ਹਿੰਦੀ ਸੀਰੀਅਲ ਵਿੱਚ ਧੂੰਮਾਂ ਪਾਉਣ ਲਈ ਤਿਆਰ ਦੋ ਦਿੱਗਜ ਪੰਜਾਬੀ ਕਲਾਕਾਰ, ਲੀਡਿੰਗ ਭੂਮਿਕਾਵਾਂ 'ਚ ਆਉਣਗੇ ਨਜ਼ਰ
ਵੱਡੇ ਹਿੰਦੀ ਸੀਰੀਅਲ ਦਾ ਹਿੱਸਾ ਦੋ ਦਿੱਗਜ ਪੰਜਾਬੀ ਕਲਾਕਾਰਾਂ ਨੂੰ ਬਣਾਇਆ ਗਿਆ ਹੈ, ਜੋ ਇਸ ਵਿੱਚ ਲੀਡਿੰਗ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ।

By ETV Bharat Entertainment Team
Published : February 24, 2026 at 10:01 AM IST
ਚੰਡੀਗੜ੍ਹ: ਹਿੰਦੀ ਸਿਨੇਮਾ, ਵੈੱਬ ਸੀਰੀਜ਼ ਅਤੇ ਮੁੰਬਈ ਸੀਰੀਅਲਜ਼ 'ਚ ਪੰਜਾਬ ਮੂਲ ਨਾਲ ਜੁੜੇ ਐਕਟਰਜ਼ ਦਾ ਗਲਬਾ ਇੱਕ ਵਾਰ ਮੁੜ ਪ੍ਰਭਾਵੀ ਰੂਪ ਅਤੇ ਰੁਖ਼ ਅਖ਼ਤਿਆਰ ਕਰਦਾ ਨਜ਼ਰੀ ਆ ਰਿਹਾ ਹੈ, ਜਿੰਨ੍ਹਾਂ ਦੇ ਉਕਤ ਖਿੱਤਿਆ 'ਚ ਵੱਧ ਰਹੇ ਵਿਸ਼ਾਲਤਾ ਭਰੇ ਇਸੇ ਦਾਇਰਾ ਦਾ ਅਹਿਸਾਸ ਕਰਵਾਉਣ ਜਾ ਰਿਹਾ ਹੈ ਸਟਾਰ ਪਲੱਸ ਦਾ ਨਵਾਂ ਸ਼ੋਅ 'ਉੱਡਨੇ ਕੀ ਆਸ਼ਾ', ਜਿਸ ਦਾ ਪਾਲੀਵੁੱਡ ਨਾਲ ਜੁੜੇ ਦੋ ਦਿੱਗਜ ਕਲਾਕਾਰਾਂ ਨਿਰਮਲ ਰਿਸ਼ੀ ਅਤੇ ਸੇਹਰਾ ਗੁਰਦੀਪ ਸਿੰਘ ਨੂੰ ਵਿਸ਼ੇਸ਼ ਹਿੱਸਾ ਬਣਾਇਆ ਗਿਆ ਹੈ।
ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫਿਲਮਾਇਆ ਜਾ ਰਿਹਾ ਹੈ ਉਕਤ ਸੀਰੀਅਲ, ਜਿਸ ਸੰਬੰਧਤ ਫਿਲਮਾਏ ਜਾ ਰਹੇ ਦ੍ਰਿਸ਼ਾਂ ਵਿੱਚ ਅਦਾਕਾਰਾ ਹਿਮਾਂਸ਼ੀ ਪਰਾਸ਼ਰ (ਤੇਰੀ ਮੇਰੀ ਡੋਰੀਆ ਦੀ ਸਾਹਿਬਾ ਫੇਮ), ਸੰਚੈ ਗੋਸਵਾਮੀ, ਕੰਵਰ ਢਿੱਲੋਂ ਭਾਗ ਲੈ ਰਹੇ ਹਨ, ਜਿੰਨ੍ਹਾਂ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾਵਾਂ ਨੂੰ ਅੰਜ਼ਾਮ ਦੇ ਰਹੇ ਹਨ ਨਿਰਮਲ ਰਿਸ਼ੀ ਅਤੇ ਸੇਹਰਾ ਗੁਰਦੀਪ ਸਿੰਘ, ਜੋ ਇਸ ਸ਼ੋਅ ਵਿੱਚ ਨਿਭਾਈਆਂ ਜਾਣ ਵਾਲੀਆਂ ਭੂਮਿਕਾਵਾਂ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਪੰਜਾਬੀ ਰੀਤੀ-ਰਿਵਾਜਾਂ, ਕਦਰਾਂ ਕੀਮਤਾਂ ਅਤੇ ਖੁੱਲ੍ਹੇ-ਡੁੱਲੇ ਮਾਹੌਲ, ਖੇਤਾਂ ਬੰਨਿਆਂ ਦੀ ਤਰਜ਼ਮਾਨੀ ਖੂਬਸੂਰਤ ਰੂਪ ਵਿੱਚ ਕਰਨ ਜਾ ਰਿਹਾ ਉਕਤ ਸੀਰੀਅਲ ਦਾ ਇਹ ਉਚੇਚਾ ਹਿੱਸਾ, ਜਿਸ ਦਾ ਨਿਰਦੇਸ਼ਨ ਰਾਹੁਲ ਕੁਮਾਰ ਤਿਵਾੜੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੇ ਸੀਰੀਅਲਜ਼ ਦਾ ਵਜ਼ੂਦ ਤਰਾਸ਼ਣ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਮਾਝੇ ਦੇ ਅਹਿਮ ਇਲਾਕੇ ਦੇ ਪਿੰਡ ਲੋਪੋ ਵਿਖੇ ਵੀ ਉਕਤ ਸੀਰੀਅਲ ਦੇ ਕੁਝ ਸੀਨ ਸ਼ੂਟ ਕੀਤੇ ਜਾ ਰਹੇ ਹਨ, ਜਿਸ ਵਿੱਚ ਨਿਰਮਲ ਰਿਸ਼ੀ ਨਾਲ ਹਿੱਸਾ ਲੈ ਰਹੇ ਅਦਾਕਾਰ ਸੇਹਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬੈਕਡ੍ਰਾਪ ਅਧਾਰਿਤ ਇਸ ਪ੍ਰਾਈਮ ਟਾਈਮ ਸ਼ੋਅ ਵਿੱਚ ਉਹ ਪਰਿਵਾਰਿਕ ਮੁਖੀ ਪਰਵਿੰਦਰ ਸਿੰਘ ਰੰਧਾਵਾ ਦਾ ਰੋਲ ਅਦਾ ਕਰ ਰਹੇ ਹਨ, ਜਿਸ ਵਿੱਚ ਉਹ ਨਿਵੇਕਲੇ ਅਵਤਾਰ ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਣਗੇ।
ਇਹ ਵੀ ਪੜ੍ਹੋ:

