ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਇਹ ਡਾਰਕ ਐਕਸ਼ਨ ਫ਼ਿਲਮ, ਜਸ਼ਨ ਦਿਓਲ ਬਤੌਰ ਨਿਰਦੇਸ਼ਕ ਕਰਨਗੇ ਡੈਬਿਊ
ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਡੈੱਡ ਐਂਡ' ਜਲਦ ਹੀ ਦਰਸ਼ਕਾਂ ਸਨਮੁੱਖ ਹੋਵੇਗੀ।

By ETV Bharat Entertainment Team
Published : May 27, 2026 at 2:59 PM IST
ਫਰੀਦਕੋਟ: ਪੰਜਾਬੀ ਫ਼ਿਲਮ ਨੂੰ ਨਵੇਂ ਅਤੇ ਗਲੋਬਲੀ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡਕਸ਼ਨ ਅਧੀਨ ਨਿਵੇਕਲੀ ਡਾਰਕ ਐਕਸ਼ਨ ਪੰਜਾਬੀ ਫ਼ਿਲਮ 'ਡੈੱਡ ਐਂਡ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਰਾਹੀਂ ਤਕਨੀਕੀ ਪੱਖੋ ਆਹਲਾ ਸਿਨੇਮਾ ਹੁਨਰਮੰਦੀ ਰੱਖਦਾ ਨੌਜਵਾਨ ਜਸ਼ਨ ਦਿਓਲ ਆਪਣੇ ਸ਼ਾਨਦਾਰ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰੇਗਾ।
'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਸਾਹਮਣੇ ਲਿਆਂਦੀ ਜਾ ਰਹੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਦਿਖਾਈ ਦੇ ਰਹੇ ਨਿਰਦੇਸ਼ਕ ਜਸ਼ਨ ਦਿਓਲ ਮੁਤਾਬਕ, ਇਹ ਫ਼ਿਲਮ ਪਾਲੀਵੁੱਡ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰੇਗੀ।

ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਫਿਰੋਜ਼ਪੁਰ ਨਾਲ ਸਬੰਧ ਰੱਖਦੇ ਨਿਰਦੇਸ਼ਕ ਜਸ਼ਨ ਦਿਓਲ ਅੱਜਕਲ੍ਹ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਮਨੋਭਾਵਾਂ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਆਪਣੀ ਜ਼ਿੰਦਗੀ ਫਿਲਮ ਨਿਰਮਾਣ ਲਈ ਸਮਰਪਿਤ ਕੀਤੀ ਹੋਈ ਹੈ। ਹੈਰਾਨੀਜਨਕ ਇਹ ਵੀ ਹੈ ਕਿ ਪਹਿਲਾ ਜਿਸ ਖਿੱਤੇ ਦਾ ਸ਼ੌਕ ਨਹੀਂ ਸੀ ਹੁਣ ਇਹੀ ਜੁੜਾਵ ਬਹੁਤ ਡੂੰਘਾ ਬਣ ਗਿਆ ਹੈ, ਜਿਸ ਵਿੱਚ ਹਰ ਪਲ ਜੀਉਂਦਾ ਹਾਂ ਅਤੇ ਇੱਥੋ ਦੀ ਕਰਮਭੂਮੀ 'ਚ ਹੀ ਸਕੂਨ ਮਹਿਸੂਸ ਕਰਦਾ ਹਾਂ।'

ਪੰਜਾਬੀ ਸਿਨੇਮਾ ਲਈ ਪੂਰਨ ਸਮਰਪਿਤ ਹੋ ਚੁੱਕੇ ਨਿਰਦੇਸ਼ਕ ਜਸ਼ਨ ਦਿਓਲ ਨੇ ਕਿਹਾ ਕਿ, "ਇਸ ਫਿਲਮ ਦੀ ਸਿਰਜਣਾ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਸਬਰ ਫਿਲਮ ਨਿਰਮਾਣ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੈ, ਕਿਉਕਿ ਵਧੀਆਂ ਕਹਾਣੀਆਂ ਜਲਦਬਾਜ਼ੀ ਵਿੱਚ ਤਿਆਰ ਨਹੀਂ ਹੁੰਦੀਆਂ। ਉਮੀਦ ਕਰਦਾ ਹਾਂ ਕਿ ਇਹ ਫ਼ਿਲਮ ਦਰਸ਼ਕ ਸਵੀਕਾਰ ਕਰਨਗੇ।"
ਨਿਰਮਾਣ ਪੜਾਅ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫ਼ਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕਰੀਏ ਤਾਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਵੱਡੇ ਬੇਟੇ ਏਕਮ ਗਰੇਵਾਲ ਇੱਕ ਨਵੇਂ ਅਵਤਾਰ ਨਾਲ ਦਰਸ਼ਕਾਂ ਸਨਮੁੱਖ ਹੋਣਗੇ। ਇਸ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ ਅਤੇ ਗੋਲਡੀ ਸੋਮਲ ਵੱਲੋਂ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆ ਗਈਆ ਹਨ।
ਇਹ ਵੀ ਪੜ੍ਹੋ:-

