ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦੇਵੇਗਾ ਮੋਗੇ ਦਾ "ਸੰਗੀਤ ਮਹਿਲ", ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਮਿਲਣਗੀਆਂ ਗੁਜ਼ਰੇ ਸਮੇਂ ਦੀਆਂ ਸਾਰੀਆਂ ਚੀਜ਼ਾਂ
"ਸੰਗੀਤ ਮਹਿਲ" ਮੋਗਾ ਲਈ ਇੱਕ ਮਾਣ ਦੀ ਗੱਲ ਬਣਦਾ ਜਾ ਰਿਹਾ ਹੈ, ਜੋ ਪੁਰਾਣੀਆਂ ਯਾਦਾਂ ਖਜ਼ਾਨਾ ਹੈ।

By ETV Bharat Entertainment Team
Published : February 26, 2026 at 11:31 AM IST
ਮੋਗਾ: ਮੋਗਾ ਵਿੱਚ ਇੱਕ ਵਿਲੱਖਣ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ “ਸੰਗੀਤ ਮਹਿਲ” ਦੇ ਰੂਪ ਵਿੱਚ ਪੁਰਾਤਨ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾ ਰਿਹਾ ਹੈ। ਇਹ ਮਹਿਲ ਨਾ ਸਿਰਫ਼ ਸੰਗੀਤ ਪ੍ਰੇਮੀਆਂ ਲਈ ਖਾਸ ਆਕਰਸ਼ਣ ਹੈ, ਸਗੋਂ ਨਵੀਂ ਪੀੜੀ ਨੂੰ ਪੁਰਾਣੇ ਸਮੇਂ ਨਾਲ ਜੋੜਣ ਦਾ ਵੀ ਇੱਕ ਸਫਲ ਯਤਨ ਸਾਬਤ ਹੋ ਰਿਹਾ ਹੈ।
ਮੋਗਾ ਵਿੱਚ ਹੈ ਪੁਰਾਣਾ ਖਜ਼ਾਨਾ
ਇਸ ਮਹਿਲ ਵਿੱਚ 1885 ਤੋਂ ਲੈ ਕੇ 1965 ਤੱਕ ਦੀਆਂ ਕਈ ਦੁਰਲੱਭ ਅਤੇ ਇਤਿਹਾਸਕ ਵਸਤਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ 1885 ਅਤੇ 1915 ਵਿੱਚ ਬਣੀਆਂ ਦੂਰਬੀਨਾਂ, 1903 ਦਾ ਪੱਥਰ ਦਾ ਰਿਕਾਰਡ ਅਤੇ ਰੁਮਾਲੀ ਰਿਕਾਰਡ ਖਾਸ ਧਿਆਨ ਖਿੱਚਦੇ ਹਨ। ਇਸ ਤੋਂ ਇਲਾਵਾ ਲਗਭਗ 75 ਸਾਲ ਪੁਰਾਣਾ ਪੈਰਾਂ ਨਾਲ ਚੱਲਣ ਵਾਲਾ ਰਿਕਾਰਡ ਅਤੇ ਪੁਰਾਣੀ ਸਕੂਲ ਮਸ਼ੀਨ, ਜਿਸ ਨਾਲ ਪਹਿਲਾਂ ਰਿਕਾਰਡ ਤਿਆਰ ਕੀਤੇ ਜਾਂਦੇ ਸਨ, ਉਹ ਵੀ ਇੱਥੇ ਮੌਜੂਦ ਹਨ।

ਮਹਿਲ ਵਿੱਚ ਬਲੈਕ ਐਂਡ ਵਾਈਟ ਟੀਵੀ, ਐਂਟੀਨਾ ਸਮੇਤ ਅਤੇ 1965 ਵਿੱਚ ਬਣਿਆ ਟਿਊਬ ਰੇਡੀਓ ਵੀ ਰੱਖਿਆ ਗਿਆ ਹੈ, ਜੋ ਪੁਰਾਣੇ ਦੌਰ ਦੀ ਯਾਦ ਤਾਜ਼ਾ ਕਰਦਾ ਹੈ। ਇਸ ਦੇ ਨਾਲ ਹੀ ਚਾਬੀ ਭਰ ਕੇ ਚੱਲਣ ਵਾਲੇ ਪੱਥਰ ਦੇ ਗ੍ਰਾਮੋਫੋਨ ਅਤੇ 1950 ਤੋਂ 1965 ਦੇ ਦਰਮਿਆਨ ਦੇ ਹਿੰਦੀ, ਪੰਜਾਬੀ ਅਤੇ ਪਾਕਿਸਤਾਨੀ ਭਾਸ਼ਾਵਾਂ ਦੇ ਰਿਕਾਰਡ ਵੀ ਲੋਕਾਂ ਦੀ ਖਾਸ ਦਿਲਚਸਪੀ ਦਾ ਕੇਂਦਰ ਬਣੇ ਹੋਏ ਹਨ।
ਸ਼ੌਂਕ ਦਾ ਕੋਈ ਮੁੱਲ ਨਹੀਂ
ਇਸ ਸੰਗ੍ਰਹਿ ਬਾਰੇ ਜਾਣਕਾਰੀ ਦਿੰਦਿਆਂ ਇਸ ਦੀ ਸਾਂਭ-ਸੰਭਾਲ ਕਰ ਰਹੇ ਰਵੀ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਸੰਗੀਤ ਨਾਲ ਗਹਿਰਾ ਲਗਾਅ ਸੀ। ਉਹ ਆਪਣੇ ਪਿਤਾ ਜੀ ਕੋਲ ਬੈਠ ਕੇ ਹਰਮੋਨੀਅਮ ਸੁਣਦਾ ਸੀ, ਜਿਸ ਨਾਲ ਉਸਦਾ ਸੰਗੀਤ ਵੱਲ ਰੁਝਾਨ ਵੱਧਦਾ ਗਿਆ। ਇਸੇ ਸ਼ੌਂਕ ਦੇ ਚੱਲਦੇ ਉਸਨੇ ਆਪਣੇ ਘਰ ਵਿੱਚ ਹੀ “ਸੰਗੀਤ ਮਹਿਲ” ਤਿਆਰ ਕੀਤਾ, ਜਿੱਥੇ ਪੁਰਾਣੀਆਂ ਕੈਸਟਾਂ, ਵੀਸੀਆਰ, ਰੇਡੀਓ, ਟੀਵੀ ਅਤੇ ਹੋਰ ਵਿਰਾਸਤੀ ਚੀਜ਼ਾਂ ਨੂੰ ਇਕੱਠਾ ਕਰਕੇ ਸੰਭਾਲਿਆ ਗਿਆ ਹੈ।

ਰਵੀ ਦਾ ਕਹਿਣਾ ਹੈ ਕਿ ਅੱਜ ਦੀ ਨਵੀਂ ਪੀੜੀ ਆਪਣੀ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ। ਉਸਦਾ ਮਕਸਦ ਹੈ ਕਿ ਲੋਕ ਇੱਥੇ ਆ ਕੇ ਇਨ੍ਹਾਂ ਚੀਜ਼ਾਂ ਨੂੰ ਦੇਖਣ, ਸਮਝਣ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ। ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਆਉਣ ਅਤੇ ਇਸ ਅਨਮੋਲ ਵਿਰਾਸਤ ਨੂੰ ਜਿੰਦਾ ਰੱਖਣ ਵਿੱਚ ਸਹਿਯੋਗ ਦੇਣ।

ਦਰਸ਼ਕਾਂ ਦੀਆਂ ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ
ਜਦੋਂ ਅਸੀਂ ਇੱਥੇ ਪਹੁੰਚ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰਵੀ ਜੀ ਵੱਲੋਂ ਸੰਭਾਲੀਆਂ ਗਈਆਂ ਵਿਰਾਸਤੀ ਸੰਗੀਤਕ ਚੀਜ਼ਾਂ ਸਿਰਫ਼ ਇੱਕ ਕਲੈਕਸ਼ਨ ਨਹੀਂ, ਸਗੋਂ ਇਹ ਸਾਡੀ ਸੰਸਕ੍ਰਿਤੀ ਅਤੇ ਰੂਹ ਨਾਲ ਜੁੜੀ ਹੋਈ ਹੈ, ਜੋ ਅੱਜ ਦੇ ਤੇਜ਼ ਦੌਰ ਵਿੱਚ ਵੀ ਜੀਉਂਦੀ ਰੱਖੀ ਗਈ ਹੈ।

ਸੰਗੀਤ ਪ੍ਰੇਮੀ ਸੰਦੀਪ ਸੇਠੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗੀਤ ਸਾਡੀ ਰੂਹ ਦੀ ਖੁਰਾਕ ਹੈ। ਇੱਥੇ ਆ ਕੇ ਮਨ ਨੂੰ ਬੇਮਿਸਾਲ ਸ਼ਾਂਤੀ ਮਿਲਦੀ ਹੈ ਅਤੇ ਦਿਨ ਭਰ ਦੀ ਥਕਾਵਟ ਪਲਾਂ ਵਿੱਚ ਦੂਰ ਹੋ ਜਾਂਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਰਵੀ ਵਰਗੇ ਕਲਾ ਪ੍ਰੇਮੀਆਂ ਨੂੰ ਵੱਡੇ ਪੱਧਰ ‘ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਵਿਰਾਸਤ ਨੂੰ ਸੰਭਾਲ ਕੇ ਇੱਕ ਮਿਸਾਲ ਕਾਇਮ ਕੀਤੀ ਹੈ।
ਉਥੇ ਹੀ ਸੰਗੀਤ ਪ੍ਰੇਮੀ ਬਿੱਟੂ ਛਾਬੜਾ ਨੇ ਵੀ ਸੰਗੀਤ ਮਹਿਲ ਦਾ ਦੌਰਾ ਕਰਦਿਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ। ਉਨ੍ਹਾਂ ਨੇ ਚਿੰਤਾ ਜਤਾਈ ਕਿ ਅੱਜਕੱਲ੍ਹ ਦੇ ਕਈ ਗੀਤਾਂ ਵਿੱਚ ਲੱਚਰਤਾ ਅਤੇ ਗੰਨ ਕਲਚਰ ਨੂੰ ਵਧਾਇਆ ਜਾ ਰਿਹਾ ਹੈ, ਜਿਸ ਦਾ ਨਕਾਰਾਤਮਕ ਅਸਰ ਨਵੀਂ ਪੀੜ੍ਹੀ ‘ਤੇ ਪੈ ਰਿਹਾ ਹੈ।
ਨਵੀਂ ਪੀੜੀ ਲਈ ਹੈ ਪ੍ਰੇਰਨਾ ਸਰੋਤ
ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸਮਿਆਂ ਦੇ ਗੀਤ ਸਿਰਫ਼ ਮਨੋਰੰਜਨ ਨਹੀਂ ਕਰਦੇ ਸਨ, ਸਗੋਂ ਉਹ ਮਨੁੱਖ ਨੂੰ ਰੱਬ ਨਾਲ ਜੋੜਦੇ ਸਨ ਅਤੇ ਜੀਵਨ ਨੂੰ ਸਹੀ ਦਿਸ਼ਾ ਦਿੰਦੇ ਸਨ।

ਤਾਂ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਮੋਗਾ ਦਾ ਇਹ ਰਵੀ ਸੰਗੀਤ ਮਹਿਲ ਨਾ ਸਿਰਫ਼ ਸੰਗੀਤ ਪ੍ਰੇਮੀਆਂ ਲਈ ਇੱਕ ਖਾਸ ਥਾਂ ਬਣ ਰਿਹਾ ਹੈ, ਸਗੋਂ ਇਹ ਸਾਡੀ ਵਿਰਾਸਤ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਪ੍ਰੇਰਨਾ ਵੀ ਬਣਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ:

