ਬਾਲੀਵੁੱਡ ਅਦਾਕਾਰ ਬੌਬੀ ਬੇਦੀ ਉਤੇ ਡਿੱਗਿਆ ਦੁੱਖਾਂ ਦਾ ਪਹਾੜ, ਮਾਤਾ ਦਾ ਹੋਇਆ ਦੇਹਾਂਤ
ਪੰਜਾਬ ਦੇ ਮੂਲ ਬਾਲੀਵੁੱਡ ਅਦਾਕਾਰ ਬੌਬੀ ਬੇਦੀ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ।

By ETV Bharat Entertainment Team
Published : January 3, 2026 at 5:09 PM IST
ਚੰਡੀਗੜ੍ਹ: ਬਾਲੀਵੁੱਡ ਗਲਿਆਰਿਆਂ ਵਿੱਚ ਬਤੌਰ ਅਦਾਕਾਰ ਚੋਖੀ ਭੱਲ ਸਥਾਪਿਤ ਕਰ ਲੈਣ ਵਿੱਚ ਸਫ਼ਲ ਰਹੇ ਹਨ ਪੰਜਾਬ ਮੂਲ ਅਦਾਕਾਰ ਬੌਬੀ ਬੇਦੀ, ਜਿਸ ਦੀ ਮਾਤਾ ਸ਼੍ਰੀਮਤੀ ਰਵਿੰਦਰ ਕੌਰ ਬੇਦੀ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ, ਜਿੰਨ੍ਹਾਂ ਦੇ ਅਕਾਲ ਚਲਾਣੇ ਉਤੇ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਸੰਬੰਧਿਤ ਸ਼ਖਸੀਅਤਾਂ ਵੱਲੋਂ ਉਨ੍ਹਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਨਾਲ ਸੰਬੰਧਿਤ ਹਨ ਅਦਾਕਾਰ ਬੌਬੀ ਬੇਦੀ, ਜੋ ਅੱਜ ਹਿੰਦੀ ਦੇ ਨਾਲ-ਨਾਲ ਸਾਊਥ ਫਿਲਮ ਉਦਯੋਗ ਵਿੱਚ ਵੀ ਅਪਣਾ ਅਧਾਰ ਦਾਇਰਾ ਲਗਾਤਾਰ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਮਾਤਾ ਜੀ ਇੰਨੀ ਦਿਨੀਂ ਉਨ੍ਹਾਂ ਕੋਲ ਮੁੰਬਈ ਸਥਿਤ ਆਵਾਸ 'ਚ ਹੀ ਰਹਿ ਰਹੇ ਸਨ, ਜੋ ਬਿਮਾਰੀ ਤੋਂ ਬਾਅਦ ਅੱਜ ਜਹਾਨੋਂ ਰੁਖ਼ਸਤ ਹੋ ਗਏ।

ਲਗਭਗ 4 ਦਹਾਕਿਆਂ ਤੋਂ ਅਦਾਕਾਰੀ ਖੇਤਰ ਵਿੱਚ ਕਾਰਜਸ਼ੀਲ ਹਨ ਅਦਾਕਾਰ ਬੌਬੀ ਬੇਦੀ, ਜਿੰਨ੍ਹਾਂ ਦਾ ਅਪਣੀ ਸਵਰਗੀ ਮਾਤਾ ਨਾਲ ਕਾਫ਼ੀ ਸਨੇਹ ਰਿਹਾ ਹੈ, ਜੋ ਉਨ੍ਹਾਂ ਦੇ ਲਈ ਇੱਕ ਮਾਰਗਦਰਸ਼ਕ ਅਤੇ ਪ੍ਰੇਰਨਾਸ੍ਰੋਤ ਵੀ ਰਹੇ, ਜਿੰਨ੍ਹਾਂ ਦੀਆਂ ਦੁਆਵਾਂ ਅਤੇ ਲਗਾਤਾਰ ਦਿੱਤੇ ਗਏ ਹੌਂਸਲੇ ਦੀ ਗੱਲ ਗਾਹੇ ਬਗਾਹੇ ਦੀਆਂ ਮੁਲਾਕਾਤ ਦੌਰਾਨ ਬੌਬੀ ਬੇਦੀ ਅਕਸਰ ਕਰਦੇ ਰਹਿੰਦੇ ਹਨ।

ਸਾਲ 1983 ਵਿੱਚ ਆਈ ਇੰਗਲਿਸ਼ ਫਿਲਮ 'ਹੀਟ ਐਂਡ ਡਸਟ' ਨਾਲ ਸ਼ੁਰੂਆਤੀ ਸਫ਼ਰ ਵੱਲ ਵਧੇ ਅਦਾਕਾਰ ਬੌਬੀ ਬੇਦੀ, ਜਿੰਨ੍ਹਾਂ ਦੁਆਰਾ ਹੁਣ ਤੱਕ ਦੇ ਪੈਂਡੇ ਦੌਰਾਨ ਕੀਤੇ ਅਤੇ ਮਹੱਤਵਪੂਰਨ ਰਹੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਟੀਵੀ ਸੀਰੀਜ਼ ਸ਼ਰਾਰਤ ਤੋਂ ਇਲਾਵਾ ਬਹੁ-ਚਰਚਿਤ ਅਤੇ ਸਫ਼ਲ ਹਿੰਦੀ ਫਿਲਮਾਂ 'ਰੱਬ ਨੇ ਬਣਾ ਦੀ ਜੋੜੀ', 'ਸਪੈਸ਼ਲ ਛੱਬੀ', 'ਦਿਲ ਬੋਲੇ ਹੱੜਿਪਾ', 'ਰੌਕੀ ਹੈਂਡਸਮ' ਅਤੇ 'ਦਾ ਗ੍ਰੇਟ ਇੰਡੀਅਨ ਅਸਕੇਪ' ਆਦਿ ਸ਼ਾਮਿਲ ਰਹੀਆਂ ਹਨ।
ਇੰਨ੍ਹਾਂ ਤੋਂ ਇਲਾਵਾ ਪੈਨ ਇੰਡੀਆ ਫਿਲਮ 'ਧੀਰਾ' ਅਤੇ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਬੈਸਟ ਆਫ ਲੱਕ' ਵਿੱਚ ਉਨ੍ਹਾਂ ਦੁਆਰਾ ਨਿਭਾਈਆਂ ਭੂਮਿਕਾਵਾਂ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।
ਇਹ ਵੀ ਪੜ੍ਹੋ:

