ਸੜਕ ਹਾਦਸੇ ਵਿੱਚ ਪੰਜਾਬੀ ਗਾਇਕ ਦੇ ਪਿਤਾ ਦਾ ਹੋਇਆ ਦੇਹਾਂਤ, ਗਾਇਕੀ ਅਤੇ ਸਿਨੇਮਾ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ
ਪੰਜਾਬੀ ਗਾਇਕ ਦਰਸ਼ਨਜੀਤ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ, ਜਿੰਨ੍ਹਾਂ ਨੂੰ ਇੱਕ ਟਰੱਕ ਨੇ ਫੇਟ ਮਾਰ ਦਿੱਤੀ ਹੈ।

By ETV Bharat Entertainment Team
Published : February 28, 2026 at 9:56 AM IST
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਚਰਚਿਤ ਅਤੇ ਉਭਰਦੇ ਗਾਇਕ ਵਜੋਂ ਅਪਣੇ ਨਾਂਅ ਦਾ ਸ਼ੁਮਾਰ ਅੱਜਕੱਲ੍ਹ ਕਰਵਾ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਦਰਸ਼ਨਜੀਤ, ਜਿਸ ਦੇ ਪਿਤਾ ਪੂਰਨ ਸਿੰਘ ਦਾ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਚੱਲਦਿਆਂ ਅਚਾਨਕ ਦੇਹਾਂਤ ਗਿਆ, ਜਿੰਨ੍ਹਾਂ ਦੇ ਇਸ ਅਕਾਲ ਚਲਾਣੇ ਉਤੇ ਗਾਇਕੀ ਅਤੇ ਸਿਨੇਮਾ ਸ਼ਖਸ਼ੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਪਰਿਵਾਰਿਕ ਹਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਦੀ ਫੇਟ ਲੱਗ ਜਾਣ ਕਾਰਨ ਉਕਤ ਘਟਨਾਕ੍ਰਮ ਵਾਪਰਿਆ, ਜਿਸ ਨਾਲ ਮੌਕੇ ਉਤੇ ਹੀ ਉਨ੍ਹਾਂ ਦੀ ਮੌਤ ਹੋ ਗਈ, ਜਿੰਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਉਨ੍ਹਾਂ ਦੇ ਗ੍ਰਹਿ ਨਗਰ ਕੋਟਕਪੂਰਾ (ਜ਼ਿਲ੍ਹਾ ਫਰੀਦਕੋਟ) ਵਿਖੇ ਕੀਤਾ ਜਾਵੇਗਾ, ਜਿੱਥੇ ਕਲਾ, ਗਾਇਕੀ, ਸਿਨੇਮਾ, ਰਾਜਨੀਤੀਕ ਅਤੇ ਸਮਾਜਿਕ ਸ਼ਖਸੀਅਤਾਂ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਗੀਆਂ।
ਇਸ ਦੁੱਖ ਦੀ ਘੜੀ ਵਿੱਚ ਗਾਇਕ ਦਰਸ਼ਨਜੀਤ ਨਾਲ ਗਾਇਕ ਮਾਸ਼ਾ ਅਲੀ, ਚੰਦਰਾ ਬਰਾੜ, ਸੱਬਾ ਮਰਾੜ੍ਹ, ਜੋਸ਼ ਬਰਾੜ, ਕੁਲਦੀਪ ਮੱਲਕੇ, ਭਿੰਦੇ ਸ਼ਾਹ ਰਾਜੋਵਾਲੀਆ, ਸੰਧੂ ਸੁਰਜੀਤ, ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਨਿਰਮਲ ਸਿੱਧੂ, ਅਦਾਕਾਰ ਗੁਰਮੀਤ ਸਾਜਨ, ਗੁਰਚੇਤ ਚਿੱਤਰਕਾਰ, ਗੁਰਪ੍ਰੀਤ ਤੋਤੀ, ਪ੍ਰਿੰਸ ਕੰਵਲਜੀਤ ਸਿੰਘ, ਗੀਤਕਾਰ ਬਾਬੂ ਸਿੰਘ ਮਾਨ, ਗੁਰਨਾਮ ਗਾਮਾ ਸਿੱਧੂ, ਨਿਰਦੇਸ਼ਕ ਅਮਿਤੋਜ ਮਾਨ ਵੱਲੋਂ ਸੰਵੇਦਨਾ ਪ੍ਰਗਟ ਕੀਤੀ ਗਈ ਹੈ।

ਮਾਲਵਾ ਦੇ ਨਿੱਕੇ ਜਿਹੇ ਸ਼ਹਿਰ ਤੋਂ ਉੱਠ ਅੱਜ ਬਹੁਤ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ ਗਾਇਕ ਦਰਸ਼ਨ ਜੀਤ, ਜਿੰਨ੍ਹਾਂ ਵੱਲੋਂ ਹਾਲੀਆਂ ਦਿਨਾਂ ਦੌਰਾਨ ਸਾਹਮਣੇ ਲਿਆਂਦੇ ਗਏ ਗਾਣਿਆ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਬਾਪੂ', 'ਰੋ ਕੇ ਜਾਂਦੀ ਹੋਊ', 'ਜਾਗਦੇ ਫਕੀਰ', 'ਪਿਓ ਮਰੇ ਨਾ', 'ਲਵ ਸਟੋਰੀ', 'ਪਿੰਕ ਰੋਜ਼', 'ਬੁਲਟ ਐਕਟੀਵਾ', 'ਲਾਹੌਰ' ਅਤੇ 'ਸਾਂਝਾ' ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਨੂੰ ਕੁਝ ਵੱਖਰਾ ਸੁਣਨ ਅਤੇ ਵੇਖਣ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਗਾਇਕੀ ਨੂੰ ਕਾਫ਼ੀ ਪ੍ਰਮੁੱਖਤਾ ਦਿੰਦੇ ਆ ਰਹੇ ਹਨ ਇਹ ਹੋਣਹਾਰ ਗਾਇਕ, ਜਿੰਨ੍ਹਾਂ ਵੱਲੋਂ ਅਪਣੇ ਗੀਤਾਂ ਵਿੱਚ ਆਪਸੀ ਰਿਸ਼ਤਿਆਂ ਦਾ ਬਿਆਨ ਬੇਹੱਦ ਪ੍ਰਭਾਵਪੂਰਨ ਭਰੇ ਰੋਂਅ 'ਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ:

