ETV Bharat / international

ਫਿਰੌਤੀ ਰੈਕੇਟ ਦਾ ਪਰਦਾਫਾਸ਼: ਕੈਨੇਡਾ ਵਿੱਚ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਨਿਸ਼ਾਨੇ 'ਤੇ ਸਨ ਭਾਰਤੀ ਤੇ ਦੱਖਣੀ ਏਸ਼ੀਆਈ ਕਾਰੋਬਾਰੀ

ਫਿਰੌਤੀ ਰੈਕੇਟ ਦਾ ਪਰਦਾਫਾਸ਼, ਪੀਲ ਪੁਲਿਸ ਨੇ ਕੈਨੇਡਾ ਵਿੱਚ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ।

Punjabi youth arrested in Canada
ਕੈਨੇਡਾ ਵਿੱਚ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ (@PeelPolice)
author img

By ETV Bharat Punjabi Team

Published : May 26, 2026 at 2:28 PM IST

4 Min Read
Choose ETV Bharat

ਚੰਡੀਗੜ੍ਹ: ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦੀ ‘ਐਕਸਟੋਰਸ਼ਨ ਟਾਸਕ ਫੋਰਸ’ ਵੱਲੋਂ 'ਫੌਰ ਬ੍ਰਦਰਜ਼' ਨਾਂਅ ਦੇ ਕੌਮਾਂਤਰੀ ਜੁਰਮਾਂ ਦੇ ਗਿਰੋਹ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਜੁਰਮਾਂ ਦੀਆਂ ਗਤੀਵਿਧੀਆਂ ਵਿੱਚ ਵਧ ਰਹੀ ਸ਼ਮੂਲੀਅਤ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਪੰਜਾਬੀ ਮੂਲ ਦੇ ਹਨ। ਇਨ੍ਹਾਂ ਮੁਲਜ਼ਮਾਂ 'ਤੇ ਕੁੱਲ 106 ਜੁਰਮਾਂ ਮਾਮਲੇ ਦਰਜ ਕੀਤੇ ਗਏ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸ ਗਿਰੋਹ ਦੇ ਨਿਸ਼ਾਨੇ 'ਤੇ ਵੀ ਜ਼ਿਆਦਾਤਰ ਭਾਰਤੀ ਅਤੇ ਦੱਖਣੀ ਏਸ਼ੀਆਈ ਮੂਲ ਦੇ ਹੀ ਸਥਾਨਕ ਕਾਰੋਬਾਰੀ ਸਨ, ਜਿਨ੍ਹਾਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਸਨ।

ਫਿਰੌਤੀ ਰੈਕੇਟ ਦਾ ਪਰਦਾਫਾਸ਼, ਪੀਲ ਪੁਲਿਸ ਨੇ ਕੈਨੇਡਾ ਵਿੱਚ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ। (@PeelPolice)

ਆਪਣੇ ਹੀ ਭਾਈਚਾਰੇ ਦੇ ਲੋਕਾਂ ਨੂੰ ਬਣਾਇਆ ਨਿਸ਼ਾਨਾ

ਪੁਲਿਸ ਜਾਂਚ ਮੁਤਾਬਕ ਇਹ ਗਿਰੋਹ ਓਨਟਾਰੀਓ ਦੇ ਬਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਸੀ, ਜਿੱਥੇ ਭਾਰਤੀ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਦੀ ਵੱਡੀ ਆਬਾਦੀ ਹੈ। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਹੀ ਭਾਈਚਾਰੇ ਦੇ ਰੈਸਟੋਰੈਂਟ ਮਾਲਕਾਂ, ਟ੍ਰਕਿੰਗ ਕੰਪਨੀਆਂ ਦੇ ਸੰਚਾਲਕਾਂ ਅਤੇ ਹੋਰ ਸਥਾਨਕ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ। ਜਦੋਂ ਕਿਸੇ ਭਾਰਤੀ ਕਾਰੋਬਾਰੀ ਨੇ ਫਿਰੌਤੀ ਦੀ ਰਕਮ ਦੇਣ ਤੋਂ ਮਨ੍ਹਾ ਕੀਤਾ, ਤਾਂ ਉਨ੍ਹਾਂ ਦੇ ਘਰਾਂ ਅਤੇ ਵਪਾਰਕ ਟਿਕਾਣਿਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਜਾਂਚ ਵਿੱਚ ਇਨ੍ਹਾਂ 17 ਪੰਜਾਬੀ ਨੌਜਵਾਨਾਂ ਦੇ ਤਾਰ ਕੁੱਲ 24 ਹਿੰਸਕ ਵਾਰਦਾਤਾਂ ਨਾਲ ਜੁੜੇ ਪਾਏ ਗਏ ਹਨ। ਜਿਸ ਦੌਰਾਨ ਉਨ੍ਹਾਂ ਵੱਲੋਂ 324 ਰੌਂਦ ਗੋਲੀਆਂ ਚਲਾਈਆਂ ਗਈਆਂ।

Punjabi youth arrested in Canada
ਕੈਨੇਡਾ ਦੀ ਪੀਲ ਪੁਲਿਸ (@PeelPolice)




ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਨੌਜਵਾਨਾਂ ਦੀ ਪਛਾਣ

ਪੀਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਨਾਂਅ ਅਤੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਹੀ ਮੁਲਜ਼ਮਾਂ ਦੀ ਉਮਰ 22 ਤੋਂ 30 ਸਾਲ ਦੇ ਵਿਚਾਲੇ ਹੈ। ਸਭ ਤੋਂ ਵੱਧ ਗ੍ਰਿਫ਼ਤਾਰੀਆਂ ਬਰੈਂਪਟਨ ਤੋਂ ਹੋਈਆਂ ਹਨ:

  • ਬਰੈਂਪਟਨ (ਓਨਟਾਰੀਓ): ਇਕਬਾਲ ਸਿੰਘ ਭਾਗੜੀਆ (25), ਦਿਲਾਵਰਪ੍ਰੀਤ ਸਿੰਘ (26), ਮਨਦੀਪ ਸਿੰਘ (21), ਪ੍ਰਭਦੀਪ ਸੋਹਲ (22), ਪ੍ਰਤਾਪਬੀਰ ਘੁੰਮਣ (22), ਅਜੈਦੀਪ ਸਿੰਘ (29), ਨਵਰੂਪ ਸਿੰਘ (24), ਅੰਮ੍ਰਿਤਜੋਤ ਸਿੰਘ (22), ਜਸ਼ਨਪ੍ਰੀਤ ਸਿੰਘ (22), ਗੁਨੀਤ ਗੁਨੀਤ (27), ਸੁਖਵਿੰਦਰ ਸਿੰਘ (32) ਅਤੇ ਮੋਹਿੰਦਰ ਸਿੰਘ (30)।
  • ਨੋਰਵਲ (ਓਨਟਾਰੀਓ): ਆਕਾਸ਼ਦੀਪ ਸਿੰਘ (24)।
  • ਸਰੀ (ਬ੍ਰਿਟਿਸ਼ ਕੋਲੰਬੀਆ): ਰਵਿੰਦਰ ਸਿੰਘ (25) ਅਤੇ ਜਸ਼ਨਬੀਰ ਸਿੰਘ (21)।
  • ਬੈਰੀ (ਓਨਟਾਰੀਓ): ਰਾਜਨ ਸਿੰਘ (28)।
  • ਮਾਂਟੇਕਾ (ਕੈਲੀਫੋਰਨੀਆ, ਅਮਰੀਕਾ): ਗੌਤਮ ਗੌਤਮ (22)।

ਪਹਿਲਾਂ ਵੀ ਹੋ ਚੁੱਕੀ ਹੈ ਪੰਜਾਬੀ ਨੌਜਵਾਨਾਂ 'ਤੇ ਵੱਡੀ ਕਾਰਵਾਈ

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ਜਾਂ ਅਮਰੀਕਾ ਵਿੱਚ ਪੰਜਾਬੀ ਨੌਜਵਾਨਾਂ ਨੂੰ ਫਿਰੌਤੀ ਅਤੇ ਗੈਂਗਵਾਰ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੋਵੇ। ਪਿਛਲੇ ਕੁਝ ਸਮੇਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ:-

1. ਪ੍ਰੋਜੈਕਟ ਗੈਸਲਾਈਟ: ਜੁਲਾਈ 2024 ਵਿੱਚ, ਪੁਲਿਸ ਨੇ ਇਸ ਪ੍ਰੋਜੈਕਟ ਤਹਿਤ ਛਾਪੇਮਾਰੀ ਕਰਕੇ 6 ਪੰਜਾਬੀ ਮੂਲ ਦੇ ਨੌਜਵਾਨਾਂ, ਜਿਨ੍ਹਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਸੀ, ਨੂੰ ਗ੍ਰਿਫ਼ਤਾਰ ਕੀਤਾ। ਐਡਮਿੰਟਨ ਪੁਲਿਸ ਨੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਫਿਰੌਤੀ ਰੈਕਟ ਦਾ ਪਰਦਾਫਾਸ਼ ਕਰਕੇ ਮਾਨਵ ਹੀਰ (19), ਗੁਰਕਰਨ ਸਿੰਘ (19), ਜਸ਼ਨਦੀਪ ਕੌਰ (19) ਅਤੇ ਪਰਮਿੰਦਰ ਸਿੰਘ (21) ਸਮੇਤ ਕਈ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

2. ਸਰੀ ਅਤੇ ਕੈਲਗਰੀ ਵਿੱਚ ਹਾਲੀਆ ਗ੍ਰਿਫ਼ਤਾਰੀਆਂ: ਸਰੀ ਪੁਲਿਸ ਨੇ ਇੱਕ ਘਰ 'ਤੇ ਗੋਲੀਬਾਰੀ ਕਰਨ ਅਤੇ ਫਿਰੌਤੀ ਮੰਗਣ ਦੇ ਇਲਜ਼ਾਮਾਂ ਤਹਿਤ ਦਮਨਜੀਤ ਸਿੰਘ (22) ਅਤੇ ਪਰਦਮਨ ਸਿੰਘ (30) ਨੂੰ ਹਿਰਾਸਤ ਵਿੱਚ ਲਿਆ ਹੈ। ਇਸੇ ਤਰ੍ਹਾਂ ਕੈਲਗਰੀ ਪੁਲਿਸ ਨੇ ਵੀ ਫਿਰੌਤੀ ਨੈੱਟਵਰਕ ਚਲਾਉਣ ਦੇ ਇਲਜ਼ਾਮਾਂ ਤਹਿਤ ਜਸਕਰਨ ਸਿੰਘ (21) ਅਤੇ ਕਰਨਬੀਰ ਸਿੰਘ (21) ਨੂੰ ਗ੍ਰਿਫ਼ਤਾਰ ਕੀਤਾ ਹੈ।

3. ਬ੍ਰਿਟਿਸ਼ ਕੋਲੰਬੀਆ ਟਾਸਕ ਫੋਰਸ ਦੀ ਕਾਰਵਾਈ: ਬੀ.ਸੀ. ਵਿੱਚ ਵੀ ਫਿਰੌਤੀ ਅਤੇ ਘਰਾਂ 'ਤੇ ਗੋਲੀਆਂ ਚਲਾਉਣ ਦੇ ਇਲਜ਼ਾਮਾਂ ਹੇਠ ਅਵਤਾਰ ਸਿੰਘ (22), ਸੰਦੀਪ ਸਿੰਘ (28) ਅਤੇ ਜਗਦੀਪ ਸਿੰਘ (24) ਵਰਗੇ ਪੰਜਾਬੀ ਨੌਜਵਾਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਸਨ।

4. ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧ: ਕੈਨੇਡੀਅਨ ਪੁਲਿਸ ਅਤੇ ਖ਼ੂਫ਼ੀਆ ਏਜੰਸੀਆਂ ਨੇ ਗਿੱਪੀ ਗਰੇਵਾਲ ਅਤੇ ਏ.ਪੀ. ਢਿੱਲੋਂ ਵਰਗੇ ਭਾਰਤੀ ਕਲਾਕਾਰਾਂ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਘਰਾਂ 'ਤੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਭਾਰਤ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਕੈਨੇਡਾ ਵਿੱਚ ਮੌਜੂਦ ਉਨ੍ਹਾਂ ਦੇ ਪੰਜਾਬੀ ਨੈੱਟਵਰਕ ਨਾਲ ਜੋੜਿਆ ਹੈ।

ਦੇਸ਼ ਨਿਕਾਲਾ (Deportation) ਦੀ ਤਿਆਰੀ

ਇਸ ਰੁਝਾਨ ਨੇ ਕੈਨੇਡਾ ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਿਕ, ਫੜੇ ਗਏ ਕਈ ਨੌਜਵਾਨ ਪੱਕੇ ਨਾਗਰਿਕ ਨਹੀਂ ਹਨ। ਬਲਕਿ ਕਈ ਮਿਆਦ ਪੁੱਗ ਚੁੱਕੇ ਵਰਕ ਵੀਜ਼ੇ ਜਾਂ ਅਸਾਈਲਮ ਦੇ ਸਿਰ 'ਤੇ ਰਹਿ ਰਹੇ ਸਨ। ਪੀਲ ਪੁਲਿਸ ਵੱਲੋਂ ਫੜੇ ਗਏ 17 ਨੌਜਵਾਨਾਂ ਵਿੱਚੋਂ 6 ਨੂੰ ਕੇਸ ਖ਼ਤਮ ਹੁੰਦੇ ਹੀ ਡਿਪੋਰਟ ਕੀਤਾ ਜਾ ਸਕਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਪ੍ਰੈਜ਼ੀਡੈਂਟ ਇਰਿਨ ਓ 'ਗੋਰਮੈਨ ਨੇ ਕਿਹਾ ਕਿ, "ਸਾਡੇ ਯਤਨਾਂ ਵਿੱਚ ਖ਼ੂਫ਼ੀਆ ਜਾਣਕਾਰੀ ਸਾਂਝੀ ਕਰਨਾ, ਜਾਂਚ, ਗ੍ਰਿਫ਼ਤਾਰੀਆਂ, ਨਜ਼ਰਬੰਦੀ ਅਤੇ ਜਬਰਨ ਵਸੂਲੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਅਯੋਗ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਸ਼ਾਮਲ ਹੈ। 7 ਮਈ, 2026 ਤੱਕ, ਅਸੀਂ 446 ਇਮੀਗ੍ਰੇਸ਼ਨ ਜਾਂਚਾਂ ਸ਼ੁਰੂ ਕੀਤੀਆਂ ਹਨ, ਵੱਖ-ਵੱਖ ਅਯੋਗਤਾ ਦੇ ਆਧਾਰਾਂ 'ਤੇ 118 ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ ਅਤੇ 55 ਲੋਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਹੈ।"



"ਫਿਰੌਤੀ ਜੁਰਮ ਇੱਕ ਖੇਤਰ ਤੱਕ ਸੀਮਤ ਨਹੀਂ"

ਇਸ ਵੱਡੀ ਸਫਲਤਾ ਅਤੇ ਜੁਰਮਾਂ ਦੇ ਨੈੱਟਵਰਕ 'ਤੇ ਬੋਲਦਿਆਂ ਪੀਲ ਰੀਜਨਲ ਪੁਲਿਸ ਦੇ ਚੀਫ਼ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ, "ਫਿਰੌਤੀ ਦਾ ਇਹ ਅਪਰਾਧ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ, ਸਗੋਂ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜੁੜਿਆ ਹੋਇਆ ਹੈ। ਇਸ ਨਾਲ ਨਜਿੱਠਣ ਲਈ ਵੱਖ-ਵੱਖ ਏਜੰਸੀਆਂ ਵਿਚਕਾਰ ਮਜ਼ਬੂਤ ਸਰਹੱਦ-ਪਾਰ ਸਹਿਯੋਗ ਅਤੇ ਖ਼ੂਫ਼ੀਆ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ। ਅਸੀਂ ਉਸ ਡਰ ਅਤੇ ਨੁਕਸਾਨ ਨੂੰ ਭਲੀਭਾਂਤ ਸਮਝਦੇ ਹਾਂ ਜੋ ਇਸ ਕਾਰਨ ਪੈਦਾ ਹੋਇਆ ਹੈ, ਖ਼ਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਅੰਦਰ, ਅਤੇ ਅਸੀਂ ਇਨ੍ਹਾਂ ਜੁਰਮਾਂ ਨੂੰ ਨੱਥ ਪਾਉਣ ਅਤੇ ਆਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।"