ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ਵਿੱਚ ਪਾਇਆ ਗਿਆ ਭੋਗ, ਜੱਦੀ ਪਿੰਡ ਵਿਖੇ ਕਰਵਾਇਆ ਗਿਆ ਸਾਦਾ ਅਤੇ ਪ੍ਰਭਾਵੀ ਸਮਾਰੋਹ
ਅੱਜ ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭੋਗ ਪਾਇਆ ਗਿਆ।

By ETV Bharat Entertainment Team
Published : January 3, 2026 at 4:15 PM IST
ਚੰਡੀਗੜ੍ਹ: ਪੰਜਾਬੀ ਗੀਤਕਾਰੀ ਅਤੇ ਗਾਇਕੀ ਖੇਤਰ ਦੀ ਧੁਰੰਧਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਰਹੇ ਹਨ ਮਰਹੂਮ ਰਾਜ ਬਰਾੜ, ਜਿੰਨ੍ਹਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਉਨ੍ਹਾਂ ਦੇ ਜੱਦੀ ਅਤੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮੱਲਕੇ ਵਿਖੇ ਕਰਵਾਇਆ ਗਿਆ, ਜਿਸ ਵਿੱਚ ਕਲਾ, ਸੰਗੀਤ, ਗਾਇਕੀ ਅਤੇ ਸਮਾਜਿਕ ਖਿੱਤੇ ਨਾਲ ਸੰਬੰਧਤ ਵੱਖ-ਵੱਖ ਵਰਗ ਨੁਮਾਇੰਦਿਆਂ ਨੇ ਅਪਣੀ ਉਪ-ਸਥਿਤੀ ਦਰਜ ਕਰਵਾਈ।
ਇਸ ਸਮੇਂ ਸਮਾਧ ਬਾਬਾ ਘੁਮੰਡ ਦਾਸ ਵਿਖੇ ਸ਼੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ, ਜਿਸ ਦੀ ਸਮਾਪਤੀ ਉਪਰੰਤ ਖਾਸ ਤੌਰ ਉਤੇ ਇਸ ਸਮਾਗਮ ਦਾ ਹਿੱਸਾ ਬਣੇ ਸ੍ਰੀਮਤੀ ਬਿੰਦੂ ਬਰਾੜ ਪਤਨੀ ਮਰਹੂਮ ਰਾਜ ਬਰਾੜ ਅਤੇ ਉਨ੍ਹਾਂ ਦੇ ਪੁੱਤਰ ਅਤੇ ਚਰਚਿਤ ਗਾਇਕ ਜੋਸ਼ ਬਰਾੜ ਦਾ ਪਿੰਡ ਨਿਵਾਸੀਆਂ ਵੱਲੋਂ ਉਚੇਚੇ ਤੌਰ ਉਤੇ ਸਨਮਾਨ ਵੀ ਕੀਤਾ ਗਿਆ।
ਪਰਿਵਾਰ ਦੇ ਅਤਿ ਕਰੀਬੀਆਂ ਹਰਬੰਸ ਸਿੰਘ ਸੰਘਾ ਨਿਊਜ਼ੀਲੈਂਡ ਅਤੇ ਪ੍ਰਤਿਭਾਵਾਨ ਗਾਇਕ ਕੁਲਦੀਪ ਮੱਲਕੇ ਦੀ ਰਹਿਨੁਮਾਈ ਹੇਠ ਕਰਵਾਏ ਗਏ ਉਕਤ ਸਮਾਰੋਹ ਦੌਰਾਨ ਭਾਵਪੂਰਨ ਵਿਚਾਰਾਂ ਦੁਆਰਾ ਮਰਹੂਮ ਰਾਜ ਬਰਾੜ ਨੂੰ ਨਿੱਘੀ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਉਕਤ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਤਿਕਾਰਤ ਸ਼ਖਸੀਅਤਾਂ ਨੇ ਕਿਹਾ ਕਿ ਗਾਇਕੀ ਅਤੇ ਗੀਤਕਾਰੀ ਖੇਤਰ ਵਿੱਚ ਮਰਹੂਮ ਰਾਜ ਬਰਾੜ ਦੁਆਰਾ ਪਾਏ ਯੋਗਦਾਨ ਨੂੰ ਕਦੇ ਵੀ ਮਨੋ ਵੀ ਵਿਸਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇੱਕ ਨਿੱਕੇ ਜਿਹੇ ਪਿੰਡ ਅਤੇ ਸਾਧਾਰਨ ਕਿਰਸਾਨ ਪਰਿਵਾਰ ਵਿੱਚੋਂ ਉੱਠ ਵਿਸ਼ਵ-ਭਰ ਦੇ ਸੰਗੀਤ ਗਲਿਆਰਿਆਂ ਵਿੱਚ ਅਪਣੀ ਅਨੂਠੀ ਗਾਇਕੀ ਅਤੇ ਗੀਤਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਸਨ, ਜਿੰਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗੀਤਾਂ ਦੀ ਯਾਦ ਅਤੇ ਇਸ ਦਾ ਅਸਰ ਅੱਜ ਵੀ ਲੋਕਮਨਾਂ 'ਚ ਪੂਰੀ ਤਰ੍ਹਾਂ ਬਰਕਰਾਰ ਹੈ।
ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੂਰੇ ਪਿੰਡ ਅਤੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮਰਹੂਮ ਰਾਜ ਬਰਾੜ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਦੋਵੇਂ ਬੱਚੇ ਸਵੀਤਾਜ ਬਰਾੜ ਅਤੇ ਜੋਸ਼ ਬਰਾੜ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਸੰਗੀਤਕ ਖੇਤਰ ਵਿੱਚ ਲਗਾਤਾਰ ਨਵੇਂ ਅਯਾਮ ਕਾਇਮ ਕਰ ਰਹੇ ਹਨ।
ਇਹ ਵੀ ਪੜ੍ਹੋ:

