'ਸਤਲੁਜ' ਤੋਂ ਪਹਿਲਾਂ ਕੀ ਸੀ ਫਿਲਮ ਦਾ ਨਾਂਅ? ਜਾਣੋ ਦਿਲਜੀਤ ਦੁਸਾਂਝ ਦੀ ਫਿਲਮ ਦੇ ਸਿਰਲੇਖ ਬਦਲਣ ਦੀ ਪੂਰੀ ਕਹਾਣੀ
ਜ਼ੀ5 'ਤੇ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਫਿਲਮ 'ਸਤਲੁਜ' ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਭਾਰਤ ਵਿੱਚ ਉੱਪਲਬਧ ਨਹੀਂ ਹੈ।

By ETV Bharat Entertainment Team
Published : July 6, 2026 at 1:32 PM IST
Satluj Controversy: 3 ਜੁਲਾਈ ਨੂੰ ਓਟੀਟੀ ਪਲੇਟਫਾਰਮ ਉਤੇ ਰਿਲੀਜ਼ ਹੋਈ ਫਿਲਮ 'ਸਤਲੁਜ' ਨੂੰ ਰਿਲੀਜ਼ ਦੇ 2 ਦਿਨ ਬਾਅਦ ਹੀ Zee5 ਤੋਂ ਹਟਾ ਦਿੱਤਾ ਗਿਆ ਹੈ। ਦਿਲਜੀਤ ਦੁਸਾਂਝ ਦੀ ਇਹ ਫਿਲਮ ਆਪਣੀ ਕਹਾਣੀ ਦੇ ਨਾਲ-ਨਾਲ ਰਿਲੀਜ਼ ਅਤੇ ਸਿਰਲੇਖ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਫਿਲਮ ਦਾ ਸਿਰਲੇਖ ਇੱਕ ਵਾਰ ਨਹੀਂ ਬਲਕਿ ਤਿੰਨ ਵਾਰ ਬਦਲਿਆ ਗਿਆ ਹੈ?
ਘੱਲੂਘਾਰਾ
ਸਭ ਤੋਂ ਪਹਿਲਾਂ ਇਸ ਫਿਲਮ ਦਾ ਐਲਾਨ 'ਘੱਲੂਘਾਰਾ' ਨਾਂਅ ਨਾਲ ਕੀਤਾ ਗਿਆ ਸੀ। ਘੱਲੂਘਾਰਾ ਦਾ ਮਤਲਬ ਹੈ ਤਬਾਹੀ ਅਤੇ ਸਰਵਨਾਸ਼। ਸਿੱਖ ਇਤਿਹਾਸ ਵਿੱਚ ਇਹ ਨਾਂਅ ਦੋ ਲੜਾਈਆਂ ਲਈ ਵਰਤਿਆ ਗਿਆ ਹੈ। ਇੱਕ ਤਾਜ਼ਾ ਲਾਈਵ ਵੀਡੀਓ ਵਿੱਚ ਅਦਾਕਾਰ ਦਿਲਜੀਤ ਦੁਸਾਂਝ ਦੱਸਦੇ ਹਨ ਕਿ ਫਿਲਮ ਦੀ ਕਹਾਣੀ, ਸਿਰਲੇਖ ਜਾਂ ਰਿਲੀਜ਼ ਮਿਤੀ ਹੀ ਨਹੀਂ ਬਲਕਿ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਉਨ੍ਹਾਂ ਨੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ।
ਪੰਜਾਬ 95
ਤੁਹਾਨੂੰ ਦੱਸ ਦੇਈਏ ਕਿ ਬਾਅਦ ਵਿੱਚ ਨਿਰਮਾਤਾਵਾਂ ਨੇ ਇਸ ਦਾ ਸਿਰਲੇਖ 'ਘੱਲੂਘਾਰਾ' ਨੂੰ ਬਦਲ ਕੇ 'ਪੰਜਾਬ 95' ਰੱਖ ਦਿੱਤਾ। ਇਹ ਨਾਂਅ 1995 ਦੇ ਉਸ ਦੌਰ ਵੱਲ ਇਸ਼ਾਰਾ ਕਰਦਾ ਹੈ, ਜਦੋਂ ਜਸਵੰਤ ਸਿੰਘ ਖਾਲੜਾ ਲਾਪਤਾ ਹੋਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਫਿਲਮ ਨੂੰ ਸੈਂਸਰ ਪ੍ਰਕਿਰਿਆ ਦੌਰਾਨ ਕਈ ਇਤਰਾਜ਼ਾਂ ਅਤੇ ਕੱਟਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਸ ਦੀ ਰਿਲੀਜ਼ ਲਗਾਤਾਰ ਟਲਦੀ ਰਹੀ।
ਭਾਰਤ ਵਿੱਚ ਰਿਲੀਜ਼ ਨੂੰ ਲੈ ਕੇ ਅਣਿਸ਼ਚਿਤਤਾ ਦੇ ਵਿਚਕਾਰ ਫਿਲਮ ਨੂੰ ਨਵੇਂ ਨਾਂਅ 'ਸਤਲੁਜ' ਨਾਲ ਰਿਲੀਜ਼ ਕੀਤਾ ਗਿਆ। ਇਸ ਤਰ੍ਹਾਂ ਹੁਣ ਤੱਕ ਫਿਲਮ ਤਿੰਨ ਵੱਖ-ਵੱਖ ਨਾਵਾਂ-'ਘੱਲੂਘਾਰਾ', 'ਪੰਜਾਬ 95' ਅਤੇ 'ਸਤਲੁਜ' ਨਾਲ ਸਾਹਮਣੇ ਆ ਚੁੱਕੀ ਹੈ।
'ਸਤਲੁਜ' ਦੇ ਨਾਂਅ ਨਾਲ ਫਿਲਮ ਕੁਝ ਦੇਸ਼ਾਂ ਵਿੱਚ ਅਤੇ ਭਾਰਤ ਵਿੱਚ ਓਟੀਟੀ ਪਲੇਟਫਾਰਮ ZEE5 'ਤੇ ਰਿਲੀਜ਼ ਹੋਈ ਸੀ, ਹਾਲਾਂਕਿ ਰਿਲੀਜ਼ ਤੋਂ ਕੁਝ ਸਮੇਂ ਬਾਅਦ ਇਸ ਨੂੰ ਭਾਰਤ ਵਿੱਚ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ, ਜਿਸ ਕਾਰਨ ਇਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ।
ਫਿਲਮ ਦਾ ਨਿਰਦੇਸ਼ਨ ਅਤੇ ਸਟਾਰ ਕਾਸਟ
ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਹਨ, ਜਦਕਿ ਮੁੱਖ ਭੂਮਿਕਾ ਵਿੱਚ ਦਿਲਜੀਤ ਦੁਸਾਂਝ ਨਜ਼ਰ ਆ ਰਹੇ ਹਨ। ਫਿਲਮ ਵਿੱਚ ਕੰਵਲਜੀਤ ਸਿੰਘ, ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ, ਜਗਜੀਤ ਸੰਧੂ ਅਤੇ ਗੀਤਿਕਾ ਵਿਦਿਆ ਓਹਲਿਆਨ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਦਿਲਜੀਤ ਦੁਸਾਂਝ ਦੇ ਕਿਰਦਾਰ ਨੂੰ ਕਾਫੀ ਪ੍ਰਸ਼ੰਸਾ ਹਾਸਿਲ ਹੋ ਰਹੀ ਹੈ।
ਉਲੇਖਯੋਗ ਹੈ ਕਿ 'ਪੰਜਾਬ 95' ਜਾਂ 'ਸਤਲੁਜ'...ਸਿਰਫ਼ ਇੱਕ ਫਿਲਮ ਨਹੀਂ, ਸਗੋਂ ਆਪਣੇ ਸਿਰਲੇਖ, ਸੈਂਸਰ ਵਿਵਾਦ ਅਤੇ ਰਿਲੀਜ਼ ਨਾਲ ਜੁੜੇ ਘਟਨਾਕ੍ਰਮ ਕਾਰਨ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਫਿਲਮ ਦਾ ਨਾਂਅ ਵਾਰ-ਵਾਰ ਬਦਲਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਸ ਦੇ ਸਫ਼ਰ ਵਿੱਚ ਕਈ ਚੁਣੌਤੀਆਂ ਆਈਆਂ। ਇਸ ਦੇ ਬਾਵਜੂਦ ਦਰਸ਼ਕਾਂ ਵਿੱਚ ਫਿਲਮ ਨੂੰ ਲੈ ਕੇ ਦਿਲਚਸਪੀ ਲਗਾਤਾਰ ਬਣੀ ਰਹੀ ਅਤੇ ਰਿਲੀਜ਼ ਮਗਰੋਂ ਇਸ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ ਹੈ।
ਇਹ ਵੀ ਪੜ੍ਹੋ:
- 'ਮੇਰੀਆਂ ਰੱਜ-ਰੱਜ ਲੱਤਾਂ ਖਿੱਚੋ, ਮੈਂ ਪਰਵਾਹ ਨਹੀਂ ਕਰਦਾ', 'ਸਤਲੁਜ' ਹਟਾਏ ਜਾਣ ਤੋਂ ਬਾਅਦ ਬੋਲੇ ਦਿਲਜੀਤ ਦੁਸਾਂਝ
- ਲਾਈਵ Diljit Dosanjh Satluj: ਦਿਲਜੀਤ ਨੇ ਕਿਹਾ- "ਹੁਣ ਤਾਂ ਫਿਲਮ ਡਾਊਨਲੋਡ ਹੋ ਚੁੱਕੀ", ਜਾਣੋ, ਕਾਂਗਰਸ ਆਗੂ, ਹਰਭਜਨ ਸਿੰਘ ਅਤੇ 'ਆਪ' ਤੱਕ ਦੇ ਰਿਐਕਸ਼ਨ
- 'ਸੱਚ ਨੂੰ ਕਦੇ ਦੱਬਿਆ ਨਹੀਂ ਜਾ ਸਕਦਾ', 'ਸਤਲੁਜ' ਦੇਖ ਭਾਵੁਕ ਹੋਏ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ

