ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਯਾਦ ਨੂੰ ਸਮਰਪਿਤ ਕਵੀਸ਼ਰੀ ਸਮਾਗਮ ਸੰਪੰਨ, ਭਾਵੁਕ ਹੋਏ ਹਰਭਜਨ ਮਾਨ ਨੇ ਯਾਦਾਂ ਕੀਤੀਆਂ ਸਾਂਝੀਆਂ
ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਕਵੀਸ਼ਰੀ ਸਮਾਗਮ ਕਰਵਾਇਆ ਗਿਆ।

By ETV Bharat Entertainment Team
Published : July 2, 2026 at 5:10 PM IST
ਚੰਡੀਗੜ੍ਹ: ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਕਵੀਸ਼ਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉੱਘੇ ਗਾਇਕ ਹਰਭਜਨ ਮਾਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਭਾਸ਼ਾ ਭਵਨ ਦੇ ਓਪਨ ਏਅਰ ਥੀਏਟਰ ਪਟਿਆਲਾ ਵਿਖੇ ਕਰਵਾਏ ਗਏ ਇਸ ਸਮਾਰੋਹ 'ਚ ਕਲਾ, ਸੰਗੀਤ, ਸਾਹਿਤ ਅਤੇ ਸਿਨੇਮਾ ਨਾਲ ਜੁੜੀਆਂ ਕਈ ਨਾਮਵਰ ਸ਼ਖਸੀਅਤਾਂ ਨੇ ਵੀ ਅਪਣੀ ਉਪ-ਸਥਿਤੀ ਦਰਜ ਕਰਵਾਈ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਮਾਗਮ 'ਚ ਸਭ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਕਵੀਸ਼ਰੀ ਕਲਾ ਨੇ ਪੰਜਾਬੀ ਕਲਾਵਾਂ ਦੀ ਸੰਰਚਨਾ ਵਿੱਚ ਪੁਰਾਤਨ ਸਮੇਂ ਤੋਂ ਹੀ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਕਰਨੈਲ ਸਿੰਘ ਪਾਰਸ ਦੇ ਸ਼ਾਗਿਰਦ ਅਤੇ ਪ੍ਰਸਿੱਧ ਗਾਇਕ ਹਰਭਜਨ ਮਾਨ ਨੇ ਆਪਣੇ ਜੀਵਨ ਵਿਕਾਸ ਵਿੱਚ ਪਾਰਸ ਸਾਹਿਬ ਦੀ ਭੂਮਿਕਾ ਬਾਰੇ ਅਪਣੇ ਭਾਵੁਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਪੂ ਪਾਰਸ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਏਨੀ ਕੁ ਮਿਹਨਤ ਕਰਵਾਈ, ਜਿਸ ਨੇ ਸਾਨੂੰ ਅੱਜ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਤੱਕ ਪਹੁੰਚਾਇਆ ਹੈ। ਉਹਨਾਂ ਪਾਰਸ ਜੀ ਦੇ ਜੀਵਨ ਦੀਆਂ ਉਹਨਾਂ ਘਟਨਾਵਾਂ ਨੂੰ ਵੀ ਸਾਂਝਾ ਕੀਤਾ, ਜਿੰਨ੍ਹਾਂ ਦੀ ਬਦੌਲਤ ਉਹ ਆਪ ਹੀ ਵੱਡੇ ਨਹੀਂ ਹੋਏ ਸਗੋਂ ਆਪਣੇ ਅਗਲੇ-ਪਿਛਲੇ ਅਤੇ ਸਮਕਾਲੀਆਂ ਨੂੰ ਵੀ ਵੱਡਾ ਕਰ ਗਏ।

ਇਸ ਮੌਕੇ ਉਹਨਾਂ ਆਪਣੇ ਪੁੱਤਰ ਅਵਕਾਸ਼ ਸਿੰਘ ਨਾਲ ‘ਜੱਗ ਜੰਕਸ਼ਨ ਰੇਲਾਂ ਦਾ’ ਕਵੀਸ਼ਰੀ ਦਾ ਗਾਇਨ ਵੀ ਪੇਸ਼ ਕੀਤਾ, ਜਿੱਥੋਂ ਇਹ ਗੱਲ ਹੋਰ ਉੱਭਰ ਆਉਂਦੀ ਹੈ ਕਿ ਪਾਰਸ ਜੀ ਦੀ ਪ੍ਰੰਪਰਾ ਹੋਰ ਇੱਕ ਪੀੜ੍ਹੀ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਮੌਕੇ ਤੇ ਉਹਨਾਂ ਨੇ ਕਵੀਸ਼ਰੀ ਗਾਇਨ ਸਬੰਧੀ ਸਾਡੀ ਯਾਦਾਸ਼ਤ ਦੇ ਵਧੀਆ ਹੋਣ ਨੂੰ ਜ਼ਰੂਰੀ ਤੱਤ ਦੱਸਿਆ, ਕਿਉਂਕਿ ਇਸ ਨਾਲ ਹੀ ਤੁਸੀਂ ਸਾਹਮਣੇ ਬੈਠੇ ਸਰੋਤਿਆਂ ਨਾਲ ਵਧੀਆ ਸੰਵਾਦ ਕਰ ਸਕਦੇ ਹੋ। ਇਸ ਮੌਕੇ ਉਹਨਾਂ ਨਾਲ ਆਏ ਹੋਏ ਉਹਨਾਂ ਦੇ ਪੁਰਾਣੇ ਸਾਥੀ ਦਿਲਬਾਗ ਚਹਿਲ ਨੇ ਬਾਬੂ ਸਿੰਘ ਮਾਨ ਦੇ ਗੀਤ ‘ਜਿਹੜੇ ਮਿਰਜ਼ੇ ਨੇ ਵਰਤੇ ਹੀ ਨਾ ਉਹਨਾਂ ਤੀਰਾਂ ਦਾ ਕੀ ਕਰਨਾ’ ਦਾ ਗਾਇਨ ਕੀਤਾ।
ਉਕਤ ਸਮਾਗਮ ਵਿੱਚ ਮੁੱਖ ਵਕਤਾ ਵਜੋਂ ਪਹੁੰਚੇ ਡਾਕਟਰ ਜਸਵਿੰਦਰ ਸ਼ਰਮਾ ਸਹਾਇਕ ਪ੍ਰੋਫ਼ੈਸਰ ਸਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਕਵੀਸ਼ਰੀ ਸਾਡੀ ਅਜਿਹੀ ਪ੍ਰੰਪਰਾ ਹੈ, ਜਿਹੜੀ ਸਾਡੇ ਅਵਚੇਤਨ ਨੂੰ ਹੀ ਨਹੀਂ ਟੁੰਬਦੀ ਸਗੋਂ ਲੋੜ ਸਮੇਂ ਸਾਡਾ ਆਸਰਾ ਵੀ ਬਣਦੀ ਹੈ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵੀਸ਼ਰੀ ਬਾਰੇ ਯੋਗਦਾਨ ਬਾਰੇ ਕਿਹਾ ਕਿ ਉਹਨਾਂ ਨੇ ਇਸ ਪ੍ਰੰਪਰਾ ਨੂੰ ਪ੍ਰਫੁੱਲਿਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਕਿਉਂਕਿ ਇਹ ਅਜਿਹਾ ਸਾਧਨ ਸੀ ਜਿਸ ਨਾਲ ਇੱਕ ਸਧਾਰਨ ਮਨੁੱਖ ਦੀਆਂ ਤਾਕਤਾਂ ਨੂੰ ਸ਼ਬਦ ਦੀ ਸ਼ਕਤੀ ਨਾਲ ਜਗਾਇਆ ਜਾ ਸਕਦਾ ਸੀ।

ਇਸ ਦੌਰਾਨ ਉਹਨਾਂ ਕਵੀਸ਼ਰੀ ਦੇ ਮੁੱਢ ਉਸ ਦੇ ਵਿਕਾਸ ਅਤੇ ਮੌਜੂਦਾ ਸਥਿਤੀ ਬਾਰੇ ਗੱਲਾਂ ਕਰਦਿਆਂ ਇਸ ਦੇ ਕਲਾਤਮਕ ਪੱਖਾਂ 'ਤੇ ਵੀ ਰੋਸ਼ਨੀ ਪਾਈ। ਕਰਨੈਲ ਪਾਰਸ ਬਾਰੇ ਕਿਹਾ ਕਿ ਉਹ ਆਪਣੀ ਘਾਲਣਾ, ਹੌਂਸਲੇ ਅਤੇ ਲਗਾਤਾਰਤਾ ਕਰਕੇ ਸਚਮੁੱਚ ਪਾਰਸ ਸਨ, ਜਿਨ੍ਹਾਂ ਨੇ ਕਿੰਨੀਆਂ ਹੀ ਪੀੜ੍ਹੀਆਂ ਵਿੱਚ ਕਵੀਸ਼ਰੀ ਦੀ ਜਾਗ ਲਗਾਈ।
ਇਸ ਦੌਰਾਨ ਡਾਕਟਰ ਸ਼ਰਮਾ ਨੇ ਕਰਨੈਲ ਪਾਰਸ ਦੇ ਗੁਰੂ ਸ਼ਾਗਿਰਦਗੀ ਦਾ ਕੁਰਸੀਨਾਮਾ ਵੀ ਸਾਂਝਾ ਕੀਤਾ। ਇਸ ਸਮਾਗਮ ਦੌਰਾਨ ਪਹੁੰਚੇ ਕਵੀਸ਼ਰੀ ਜੱਥਿਆਂ ਵਿੱਚੋਂ ਮੇਵਾ ਸਿੰਘ ਪਾਲੀਆ, ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਹਰਵਿੰਦਰ ਸਿੰਘ ਰੋਡੇ ਤੇ ਸਾਥੀਆਂ ਵੱਲੋਂ ਧਾਰਮਿਕ, ਨੈਤਿਕ, ਇਤਿਹਾਸਕ ਅਤੇ ਹੋਰ ਸਮਕਾਲੀ ਪ੍ਰਸੰਗਾਂ ਨਾਲ ਸਬੰਧਤ ਕਵੀਸ਼ਰੀਆਂ ਪੇਸ਼ ਕੀਤੀਆਂ, ਜਿਸ ਦਾ ਹਾਜ਼ਰ ਸਰੋਤਿਆਂ ਨੇ ਖੂਬ ਅਨੰਦ ਮਾਣਿਆ।
ਇਹ ਵੀ ਪੜ੍ਹੋ:

