ਅੰਕਿਤ ਬਾਲੀਆਨ ਕਤਲ ਮਾਮਲਾ: ਵਾਇਰਲ ਪੋਸਟ ’ਚ ਗੋਗੀ ਗੈਂਗ ਨੇ ਕੀਤਾ ਵੱਡਾ ਦਾਅਵਾ, ਪੁਲਿਸ ਕਰ ਰਹੀ ਹੈ ਜਾਂਚ
ਹਰਿਆਣਵੀ ਗਾਇਕ ਅੰਕਿਤ ਬਾਲੀਆਨ ਦੀ ਹੱਤਿਆ ਦੀ ਜ਼ਿੰਮੇਵਾਰੀ ਗੋਗੀ ਗੈਂਗ ਵੱਲੋਂ ਸੋਸ਼ਲ ਮੀਡੀਆ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

By ETV Bharat Entertainment Team
Published : August 27, 2026 at 11:25 AM IST
ਸ਼ਾਮਲੀ (ਉੱਤਰ ਪ੍ਰਦੇਸ਼): ਸ਼ਾਮਲੀ ਜ਼ਿਲ੍ਹੇ ਵਿੱਚ ਹਰਿਆਣਵੀ ਗਾਇਕ ਅੰਕਿਤ ਬਾਲੀਆਨ ਦੀ ਜਿੰਮ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਗੋਗੀ ਗੈਂਗ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਪੋਸਟ ਵਿੱਚ ਕਥਿਤ ਤੌਰ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸ਼ਾਮਲੀ ਪੁਲਿਸ ਇਸ ਵਾਇਰਲ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰ ਰਹੀ ਹੈ।
ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਕਿਤ ਨੇ ਗੈਂਗਸਟਰ ਜਤਿੰਦਰ ਗੋਗੀ ਦੀ ਹੱਤਿਆ ਦੇ ਆਲੇ-ਦੁਆਲੇ ਇੱਕ ਗੀਤ ਬਣਾਇਆ ਸੀ, ਜਿਸਦੀ ਰੋਹਿਣੀ ਅਦਾਲਤ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸ਼ਾਮਲੀ ਦੇ ਐਸਪੀ ਨੇ ਕਿਹਾ ਕਿ ਪੁਲਿਸ ਪੋਸਟ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਲਈ ਸੁਰਾਗਾਂ 'ਤੇ ਕੰਮ ਕਰ ਰਹੀ ਹੈ ਕਿ ਕੀ ਗੋਗੀ ਗੈਂਗ ਨਾਲ ਪਹਿਲਾਂ ਕੋਈ ਵਿਵਾਦ ਸੀ ਅਤੇ ਕੀ ਇਸਨੂੰ ਬਾਲੀਆਨ ਦੇ ਕਤਲ ਨਾਲ ਜੋੜਿਆ ਜਾ ਸਕਦਾ ਹੈ।
ਪੁਲਿਸ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਅਤੇ ਪੁਰਾਣੀਆਂ ਦੁਸ਼ਮਣੀਆਂ ਅਤੇ ਨਿੱਜੀ ਝਗੜਿਆਂ ਸਮੇਤ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਸ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦੇ ਪਿੱਛੇ ਅਸਲ ਉਦੇਸ਼ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਨਿਊਜ਼ਵਾਇਰ ਨਾਲ ਗੱਲ ਕਰਦੇ ਹੋਏ ਏਡੀਜੀ ਭਾਨੂ ਭਾਸਕਰ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ ਸੀ ਅਤੇ ਘਟਨਾਵਾਂ ਦੇ ਕ੍ਰਮ ਅਤੇ ਚੱਲ ਰਹੀ ਜਾਂਚ ਬਾਰੇ ਵੇਰਵੇ ਦਿੱਤੇ। ਉਨ੍ਹਾਂ ਕਿਹਾ, "ਪੀੜਤ ਅੰਕਿਤ ਬਾਲੀਆਨ ਨਾਮ ਦਾ ਇੱਕ ਗਾਇਕ ਸੀ...ਉਹ ਇੱਕ ਮਸ਼ਹੂਰ ਗਾਇਕ ਸੀ, ਜਿਸਦੇ ਯੂਟਿਊਬ 'ਤੇ ਕਾਫੀ ਫਾਲੋਅਰਜ਼ ਸਨ। ਉਹ ਇੱਕ ਫਿਟਨੈੱਸ ਜ਼ਿੰਮ ਵਿੱਚ ਕਸਰਤ ਕਰ ਰਿਹਾ ਸੀ, ਜਿਵੇਂ ਹੀ ਉਹ ਬਾਹਰ ਨਿਕਲਿਆ ਸ਼ਾਮ 6:55 ਵਜੇ ਦੇ ਕਰੀਬ ਦੋ ਵਾਹਨਾਂ ਵਿੱਚ ਚਾਰ ਅਣਪਛਾਤੇ ਵਿਅਕਤੀ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ, ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਪਹੁੰਚਾਇਆ, ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ।
ਘਟਨਾ ਤੋਂ ਬਾਅਦ ਸ਼ਾਮਲੀ ਦੇ ਐਸਪੀ ਅਤੇ ਡੀਐਮ, ਡੀਆਈਜੀ ਅਤੇ ਬਾਗਪਤ ਦੇ ਐਸਪੀ ਦੇ ਨਾਲ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਮੁਜ਼ੱਫਰਨਗਰ ਦੇ ਐਸਪੀ ਅਤੇ ਐਡੀਸ਼ਨਲ ਐਸਪੀ ਵੀ ਪਹੁੰਚੇ ਅਤੇ ਲਗਭਗ 6 ਤੋਂ 7 ਟੀਮਾਂ ਨੇ ਵੱਖ-ਵੱਖ ਥਾਵਾਂ ਅਤੇ ਦਿਸ਼ਾਵਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਨਿਊਜ਼ਵਾਇਰ ਨਾਲ ਗੱਲ ਕਰਦੇ ਹੋਏ ਮਰਹੂਮ ਹਰਿਆਣਵੀ ਗਾਇਕ ਅੰਕਿਤ ਬਾਲੀਆਨ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਸ਼ਾਮਲੀ ਵਿੱਚ ਇੱਕ ਜ਼ਿੰਮ ਦੇ ਬਾਹਰ ਉਸਦੀ ਘਾਤਕ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਹਮਲਾਵਰਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਉਨ੍ਹਾਂ ਕਿਹਾ, "ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜਿੰਨੀ ਜਲਦੀ ਹੋ ਸਕੇ ਕਾਰਵਾਈ ਕੀਤੀ ਜਾਵੇਗੀ। ਸਾਨੂੰ ਖੁਦ ਕੋਈ ਜਾਣਕਾਰੀ ਨਹੀਂ ਸੀ। ਅਸੀਂ ਘਰ ਵੀ ਨਹੀਂ ਸੀ। ਇਹ ਕਿਵੇਂ ਹੋਇਆ, ਅਸੀਂ ਪੂਰੀ ਤਰ੍ਹਾਂ ਹਨੇਰੇ ਵਿੱਚ ਹਾਂ। ਪੁਲਿਸ ਜੋ ਵੀ ਕਾਰਵਾਈ ਕਰੇਗੀ, ਅਸੀਂ ਉਸ ਨੂੰ ਸਵੀਕਾਰ ਕਰਾਂਗੇ।"
ਇਹ ਘਟਨਾ 'ਡਾਇਲ 112' 'ਤੇ ਐਮਰਜੈਂਸੀ ਕਾਲ ਆਉਣ ਤੋਂ ਬਾਅਦ ਸਾਹਮਣੇ ਆਈ, ਜਿਸ ਕਾਰਨ ਸਥਾਨਕ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੰਟੀ ਖੇੜਾ ਦੇ ਰਹਿਣ ਵਾਲੇ ਪੀੜਤ 'ਤੇ ਫਿਟਨੈੱਸ ਸੈਂਟਰ ਤੋਂ ਬਾਹਰ ਨਿਕਲਦੇ ਸਮੇਂ ਤਿੰਨ ਜਾਂ ਚਾਰ ਵਿਅਕਤੀਆਂ ਨੇ ਹਮਲਾ ਕੀਤਾ।
ਘਟਨਾ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਸ਼ਾਮਲੀ ਦੇ ਪੁਲਿਸ ਸੁਪਰਡੈਂਟ ਐਨਪੀ ਸਿੰਘ ਨੇ ਕਿਹਾ, "ਡਾਇਲ 112 'ਤੇ ਇੱਕ ਕਾਲ ਆਈ। ਸੂਚਨਾ ਮਿਲੀ ਕਿ ਬੰਟੀ ਖੇੜਾ ਦੇ ਰਹਿਣ ਵਾਲੇ ਅੰਕਿਤ ਬਾਲੀਆਨ ਇੱਕ ਜਿੰਮ ਗਿਆ ਸੀ। ਜਿਵੇਂ ਹੀ ਉਹ ਜਿੰਮ ਤੋਂ ਬਾਹਰ ਨਿਕਲਿਆ, 3-4 ਲੋਕਾਂ ਨੇ ਉਸਨੂੰ ਗੋਲੀ ਮਾਰ ਦਿੱਤੀ। ਅਸੀਂ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਪੁਲਿਸ ਟੀਮਾਂ ਮਾਮਲੇ 'ਤੇ ਕੰਮ ਕਰ ਰਹੀਆਂ ਹਨ।"
ਇਹ ਵੀ ਪੜ੍ਹੋ:

