ਦਿਲਜੀਤ ਦੀ ਫਿਲਮ 'ਸਤਲੁਜ' ਦੇ ਹੱਕ 'ਚ ਉੱਤਰੇ ਇਹ ਪਾਲੀਵੁੱਡ ਸਿਤਾਰੇ, ਬੋਲੇ-ਸਰਕਾਰਾਂ ਨੂੰ ਸੱਚ ਮਨਜ਼ੂਰ ਨਹੀਂ...
ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ 'ਸਤਲੁਜ' ਦੀ ਰੋਕ ਉਤੇ ਖਫ਼ਾ ਨਜ਼ਰ ਆਏ, ਜਿੰਨਾਂ ਨੇ ਇਸ ਵਿਸ਼ੇ ਸੰਬੰਧੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

By ETV Bharat Entertainment Team
Published : July 7, 2026 at 11:08 AM IST
ਚੰਡੀਗੜ੍ਹ: Zee5 'ਤੇ ਰਿਲੀਜ਼ ਹੋਈ ਅਤੇ ਦਿਲਜੀਤ ਦੁਸਾਂਝ ਸਟਾਰਰ 'ਸਤਲੁਜ' ਉੱਪਰ ਲਗਾਏ ਬੈਨ ਨੂੰ ਲੈ ਕੇ ਪਾਲੀਵੁੱਡ ਗਲਿਆਰਿਆ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਸਿਨੇਮਾ ਹਸਤੀਆਂ ਵੱਲੋਂ ਈਟੀਵੀ ਭਾਰਤ ਨਾਲ ਉਚੇਚੇ ਤੌਰ 'ਤੇ ਅਪਣੀ ਅਪਣੀ ਪ੍ਰਤੀਕਿਰਿਆ ਦਾ ਪ੍ਰਗਟਾਵਾ ਕੀਤਾ ਗਿਆ।
ਰਤਨ ਔਲਖ (ਅਦਾਕਾਰ-ਨਿਰਦੇਸ਼ਕ)
ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਲੰਮਾਂ ਅਤੇ ਮਾਣ ਭਰਿਆ ਪੈਂਡਾ ਹੰਢਾ ਚੁੱਕੇ ਹਨ ਅਜ਼ੀਮ ਅਦਾਕਾਰ ਰਤਨ ਔਲਖ, ਜਿੰਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਉਤੇ ਬਣੀ ਫਿਲਮ 'ਸਤਲੁਜ' ਨੂੰ ਹਟਾਏ ਜਾਣ ਉਤੇ ਦੁੱਖ ਜ਼ਾਹਿਰ ਕੀਤਾ, ਉਨ੍ਹਾਂ ਨੇ ਕਿਹਾ:
"ਸੱਚੀਆਂ ਘਟਨਾਵਾਂ ਨਾਲ ਜੁੜੀਆਂ ਫਿਲਮਾਂ ਪ੍ਰਤੀ ਅਪਣਾਏ ਜਾਣ ਵਾਲੇ ਇਸ ਰਵੱਈਏ ਨੂੰ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਿਸਟਰੀ ਨੂੰ ਇਸ ਦੇ ਕੋਝੇ ਹੱਥਕੰਢਿਆ ਨਾਲ ਨਕਾਰਿਆ ਨਹੀਂ ਜਾ ਸਕਦਾ। ਸਰਕਾਰਾਂ ਨੇ ਸੱਚ ਨੂੰ ਕਦੇ ਵੀ ਮੰਨਿਆ ਨਹੀਂ ਹੈ, ਜਦੋਂ ਜਦੋਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਦੋਂ ਉਦੋਂ ਇਸ ਨੂੰ ਦਬਾਇਆ ਗਿਆ ਹੈ।"
ਲਖਵਿੰਦਰ ਲੱਖਾ (ਅਦਾਕਾਰ)
ਪੰਜਾਬ ਤੋਂ ਲੈ ਕੇ ਮੁੰਬਈ ਗਲਿਆਰਿਆਂ ਤੱਕ ਅਪਣੀ ਬਹੁ-ਆਯਾਮੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਲਖਵਿੰਦਰ ਲੱਖਾ, ਜਿੰਨਾਂ ਨੇ ਈਟੀਵੀ ਭਾਰਤ ਨਾਲ ਫਿਲਮ 'ਸਤਲੁਜ' ਨਾਲ ਸੰਬੰਧ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਨੇ ਕਿਹਾ:
"ਫ੍ਰੀਡਮ ਆਫ਼ ਵੋਇਸ, ਸਾਡੀ ਅਵਾਜ਼ ਨੂੰ ਦੱਬਣ ਦੀ ਕਵਾਇਦ ਹੈ ਇਹ, ਜਿਸ ਦਾ ਸਾਰਿਆਂ ਨੂੰ ਇੱਕ ਸੁਰ 'ਚ ਵਿਰੋਧ ਕਰਨਾ ਚਾਹੀਦਾ। ਪੰਜਾਬੀਆਂ ਅਤੇ ਪੰਜਾਬੀ ਸਿਨੇਮਾ ਪ੍ਰਤੀ ਇਹ ਇੱਕ ਤਰ੍ਹਾਂ ਦਾ ਜੈਲਸੀ ਫੈਕਟਰ ਵੀ ਮੰਨਿਆ ਜਾ ਸਕਦਾ ਹੈ, ਜੋ ਕਿ ਨਾਕਾਬਲ-ਏ-ਬਰਦਾਸ਼ਤ ਦੀ ਹੱਦ ਤੱਕ ਪਹੁੰਚ ਚੁੱਕਾ ਹੈ। ਸੱਚ ਅਤੇ ਕਾਲੇ ਦੌਰ ਦੇ ਸਮੇਂ ਦੀਆਂ ਕਈ ਤਲਖ ਹਕੀਕਤਾਂ ਨੂੰ ਬਿਆਨ ਕਰਦੀ ਇਸ ਫਿਲਮ ਉਪਰ ਰੋਕ ਲਗਾਉਣ ਬਹੁਤ ਹੀ ਗੈਰ-ਵਾਜਿਬ ਪ੍ਰਕਿਰਿਆ ਹੈ।"
ਗੁਰਦੀਪ ਸੇਹਰਾ (ਅਦਾਕਾਰ-ਨਿਰਦੇਸ਼ਕ)
ਅਦਾਕਾਰ ਅਤੇ ਨਿਰਦੇਸ਼ਕ ਇਸ ਵਿਸ਼ੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ:
"ਫਿਲਮ ਨੂੰ ਬਹੁਤ ਸੰਵੇਦਨਸ਼ੀਲਤਾ ਭਰੇ ਕਹਾਣੀ-ਸਾਰ ਦੇ ਬਾਵਜੂਦ ਪੂਰੀ ਜ਼ਿੰਮੇਵਾਰੀ ਭਰੀ ਸਿਰਜਨਾਤਮਕ ਪ੍ਰੀਕਿਰਿਆ ਅਧੀਨ ਵਜ਼ੂਦ ਦਿੱਤਾ ਗਿਆ ਹੈ, ਜਿਸ ਉਪਰ ਸੱਚ ਬਿਆਨ ਕਰਨ ਦੇ ਮੱਦੇਨਜ਼ਰ ਹੀ ਰੋਕ ਲਗਾ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ, ਜੋ ਪੰਜਾਬ ਦੇ ਲੋਕਤੰਤਰ ਨੂੰ ਵੀ ਕੁਚਲਣ ਦਾ ਯਤਨ ਕਿਹਾ ਜਾ ਸਕਦਾ ਹੈ, ਪਰ ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਭਰੇ ਮਨਸੂਬਿਆਂ ਦੁਆਰਾ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।"
ਦਰਸ਼ਨ ਔਲਖ (ਪਾਲੀਵੁੱਡ-ਬਾਲੀਵੁੱਡ ਅਦਾਕਾਰ)
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਉਦਯੋਗ ਵਿੱਚ ਵੀ ਬਤੌਰ ਲਾਈਨ ਨਿਰਮਾਤਾ ਚੋਖੀ ਭੱਲ ਸਥਾਪਿਤ ਕਰ ਚੁੱਕੇ ਅਦਾਕਾਰ ਦਰਸ਼ਨ ਔਲਖ, ਜੋ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ, ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਨੇ ਕਿਹਾ:
"ਇਹ ਉਸ ਸਮੇਂ ਦਾ ਸਭ ਤੋਂ ਵੱਡਾ ਸੱਚ ਹੈ ਅਤੇ ਸਰਕਾਰਾਂ ਨੂੰ ਸੱਚ ਮਨਜ਼ੂਰ ਨਹੀਂ, ਜਿਸ ਕਾਰਨ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ।"
ਗਾਇਕ ਜਸਬੀਰ ਜੱਸੀ
ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਫਿਲਮ ਪ੍ਰਤੀ ਆਪਣੀ ਰਾਏ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ, "ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਲਈ ਵੱਡਾ ਕਲੇਜਾ ਚਾਹੀਦਾ ਹੁੰਦਾ ਹੈ, ਹਨੀ ਤ੍ਰੇਹਨ ਜੀ ਤੁਸੀਂ ਵਧਾਈ ਦੇ ਪਾਤਰ ਹੋ, ਤੁਹਾਨੂੰ ਬਹੁਤ-ਬਹੁਤ ਮੁਬਾਰਕ, ਦਿਲਜੀਤ ਵੀਰ ਨੂੰ ਮੁਬਾਰਕਾਂ ਜਿੰਨਾਂ ਨੇ ਇਸ ਰੋਲ ਨੂੰ ਇੰਨੇ ਚੰਗੇ ਤਰੀਕੇ ਨਾਲ ਨਿਭਾਇਆ। ਪੰਜਾਬ ਦੇ ਹਿੱਤ ਦੀ ਗੱਲ ਹੋਈ, ਪੰਜਾਬ ਦੇ ਸੱਚ ਦੀ ਗੱਲ ਹੋਈ। ਸਾਰੀ ਟੀਮ ਨੂੰ ਵਧਾਈਆਂ...ਤੁਸੀਂ ਬਹੁਤ ਕਮਾਲ ਦੀ ਕਹਾਣੀ ਬਿਆਨ ਕੀਤੀ ਹੈ।"
ਇਸ ਤੋਂ ਇਲਾਵਾ ਅਮਰਿੰਦਰ ਗਿੱਲ, ਅਮਰਦੀਪ ਗਿੱਲ, ਜੌਰਡਨ ਸੰਧੂ ਵਰਗੇ ਹੋਰ ਬਹੁਤ ਸਾਰੇ ਕਲਾਕਾਰ ਫਿਲਮ 'ਸਤਲੁਜ' ਦੇ ਹੱਕ ਵਿੱਚ ਬੋਲ ਰਹੇ ਹਨ।
ਇਹ ਵੀ ਪੜ੍ਹੋ:
- Satluj Cast Reel vs Real Names: ਜਾਣੋ ਫਿਲਮ ਦੇ ਕਿਰਦਾਰਾਂ ਦੇ ਅਸਲੀ ਨਾਮ, ਕਿਸਨੇ ਨਿਭਾਇਆ ਕਿਸਦਾ ਰੋਲ
- Diljit Dosanjh Satluj: "ਫਿਲਮ 'ਸਤਲੁਜ' ਦੇ ਮੁੜ ਰਿਲੀਜ਼ ਲਈ ਹਰ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ", ਮੰਤਰੀ ਨੇ ਕਿਹਾ- ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਕਿਸ ਗੱਲ ਤੋਂ ਡਰਦਾ ਹੈ
- 'ਸਤਲੁਜ' ਤੋਂ ਬਾਅਦ ਇਸ ਪੰਜਾਬੀ ਫਿਲਮ 'ਚ ਨਜ਼ਰ ਆਉਣਗੇ ਸ਼ੁਵਿੰਦਰ ਵਿੱਕੀ, ਪਹਿਲਾ ਲੁੱਕ ਹੋਇਆ ਰਿਲੀਜ਼

