰ ਵਾਰਦਾਤ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਤੁਰੰਤ ਸਾਂਝੀ ਕਰੇ।

ਵੱਡਾ ਇਨਾਮ ਅਤੇ ਗੁਪਤ ਪਛਾਣ

ਜ਼ਬਰਨ ਵਸੂਲੀ ਦੇ ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ਲਈ ਸਰੀ ਸਿਟੀ ਨੇ $250,000 ਦਾ 'ਰਿਵਾਰਡ ਫੰਡ' ਤਿਆਰ ਕੀਤਾ ਹੈ। ਜੇਕਰ ਕੋਈ ਅਜਿਹੀ ਜਾਣਕਾਰੀ ਦਿੰਦਾ ਹੈ ਜਿਸ ਨਾਲ ਕਿਸੇ ਅਪਰਾਧੀ ਨੂੰ ਸਜ਼ਾ ਮਿਲ ਸਕੇ, ਤਾਂ ਉਸ ਨੂੰ $100,000 ਤੱਕ ਦਾ ਇਨਾਮ ਦਿੱਤਾ ਜਾ ਸਕਦਾ ਹੈ। ਜਾਣਕਾਰੀ ਦੇਣ ਲਈ ਵਿਸ਼ੇਸ਼ ਟਿਪ ਲਾਈਨ 236-485-5149 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਲਾਈਨ ਹਫ਼ਤੇ ਦੇ 7 ਦਿਨ (ਸਵੇਰੇ 9 ਤੋਂ ਸ਼ਾਮ 5 ਵਜੇ ਤੱਕ) ਚੱਲਦੀ ਹੈ ਅਤੇ ਇੱਥੇ ਪੰਜਾਬੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰਨ ਦੀ ਸਹੂਲਤ ਉਪਲੱਬਧ ਹੈ। ਪੁਲਿਸ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।