ETV Bharat / entertainment

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ 'ਗੋਲਡਨ ਸਟਾਰ' ਮਲਕੀਤ ਸਿੰਘ, ਗੁਰੂਘਰ ਵਿੱਚ ਐਨਕਾਂ ਲਾ ਕੇ ਘੁੰਮਣ ਵਾਲਿਆਂ ਨੂੰ ਦਿੱਤੀ ਖਾਸ ਨਸੀਹਤ

ਪ੍ਰਸਿੱਧ ਪੰਜਾਬੀ ਗਾਇਕ ਅਤੇ 'ਗੋਲਡਨ ਸਟਾਰ' ਮਲਕੀਤ ਸਿੰਘ ਹਾਲ ਹੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ।

Punjabi singer Malkit Singh
Punjabi singer Malkit Singh (Pic Credit: IANS)
author img

By ETV Bharat Entertainment Team

Published : February 25, 2026 at 11:08 AM IST

2 Min Read
Choose ETV Bharat

ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ 'ਗੋਲਡਨ ਸਟਾਰ' ਮਲਕੀਤ ਸਿੰਘ ਹਾਲ ਹੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਵਿਖੇ ਸ਼ਰਧਾ ਸਹਿਤ ਮੱਥਾ ਟੇਕਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆ ਕੇ ਜੋ ਰੂਹਾਨੀ ਸ਼ਾਂਤੀ ਮਿਲਦੀ ਹੈ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲ ਸਕਦੀ।

ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਭਰਦੇ ਹਨ। ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਵੀਆਈਪੀ ਸੱਭਿਆਚਾਰ ਅਤੇ ਕਲਾਕਾਰਾਂ ਨੂੰ ਨਿਮਰਤਾ ਦਾ ਪੱਲਾ ਫੜਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਹਮੇਸ਼ਾ ਇੱਕ ਨਿਮਾਣੇ ਸਿੱਖ ਵਜੋਂ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਮੈਂ ਕਈ ਵਾਰ ਦੇਖਦਾ ਹਾਂ ਕਿ ਲੋਕ ਦਰਬਾਰ ਸਾਹਿਬ ਦੇ ਅੰਦਰ ਵੀ ਕਾਲੀਆਂ ਐਨਕਾਂ ਲਗਾ ਕੇ ਘੁੰਮਦੇ ਹਨ, ਜੋ ਕਿ ਸਹੀ ਨਹੀਂ ਹੈ। ਇੱਥੇ ਝੁਕ ਕੇ ਆਉਣ ਵਾਲਾ ਹੀ ਕੁਝ ਪ੍ਰਾਪਤ ਕਰਦਾ ਹੈ।" ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਗੁਰੂ ਘਰ ਵਿੱਚ ਬਾਊਂਸਰਾਂ ਜਾਂ ਸੁਰੱਖਿਆ ਕਰਮੀਆਂ ਦੇ ਘੇਰੇ ਵਿੱਚ ਆਉਣਾ ਪਸੰਦ ਨਹੀਂ ਕਰਦੇ।

ਮਲਕੀਤ ਸਿੰਘ (VIDEO Credit: ETV Bharat)

ਪੰਜਾਬੀ ਸਿਨੇਮਾ ਅਤੇ ਸੰਗੀਤ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਨੇ ਅੱਜ ਬਾਲੀਵੁੱਡ ਦੇ ਬਰਾਬਰ ਮਿਆਰ ਸਥਾਪਿਤ ਕਰ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਵਿਸਾਖੀ ਦੇ ਨੇੜੇ ਆਪਣੀ ਨਵੀਂ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ, ਜਿਸ ਦੀ ਸ਼ੂਟਿੰਗ ਲੰਡਨ, ਨਿਊਯਾਰਕ ਅਤੇ ਭਾਰਤ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤੀ ਗਈ ਹੈ। ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਇੱਕੋਂ ਜਿਹੀਆਂ ਕਹਾਣੀਆਂ ਦੀ ਬਜਾਏ ਨਵੇਂ ਅਤੇ ਵੱਖਰੇ ਵਿਸ਼ਿਆਂ 'ਤੇ ਕੰਮ ਕਰਨ।

ਇਸ ਤੋਂ ਇਲਾਵਾ ਗਾਇਕ ਮਲਕੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਹੋਲੇ-ਮਹੱਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਆਪਣੇ ਵਿਦੇਸ਼ੀ ਸ਼ੋਅਜ਼ ਕਾਰਨ ਜਲਦੀ ਵਾਪਸ ਜਾਣਾ ਪੈ ਰਿਹਾ ਹੈ, ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪੰਜਾਬ ਦੀ ਧਰਤੀ ਅਤੇ ਵਿਰਸੇ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਆਪਣੇ ਨਵੇਂ ਰਿਲੀਜ਼ ਹੋਏ ਗਾਣੇ ਦਾ ਵੀ ਜ਼ਿਕਰ ਕਰਦਿਆਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼-ਸੁਥਰੀ ਗਾਇਕੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣ।

ਇਹ ਵੀ ਪੜ੍ਹੋ: