ਵੈੱਬਸੀਰੀਜ਼ 'ਚ ਯੋਗਰਾਜ ਦੇ ਵਿਵਾਦਿਤ ਬੋਲ 'ਤੇ ਭੜਕੇ ਗਾਇਕ ਜੱਸੀ, ਆਖੀ ਇਹ ਗੱਲ
ਗਾਇਕ ਜਸਬੀਰ ਜੱਸੀ ਨੇ ਵੈੱਬਸੀਰੀਜ਼ ਦੇ ਬੋਲਾਂ ਨੂੰ ਲੈਕੇ ਸਵਾਲ ਖੜੇ ਕੀਤੇ ਹਨ। ਪੜ੍ਹੋ ਖ਼ਬਰ...


By ETV Bharat Entertainment Team
Published : May 17, 2026 at 11:01 AM IST
ਚੰਡੀਗੜ੍ਹ: ਹਾਲ ਹੀ 'ਚ ਬਣੀ ਵੈੱਬ ਸੀਰੀਜ਼ ਲੁੱਖੇ 'ਚ ਔਰਤਾਂ ਸਬੰਧੀ ਆਪਣੇ ਬੋਲਾਂ ਨੂੰ ਲੈਕੇ ਵਿਵਾਦਾਂ 'ਚ ਆਏ ਯੋਗਰਾਜ ਸਿੰਘ 'ਤੇ ਗਾਇਕ ਜਸਬੀਰ ਜੱਸੀ ਵੀ ਭੜਕਦੇ ਨਜ਼ਰ ਆਏ ਹਨ। ਇਸ ਦੌਰਾਨ ਜਸਬੀਰ ਜੱਸੀ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਜਦਕਿ ਇਸ ਮਾਮਲੇ 'ਚ ਇੱਕ ਵਕੀਲ ਵੱਲੋਂ ਯੋਗਰਾਜ ਸਿੰਘ ਖਿਲਾਫ਼ ਐਸਐਸਪੀ ਚੰਡੀਗੜ੍ਹ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਦੀ ਜ਼ਮਾਨਤ ਲਈ ਯੋਗਰਾਜ ਸਿੰਘ ਚੰਡੀਗੜ੍ਹ ਅਦਾਲਤ 'ਚ ਪਹੁੰਚੇ ਹਨ। ਉਥੇ ਹੀ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਵੀ ਯੋਗਰਾਜ ਸਿੰਘ ਨੂੰ ਤਲਬ ਕੀਤਾ ਗਿਆ ਹੈ।
'ਸ਼ਬਦਾਵਲੀ ਸਹੀਂ ਨਹੀਂ ਲੱਗੀ'
ਜਸਬੀਰ ਜੱਸੀ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ,"ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ ਦੀ ਵੈੱਬ ਸੀਰੀਜ਼ 'ਲੁੱਖੇ' ਵਿੱਚ ਯੋਗਰਾਜ ਸਿੰਘ ਹੋਰਾਂ ਦੇ ਵਿਵਾਦਿਤ ਡਾਇਲਾਗ ਅਤੇ ਉਸ ਤੋਂ ਬਾਅਦ ਹੋਈ FIR ਨੇ ਇੱਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਕਈ ਲੋਕ ਸ਼ਾਇਦ ਇਹ ਸੋਚਦੇ ਹੋਣਗੇ ਕਿ ਮੈਂ (ਜੱਸੀ) ਐਵੇਂ ਵਧਾ-ਚੜ੍ਹਾ ਕੇ ਗੱਲ ਕਰਦਾ ਹਾਂ ਜਦੋਂ ਮੈਂ ਕਹਿੰਦਾ ਹਾਂ ਕਿ ਮੈਂ ਬਹੁਤ ਸਾਰੇ ਪ੍ਰੋਜੈਕਟ ਅਤੇ ਗਾਣੇ ਸਿਰਫ਼ ਇਸ ਕਰਕੇ ਛੱਡ ਦਿੱਤੇ ਕਿਉਂਕਿ ਉਨ੍ਹਾਂ ਦੀ ਸ਼ਬਦਾਵਲੀ ਮੈਨੂੰ ਸਹੀ ਨਹੀਂ ਲੱਗੀ। ਪਰ ਇਹ ਵਿਵਾਦ ਮੇਰੀ ਉਸ ਗੱਲ 'ਤੇ ਮੋਹਰ ਲਗਾਉਂਦਾ ਹੈ।"

ਪੰਜਾਬੀ ਸਮਾਜ ਲਈ ਨਾਸੂਰ
ਉਨ੍ਹਾਂ ਅੱਗੇ ਲਿਖਿਆ ਕਿ "ਅਸਲ ਵਿੱਚ, ਮੁੰਬਈ (ਬਾਲੀਵੁੱਡ ਜਾਂ ਓਟੀਟੀ ਇੰਡਸਟਰੀ) ਦੇ ਲੇਖਕਾਂ ਅਤੇ ਮੇਕਰਸ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੇ ਸਮਾਜਿਕ ਤਾਣੇ-ਬਾਣੇ ਦੀ ਰਤਾ ਵੀ ਸਮਝ ਨਹੀਂ ਹੈ। ਉਹ ਸਿਰਫ਼ ਵਪਾਰਕ ਫਾਇਦੇ ਲਈ ਕਲਾਕਾਰਾਂ ਕੋਲੋਂ ਅਜਿਹੀਆਂ ਗਲਤੀਆਂ ਕਰਵਾਉਂਦੇ ਨੇ, ਜੋ ਬਾਅਦ ਵਿੱਚ ਪੰਜਾਬੀ ਸਮਾਜ ਲਈ ਨਾਸੂਰ ਬਣ ਜਾਂਦੀਆਂ ਨੇ। ਸਾਡੀ ਇੰਡਸਟਰੀ ਦੇ ਗੀਤਾਂ ਅਤੇ ਡਾਇਲਾਗਸ ਵਿੱਚ ਬਹੁਤ ਗੰਦ ਪਰੋਸਿਆ ਗਿਆ ਹੈ। ਉਦਾਹਰਨ ਦੇ ਤੌਰ 'ਤੇ, 'ਨੱਚੇ ਭੈਣ ਦੀ' ਵਰਗੇ ਦੋ - ਅਰਥੀ ਗਾਣੇ ਬਣਾਏ ਗਏ, ਜਿਨ੍ਹਾਂ ਦੀ ਨਾ ਕੋਈ ਗ੍ਰੈਮਰ ਹੈ ਅਤੇ ਨਾ ਕੋਈ ਸੈਂਸ, ਜੋ ਸਿੱਧੇ ਤੌਰ 'ਤੇ ਇੱਕ ਭੈੜੀ ਗਾਲ੍ਹ ਵਾਂਗ ਸੁਣਾਈ ਦਿੰਦੇ ਨੇ। ਇਸੇ ਤਰ੍ਹਾਂ ਹਨੀ ਸਿੰਘ ਦਾ 'ਪਾਰਟੀ ਆਲ ਨਾਈਟ' ਗਾਣਾ ਹੋਵੇ, ਜਿਸ ਵਿੱਚ ਬੇਹੂਦਾ ਅਤੇ ਗੰਦੀਆਂ ਲਾਈਨਾਂ ਵਰਤੀਆਂ ਗਈਆਂ, ਜਾਂ ਫਿਰ ਹੁਣ ਵੈੱਬ ਸੀਰੀਜ਼ ਵਿੱਚ ਔਰਤਾਂ ਖ਼ਿਲਾਫ਼ ਬੋਲੇ ਗਏ ਅਪਮਾਨਜਨਕ ਡਾਇਲਾਗ ਹੋਣ—ਇਹ ਸਭ ਇਸੇ ਸੋਚ ਦਾ ਨਤੀਜਾ ਹਨ।"
ਬੰਬੇ ਵਾਲਿਆਂ ਨੂੰ ਸਾਡੀ ਮਰਿਆਦਾ ਦਾ ਨਹੀਂ ਪਤਾ
ਜਸਬੀਰ ਜੱਸੀ ਨੇ ਲਿਖਿਆ ਕਿ "ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਅਜਿਹੇ ਗੰਦ-ਮੰਦ ਵਾਲੇ ਗੀਤ ਹਿੱਟ ਹੋ ਜਾਂਦੇ ਹਨ ਅਤੇ ਲੋਕ ਬਿਨਾਂ ਸੋਚੇ-ਸਮਝੇ ਇਨ੍ਹਾਂ 'ਤੇ ਬਹੁਤ ਸ਼ਿੱਦਤ ਨਾਲ ਨੱਚਦੇ ਅਤੇ ਸੁਣਦੇ ਹਨ। ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਭਾਵੇਂ ਕੋਈ ਕਲਾਕਾਰ 'ਕਿਰਦਾਰ' (Character) ਵਿੱਚ ਹੋਵੇ ਜਾਂ ਨਾ ਹੋਵੇ, ਗੀਤ ਅਤੇ ਸਕ੍ਰਿਪਟ ਵਿੱਚ ਗੰਦ ਦੀ ਹੱਦ ਨੂੰ ਇਕ ਪੰਜਾਬੀ ਬੰਦੇ ਨੂੰ ਸਮਝਣਾ ਪਵੇਗਾ, ਕਿਉਂਕਿ ਸਾਡਾ ਸੱਭਿਆਚਾਰ ਸਾਨੂੰ ਕੁਝ ਗੱਲਾਂ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਇਹ ਸਾਡੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕੀ ਬੋਲਣਾ ਹੈ ਅਤੇ ਕੀ ਨਹੀਂ। ਬੰਬੇ ਵਾਲਿਆਂ ਨੂੰ ਸਾਡੀ ਮਰਿਆਦਾ ਦਾ ਨਹੀਂ ਪਤਾ, ਇਸ ਲਈ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਖ਼ੁਦ ਸੋਚਣਾ ਅਤੇ ਫੈਸਲਾ ਕਰਨਾ ਪਵੇਗਾ ਤਾਂ ਜੋ ਸਾਡੀ ਅਗਲੀ ਪੀੜ੍ਹੀ ਨੂੰ ਸਾਫ਼-ਸੁਥਰਾ ਕਲਚਰ ਅਤੇ ਸੰਗੀਤ ਮਿਲ ਸਕੇ।"
ਵਕੀਲ ਵੱਲੋਂ ਪੁਲਿਸ ਨੂੰ ਸ਼ਿਕਾਇਤ
ਦੱਸ ਦਈਏ ਕਿ ਇਸ ਮਾਮਲੇ ਸਬੰਧੀ ਐਸ.ਐਸ.ਪੀ ਚੰਡੀਗੜ੍ਹ ਨੂੰ ਸ਼ਿਕਾਇਤ ਦਰਜ ਕਰਵਾਉਣ ਵਾਲਿਆਂ 'ਚ ਐਡੋਵੈਕੇਟ ਉੱਜਵਲ ਭਸੀਨ ਪ੍ਰਮੁੱਖ ਹਨ। ਉਨ੍ਹਾਂ ਮੁਤਾਬਕ, ਹਾਲ ਹੀ ਦੇ ਦਿਨਾਂ ਵਿੱਚ ਸਟ੍ਰੀਮ ਹੋਈ ਪੰਜਾਬੀ ਵੈੱਬ ਸੀਰੀਜ਼ 'ਲੁੱਖੇ' ਵਿੱਚ ਅਦਾਕਾਰ ਯੋਗਰਾਜ ਸਿੰਘ ਵੱਲੋਂ ਔਰਤਾਂ ਪ੍ਰਤੀ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਟਿੱਪਣੀ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਆਪਣੇ ਆਪ ਨੂੰ ਸਿੱਖੀ ਦੇ ਮੁਦੱਈ ਅਤੇ ਬੁਧੀਜੀਵੀ ਵਜੋ ਪਰਿਭਾਸ਼ਿਤ ਕਰਦੇ ਦਿਖਾਈ ਦਿੰਦੇ ਅਦਾਕਾਰ ਯੋਗਰਾਜ ਸਿੰਘ ਵੱਲੋਂ ਕਥਿਤ ਅਤੇ ਮਾੜੀ ਸ਼ਬਦਾਂਵਲੀ ਭਰੇ ਡਾਇਲਾਗਾਂ ਦਾ ਇਸਤੇਮਾਲ ਇਸ ਸੀਰੀਜ਼ ਵਿੱਚ ਪੁਲਿਸ ਅਫ਼ਸਰ ਦਾ ਰੋਲ ਪਲੇ ਕਰ ਰਹੀ ਇੱਕ ਅਦਾਕਾਰਾ ਲਈ ਕੀਤਾ ਗਿਆ ਹੈ, ਜਿਸ ਨੂੰ ਸੁਣਦਿਆਂ ਹਰ ਸੂਝਵਾਨ ਇਨਸਾਨ ਅਤੇ ਪਰਿਵਾਰਾਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।
ਮਹਿਲਾ ਕਮਿਸ਼ਨ ਕੋਲ ਸ਼ਿਕਾਇਤ
ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇ ਕਿ ਵੈੱਬ ਸੀਰੀਜ਼ ਵਿੱਚ ਵਰਤੀ ਗਈ ਸਮੱਗਰੀ ਕਿੰਨੀ ਹੱਦ ਤੱਕ ਔਰਤਾਂ ਦੀ ਅਪਮਾਨਨਾ ਕਰਦੀ ਹੈ ਅਤੇ ਕੀ ਇਸ ਨਾਲ ਕਾਨੂੰਨੀ ਉਲੰਘਣਾ ਹੋਈ ਹੈ। ਕਮਿਸ਼ਨ ਨੇ ਵੈੱਬ ਸੀਰੀਜ਼ ਨਾਲ ਜੁੜੇ ਕਲਾਕਾਰਾਂ, ਲੇਖਕ ਅਤੇ ਨਿਰਦੇਸ਼ਕ ਖਿਲਾਫ ਵੀ ਉਚਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦਾ ਮੰਨਣਾ ਹੈ ਕਿ ਮਨੋਰੰਜਨ ਦੇ ਨਾਮ ’ਤੇ ਕਿਸੇ ਵੀ ਵਰਗ, ਖ਼ਾਸ ਕਰਕੇ ਔਰਤਾਂ ਪ੍ਰਤੀ ਅਪਮਾਨਜਨਕ ਭਾਸ਼ਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

