ਬਾਦਸ਼ਾਹ ਅਤੇ ਈਸ਼ਾ ਨੇ ਕੀਤਾ ਤਲਾਕ ਦਾ ਐਲਾਨ, ਵਿਆਹ ਦੇ ਮਹਿਜ਼ ਕੁੱਝ ਮਹੀਨਿਆਂ ਬਾਅਦ ਹੀ ਲਿਆ ਫੈਸਲਾ
ਰੈਪਰ ਅਤੇ ਗਾਇਕ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੇ ਵਿਆਹ ਤੋਂ ਮਹਿਜ਼ 5 ਕੁ ਮਹੀਨਿਆਂ ਬਾਅਦ ਹੀ ਵੱਖ ਹੋਣ ਦਾ ਫੈਸਲਾ ਲਿਆ।

By ETV Bharat Entertainment Team
Published : September 1, 2026 at 8:43 AM IST
ਹੈਦਰਾਬਾਦ: ਰੈਪਰ ਅਤੇ ਗਾਇਕ ਬਾਦਸ਼ਾਹ ਨੇ ਆਪਣੇ ਵਿਆਹ ਦੇ ਮਹਿਜ਼ ਪੰਜ ਮਹੀਨੇ ਬਾਅਦ ਹੀ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਆਪਣੇ ਤਲਾਕ ਦਾ ਐਲਾਨ ਸੋਸ਼ਲ ਮੀਡੀਆ 'ਤੇ ਕੀਤਾ। ਦੋਵੇਂ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਅਤੇ ਹੁਣ ਉਨ੍ਹਾਂ ਨੇ ਆਖਰਕਾਰ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। ਦੋਹਾਂ ਵਲੋਂ ਹੀ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
"ਮੈਂ ਤੇ ਈਸ਼ਾ ਆਪਣੀ ਸਹਿਮਤੀ ਨਾਲ..."
ਬਾਦਸ਼ਾਹ ਅਤੇ ਈਸ਼ਾ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਉਂਟ ਤੋਂ ਸਟੋਰੀ ਸਾਂਝੀ ਕਰਦੇ ਹੋਏ ਆਪਣਾ ਬਿਆਨ ਫੈਨਸ ਨਾਲ ਸ਼ੇਅਰ ਕੀਤਾ। ਪੋਸਟ ਵਿੱਚ ਸੱਪਸ਼ਟ ਕੀਤਾ ਹੈ ਕਿ ਉਨ੍ਹਾਂ ਦੋਹਾਂ ਨੇ ਆਪਸੀ ਸਹਿਮਤੀ ਅਤੇ ਸਨਮਾਨ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਬਾਦਸ਼ਾਹ ਨੇ ਲਿਖਿਆ-

"ਮੈਂ ਅਤੇ ਈਸ਼ਾ ਰਿਖੀ ਆਪਸੀ ਸਹਿਮਤੀ ਨਾਲ ਵੱਖ ਹੋਣ ਅਤੇ ਆਪੋ-ਆਪਣੇ ਰਾਹ ਉੱਤੇ ਅੱਗੇ ਵੱਧਣ ਦਾ ਫੈਸਲਾ ਲੈ ਚੁੱਕੇ ਹਾਂ। ਇਹ ਫੈਸਲਾ ਅਸੀਂ ਇੱਕ-ਦੂਜੇ ਦੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਇਸ ਮੁਸ਼ਕਲ ਸਮੇਂ ਵਿੱਚ ਸਾਡੀ ਨਿੱਜਤਾ (ਪ੍ਰਾਈਵੇਸੀ) ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ।ਇਸ ਮਾਮਲੇ 'ਤੇ ਸਾਡਾ ਇਹ ਇੱਕੋ-ਇੱਕ ਬਿਆਨ ਹੋਵੇਗਾ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਰਿਸ਼ਤੇ ਬਾਰੇ ਹੋਰ ਅਟਕਲਾਂ ਜਾਂ ਅੰਦਾਜ਼ਿਆਂ ਤੋਂ ਬਚਿਆ ਜਾਵੇ।"
5 ਕੁ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਬਾਦਸ਼ਾਹ ਅਤੇ ਈਸ਼ਾ ਰਿਖੀ ਦਾ ਵਿਆਹ ਇੱਕ ਬਹੁਤ ਹੀ ਨਿੱਜੀ ਪ੍ਰੋਗਰਾਮ ਰਿਹਾ ਸੀ, ਜਿਸ ਵਿੱਚ ਸਿਰਫ਼ ਨਜ਼ਦੀਕੀ ਪਰਿਵਾਰਕ ਮੈਂਬਰ ਅਤੇ ਕੁਝ ਚੁਣੇ ਹੋਏ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ। 24 ਮਾਰਚ ਨੂੰ ਈਸ਼ਾ ਦੀ ਮਾਂ ਪੂਨਮ ਰਿਖੀ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕੀਤੀਆਂ ਸਨ, ਜਿੰਨ੍ਹਾਂ ਨੇ ਕਿਆਸਅਰਾਈਆਂ ਨੂੰ ਤੇਜ਼ ਕੀਤਾ ਸੀ ਕਿ ਬਾਦਸ਼ਾਹ ਅਤੇ ਈਸ਼ਾ ਸੱਚਮੁੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਹਾਲਾਂਕਿ, ਉਸ ਸਮੇਂ ਜੋੜੇ ਨੇ ਇਸ ਮਾਮਲੇ 'ਤੇ ਚੁੱਪੀ ਬਣਾਈ ਰੱਖੀ ਸੀ। ਕੁਝ ਦਿਨਾਂ ਬਾਅਦ, ਫੈਨਸ ਦੀ ਮੰਗ ਉੱਤੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪ੍ਰਸ਼ੰਸਕ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਈਸ਼ਾ ਰਿਖੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਵਿਆਹੀ ਹੋਈ ਹੈ। ਜਦੋਂ ਪ੍ਰਸ਼ੰਸਕਾਂ ਨੇ ਉਸਦੀ ਫੋਟੋ ਗੈਲਰੀ ਵਿੱਚੋਂ ਇੱਕ ਝਲਕ ਮੰਗੀ, ਤਾਂ ਉਸ ਨੇ ਬਾਦਸ਼ਾਹ ਨਾਲ ਆਪਣੀ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਸੀ। ਫੋਟੋ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਸੀ।

ਕੌਣ ਹੈ ਈਸ਼ਾ ਰਿਖੀ?
ਈਸ਼ਾ ਰਿਖੀ ਚੰਡੀਗੜ੍ਹ ਤੋਂ ਹੈ ਅਤੇ ਪੰਜਾਬੀ ਸਿਨੇਮਾ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਨੇ 2018 ਵਿੱਚ ਫਿਲਮ 'ਨਵਾਬਜ਼ਾਦੇ' ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਕਈ ਸਫਲ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਅਰਦਾਸ' ਅਤੇ 'ਦੋ ਦੂਣੀ ਪੰਜ' ਵਰਗੀਆਂ ਫਿਲਮਾਂ ਸ਼ਾਮਿਲ ਹਨ।
ਬਾਦਸ਼ਾਹ ਦਾ ਈਸ਼ਾ ਨਾਲ ਸੀ ਦੂਜਾ ਵਿਆਹ
ਜ਼ਿਕਰਯੋਗ ਹੈ ਕਿ ਇਹ ਬਾਦਸ਼ਾਹ ਦਾ ਈਸ਼ਾ ਰਿਖੀ ਦੂਜਾ ਵਿਆਹ ਸੀ। ਉਸ ਦਾ ਪਹਿਲਾਂ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ। ਉਨ੍ਹਾਂ ਦਾ ਰਿਸ਼ਤਾ 2020 ਵਿੱਚ ਖ਼ਤਮ ਹੋ ਗਿਆ। ਉਨ੍ਹਾਂ ਦੀ ਇੱਕ ਧੀ ਹੈ ਜਿਸ ਦਾ ਨਾਮ ਜੈਸਮੀ ਗ੍ਰੇਸ ਮਸੀਹ ਸਿੰਘ ਹੈ।

