ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ
ਗਾਇਕਾ ਸੁਨੰਦਾ ਸ਼ਰਮਾ ਨਵੀਂ ਪੰਜਾਬੀ ਫਿਲਮ ਦਾ ਹਿੱਸਾ ਬਣੀ ਹੈ, ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋ ਜਾਵੇਗੀ।

By ETV Bharat Entertainment Team
Published : August 29, 2026 at 5:24 PM IST
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਵਿਸ਼ਾਲ ਪਿੜ੍ਹ 'ਚ ਮਜ਼ਬੂਤ ਪੈੜ੍ਹਾਂ ਦੀ ਛਾਪ ਵਾਂਗ ਅਪਣਾ ਅਸਰ ਛੱਡ ਜਾਣ 'ਚ ਸਫ਼ਲ ਰਹੀ ਹੈ ਗਾਇਕਾ ਸੁਨੰਦਾ ਸ਼ਰਮਾ, ਜੋ ਇਕ ਵਾਰ ਮੁੜ ਪਾਲੀਵੁੱਡ ਵਿਹੜੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੰਨਾਂ ਦੀ ਨਵੀਂ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਪਰਿਵਾਰਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਉਕਤ ਡ੍ਰਾਮੈਟਿਕ ਫਿਲਮ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਗੁਲਾਬ ਸਿੱਧੂ-ਜੈਸਮੀਨ ਭਸੀਨ ਸਟਾਰਰ ਬਹੁ-ਚਰਚਿਤ 'ਜੁਦਾ' ਤੋਂ ਇਲਾਵਾ ਕਈ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜਿੰਨਾਂ ਵਿੱਚ 'ਬਾਜ਼', 'ਡੈਡੀ ਕੂਲ ਮੁੰਡੇ ਫੂਲ', 'ਅੰਗਰੇਜ਼', 'ਸੂਬੇਦਾਰ ਜੋਗਿੰਦਰ ਸਿੰਘ', 'ਨਿੱਕਾ ਜ਼ੈਲਦਾਰ' ਸੀਰੀਜ਼ ਫਿਲਮਾਂ, 'ਓਏ ਮੱਖਣਾ' ਆਦਿ ਸ਼ਾਮਿਲ ਰਹੀਆਂ ਹਨ।
ਸਾਲ 2018 ਵਿੱਚ ਸਾਹਮਣੇ ਆਈ ਪੀਰੀਅਡ ਫਿਲਮ 'ਸੱਜਣ ਸਿੰਘ ਰੰਗਰੂਟ' ਵਿੱਚ ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੀ ਲੀਡ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ, ਜਿਸ ਦੁਆਰਾ ਪੰਜਾਬੀ ਸਿਨੇਮਾ ਉਦਯੋਗ 'ਚ ਅਪਣੀ ਸ਼ਾਨਦਾਰ ਆਮਦ ਦਾ ਪ੍ਰਗਟਾਅ ਕਰਵਾਉਣ ਵਿੱਚ ਸਫ਼ਲ ਰਹੀ ਇਹ ਪ੍ਰਤਿਭਾਵਾਨ ਗਾਇਕਾ ਅਤੇ ਖੂਬਸੂਰਤ ਅਦਾਕਾਰਾ, ਜਿਸ ਵੱਲੋਂ ਅਪਣੀ ਦੂਸਰੀ ਅਤੇ ਅਮਰਿੰਦਰ ਗਿੱਲ ਨਾਲ ਆਈ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' (2024) 'ਚ ਨਿਭਾਈ ਭੂਮਿਕਾ ਵੀ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਣੀ।
ਓਧਰ ਜੇਕਰ ਸ਼ੁਰੂ ਹੋਣ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਇਲਾਵਾ ਲੰਦਨ ਵਿਖੇ ਫਿਲਮਾਈ ਜਾਵੇਗੀ ਇਹ ਭਾਵਪੂਰਨ ਫਿਲਮ, ਜਿਸ ਸੰਬੰਧਤ ਰਸਮੀ ਅਨਾਊਂਸਮੈਂਟ ਕਿਸੇ ਵੀ ਵੇਲੇ ਕੀਤੀ ਜਾ ਸਕਦੀ ਹੈ।
ਪ੍ਰੀ-ਪ੍ਰੋਡਕਸ਼ਨ ਪੜ੍ਹਾਅ 'ਚੋ ਗੁਜ਼ਰ ਰਹੀ ਉਕਤ ਫਿਲਮ ਦਾ ਇੱਕ ਖਾਸ ਪੱਖ ਇਹ ਵੀ ਰਹੇਗਾ ਕਿ ਇਸ ਵਿੱਚ ਅਲਹਦਾ ਅਤੇ ਪ੍ਰਭਾਵੀ ਲੁੱਕ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਵੇਗੀ ਇਹ ਬਾਕਮਾਲ ਗਾਇਕਾ ਅਤੇ ਅਦਾਕਾਰਾ, ਜਿੰਨਾਂ ਦੀ ਪੰਜਾਬ-ਮੁੰਬਈ ਤੋਂ ਲੈ ਕੇ ਵਿਦੇਸ਼ੀ ਵਿਹੜਿਆ ਤੱਕ ਗਾਇਕੀ ਧਮਕ ਅੱਜਕੱਲ੍ਹ ਅਪਣਾ ਪੂਰਾ ਅਸਰ ਵਿਖਾ ਰਹੀ ਹੈ।
ਇਹ ਵੀ ਪੜ੍ਹੋ:

