ਮੀਂਹ-ਧੁੰਦ ਨੇ ਵਧਾਈ ਠੰਢ, ਕਿਵੇਂ ਰਖੀਏ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ, ਜਾਣੋ ਡਾਕਟਰ ਦੀ ਰਾਏ
ਇਸ ਠੰਢ ਤੋਂ ਬੱਚਣ ਲਈ ਬੱਚੇ ਅਤੇ ਬਜ਼ੁਰਗ ਰੱਖਣ ਖਾਸ ਧਿਆਨ। ਜਾਣੋ ਡਾ. ਅੰਜਲੀ ਬੰਸਲ ਕੋਲੋਂ...

Published : January 2, 2026 at 10:15 AM IST
ਬਠਿੰਡਾ (ਅਮਨਦੀਪ ਗੋਸਲ) : ਪੰਜਾਬ ਵਿੱਚ ਦਸੰਬਰ ਮਹੀਨੇ ਦੌਰਾਨ ਮੌਸਮ ਵਿੱਚ ਹੋਈਆਂ ਤਬਦੀਲੀਆਂ ਨੇ ਠੰਢ ਦਾ ਪ੍ਰਕੋਪ ਹੋਰ ਵਧਾ ਦਿੱਤਾ ਹੈ। ਕਈ ਜ਼ਿਲ੍ਹਿਆਂ ਵਿੱਚ 1 ਜਨਵਰੀ ਨੂੰ ਹਲਕੀ ਬਾਰਿਸ਼ ਵੀ ਹੋਈ ਹੈ। ਜੇਕਰ ਹੁਣ ਅੱਜ ਦੀ ਗੱਲ ਕਰੀਏ, ਤਾਂ ਮੌਸਮ ਵਿਭਾਗ ਵਲੋਂ ਸੰਘਣੀ ਧੁੰਦ ਤੇ ਸ਼ੀਤ ਲਹਿਰ ਨੂੰ ਲੈ ਕੇ ਸੂਬੇ ਭਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਸੜਕਾਂ ਉੱਤੇ ਵਾਹਨਾਂ ਦੀ ਜਿੱਥੇ ਰਫ਼ਤਾਰ ਮੱਠੀ ਪੈ ਗਈ ਹੈ, ਉੱਥੇ ਹੀ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੇ ਵੀ ਸ਼ਾਮ ਦੀ ਸੈਰ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਿਹਤ ਸੰਬਧੀ ਸਮੱਸਿਆਵਾਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਸਿਹਤ ਸਮੱਸਿਆਵਾਂ ਦੇ ਹੋਣ ਦਾ ਡਰ
ਕੜਾਕੇ ਦੀ ਠੰਡ ਨੇ ਰੋਜ਼ ਮਰਾ ਦੇ ਕੰਮਾਂ ਕਾਰਾਂ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਠੰਡ ਕਾਰਨ ਸਵੇਰ ਅਤੇ ਸ਼ਾਮ ਸਮੇਂ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਮਜ਼ਦੂਰ ਵਰਗ, ਕਿਸਾਨ ਅਤੇ ਦਿਹਾੜੀਦਾਰਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁੱਲ੍ਹੇ ਮੈਦਾਨਾਂ ਵਿੱਚ ਕੰਮ ਕਰਨ ਵਾਲਿਆਂ ਲਈ ਠੰਡ ਸਿਹਤ ਸੰਬੰਧੀ ਖ਼ਤਰੇ ਵਧਾ ਰਹੀ ਹੈ। ਠੰਡ ਵਧਣ ਨਾਲ ਜ਼ੁਕਾਮ, ਖਾਂਸੀ, ਬੁਖ਼ਾਰ ਅਤੇ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਸਾਵਧਾਨੀ ਵਰਤਣ ਲਈ ਡਾਕਟਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਠੰਡ ਅਤੇ ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਠੰਡ ਦਾ ਪ੍ਰਕੋਪ ਵਧਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
- ਇਨੀਂ ਦਿਨੀ ਪਹਾੜਾਂ ਦੀ ਸੈਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
- ਇਸ ਤੋਂ ਇਲਾਵਾ ਬਾਹਰੀ ਖਾਣਾ ਨਹੀਂ ਖਾਣਾ ਚਾਹੀਦਾ।
- ਜੇਕਰ ਕਿਸੇ ਵਿਅਕਤੀ ਨੂੰ ਖੰਘ, ਜੁਖਾਮ ਜਾਂ ਬੁਖਾਰ ਹੈ, ਤਾਂ ਉਸ ਨੂੰ ਦੂਜੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋਣ ਦਾ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ।
- ਬੱਚਿਆਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕ ਕੇ ਰੱਖੋ।
- ਗਰਮ ਚੀਜ਼ਾਂ ਜਿਵੇਂ ਕਿ ਘਰ ਦੇ ਬਣੇ ਡ੍ਰਾਈ ਫਰੂਟ ਵਾਲੇ ਲੱਡੂ ਆਦਿ ਦਿਓ।
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਅੰਜਲੀ ਬੰਸਲ ਦਾ ਕਹਿਣਾ ਹੈ ਕਿ, "ਇਨੀਂ ਦਿਨੀ ਠੰਡ ਦਾ ਬਹੁਤ ਜਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਐਮਰਜੈਂਸੀ ਦੌਰਾਨ ਹੀ ਘਰਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਬਾਹਰ ਨਿਕਲਣ ਸਮੇਂ ਠੰਡ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣ, ਗਰਮ ਭੋਜਨ ਲੈਣ ਅਤੇ ਬਿਨਾਂ ਲੋੜ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰੋ।"
ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖੋ
ਡਾਕਟਰ ਬੰਸਲ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਸਿਰ ਦੇ ਨਾਲ ਨਾਲ ਪੈਰਾਂ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ। ਅਜਿਹੇ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਣ। ਉਹਨਾਂ ਕਿਹਾ ਕਿ ਜੰਕ ਫੂਡ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਾਜ਼ਾ ਅਤੇ ਸਿਹਤਮੰਦ ਭੋਜਨ ਹੀ ਖਾਣਾ ਚਾਹੀਦਾ ਹੈ ਅਤੇ ਆਪਣਾ ਇਮਿਊਨਿਟੀ ਸਿਸਟਮ ਮਜ਼ਬੂਤ ਰੱਖਣਾ ਚਾਹੀਦਾ ਹੈ।

