ਪੰਜਾਬੀ ਫਿਲਮ 'ਟੁੱਟ ਪੈਣੀ ਇੰਗਲਿਸ਼ ਨੇ' ਦਾ ਹਿੱਸਾ ਬਣੀਆਂ ਸਿੰਮੀ ਚਾਹਲ-ਮੈਂਡੀ ਤੱਖਰ, ਜੱਸ ਗਰੇਵਾਲ ਕਰਨਗੇ ਲੇਖਣ
ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਖਾਸ ਭੂਮਿਕਾ ਨਿਭਾਉਂਦੀਆਂ ਨਜ਼ਰੀ ਪੈਣਗੀਆਂ।

By ETV Bharat Entertainment Team
Published : February 24, 2026 at 10:48 AM IST
ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬੰਬੂਕਾਟ 2' ਨੂੰ ਲੈ ਕੇ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੇ ਹੋਏ ਹਨ ਲੇਖਕ ਜੱਸ ਗਰੇਵਾਲ, ਜਿੰਨ੍ਹਾਂ ਦੀ ਇੱਕ ਹੋਰ ਪ੍ਰਭਾਵਪੂਰਨ ਫਿਲਮ ਵਜ਼ੂਦ ਅਖ਼ਤਿਆਰ ਕਰਨ ਵੱਲ ਵੱਧ ਚੁੱਕੀ ਹੈ, ਜੋ ਇਸੇ ਸਾਲ ਦੇ ਮੱਧ ਪੜਾਅ ਦੌਰਾਨ ਵਿਸ਼ਵ-ਭਰ ਦੇ ਸਿਨੇਮਾਘਰਾਂ ਵਿੱਚ ਪ੍ਰਦਸ਼ਿਤ ਕੀਤੀ ਜਾਵੇਗੀ। ਇਸ ਫਿਲਮ ਦਾ ਨਾਂਅ ਹੈ 'ਟੁੱਟ ਪੈਣੀ ਇੰਗਲਿਸ਼ ਨੇ' ਹੈ।
'ਆਈਫਲ ਸਟੂਡੀਓਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਕਰਨਗੇ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਇੱਕ ਨਵੀਂ ਅਤੇ ਪ੍ਰਭਾਵੀ ਸ਼ੁਰੂਆਤ ਕਰਨ ਜਾ ਰਹੇ ਹਨ।

ਨਿਰਮਾਤਾ ਮਾਨ ਕੌਰ, ਮਹਿੰਦਰ ਸਿੰਘ, ਗੀਤਾ ਅਗਰਵਾਲ ਸ਼ਰਮਾ ਅਤੇ ਰਜਿੰਦਰ ਸ਼ਰਮਾ ਨਾਨੂ ਦੁਆਰਾ ਨਿਰਮਿਤ ਕੀਤੀ ਜਾ ਰਹੀ ਹੈ ਉਕਤ ਪਰਿਵਾਰਿਕ ਡ੍ਰਾਮੈਟਿਕ ਫਿਲਮ, ਜਿਸ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਇੱਕ ਵਾਰ ਮੁੜ ਇਕੱਠੀਆਂ ਨਜ਼ਰ ਆਉਣਗੀਆਂ, ਜਿੰਨ੍ਹਾਂ ਨਾਲ ਇੱਕ ਹੋਰ ਨਵੇਂ ਚਿਹਰੇ ਸਤਵਿੰਦਰ ਸਿੰਘ ਦੀ ਆਮਦ ਪੰਜਾਬੀ ਸਿਨੇਮਾ ਵਿਹੜੇ ਵਿੱਚ ਹੋਵੇਗੀ।

ਮੇਨ ਸਟ੍ਰੀਮ ਸਿਨੇਮਾ ਸਿਰਜਨਾਤਮਕਤਾ ਤੋਂ ਬਿਲਕੁਲ ਲਾਂਭੇ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਨੂੰ ਬਿਹਤਰੀਨ ਸਿਰਜਣਾ ਦੇ ਰੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਜੱਸ ਗਰੇਵਾਲ, ਜੋ ਇਸ ਤੋਂ ਪਹਿਲਾਂ ਕਈ ਸਫ਼ਲਤਮ ਫਿਲਮਾਂ ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਰੱਬ ਦਾ ਰੇਡਿਓ', 'ਦਾਣਾ ਪਾਣੀ', 'ਬਾਜਰੇ ਦਾ ਸਿੱਟਾ', 'ਜੱਟ ਜੇਮਸ ਬਾਂਡ', 'ਸਾਬ ਬਹਾਦੁਰ', 'ਬੰਬੂਕਾਟ', 'ਬਾਈਲਾਰਸ', 'ਅਫ਼ਸਰ', 'ਫਰਾਰ', 'ਇੱਕ ਸੰਧੂ ਹੁੰਦਾ ਸੀ' ਆਦਿ ਸ਼ੁਮਾਰ ਰਹੀਆਂ ਹਨ।

ਇਸ ਤੋਂ ਇਲਾਵਾ ਹਾਲੀਆਂ ਲਿਖੀ ਉਨ੍ਹਾਂ ਦੀ ਫਿਲਮ 'ਰਾਵੀ ਦੇ ਕੰਢੇ' ਨੂੰ ਵੀ ਕੁਝ ਵੱਖਰਾ ਅਤੇ ਮਿਆਰੀ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ। ਓਧਰ ਜੇਕਰ ਉਕਤ ਦਿਲਚਸਪ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸੇ ਵਰ੍ਹੇ 25 ਸਤੰਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ ਇਹ ਫਿਲਮ, ਜਿਸ ਨੂੰ ਭਾਰਤ ਭਰ ਦੇ ਨਾਲ-ਨਾਲ ਕੈਨੇਡਾ, ਆਸਟ੍ਰੇਲੀਆ ਤੋਂ ਇਲਾਵਾ ਪਾਕਿਸਤਾਨੀ ਸਿਨੇਮਾਘਰਾਂ ਦਾ ਵੀ ਸ਼ਿੰਗਾਰ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ:

