'ਸਿੱਧੂ ਮੂਸੇਵਾਲਾ ਨੂੰ ਗਾਉਣਾ ਨਹੀਂ ਆਉਂਦਾ', ਮਰਹੂਮ ਗਾਇਕ ਬਾਰੇ ਅਜਿਹਾ ਕਿਉਂ ਬੋਲੀ ਸੁੱਖੀ ਬਰਾੜ, ਗੁੱਸੇ ਵਿੱਚ ਆਏ ਪ੍ਰਸ਼ੰਸਕ
ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਲੋਕ ਗਾਇਕਾ ਸੁੱਖੀ ਬਰਾੜ ਨੇ ਦੱਸਿਆ ਕਿ ਉਸਨੂੰ ਕਿਸੇ ਸਮੇਂ ਸਿੱਧੂ ਮੂਸੇਵਾਲਾ ਬਿਲਕੁੱਲ ਪਸੰਦ ਨਹੀਂ ਸਨ।

By ETV Bharat Entertainment Team
Published : January 8, 2026 at 11:40 AM IST
ਚੰਡੀਗੜ੍ਹ: ਪੰਜਾਬ ਦੀ ਲੋਕ ਗਾਇਕਾ ਸੁੱਖੀ ਬਰਾੜ ਪਿਛਲੇ ਕਾਫੀ ਦਹਾਕਿਆਂ ਤੋਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੀ ਆ ਰਹੀ ਹੈ। ਸੁੱਖੀ ਬਰਾੜ ਪੇਂਡੂ ਅਤੇ ਦੇਸੀ ਪਹਿਰਾਵੇ, ਲੋਕ ਬੋਲੀਆਂ, ਲੋਕ ਰੰਗ, ਲੋਕ ਗਾਥਾਵਾਂ, ਲੋਕ ਸਾਜਾਂ ਅਤੇ ਵਿਰਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ। ਹੁਣ ਪੰਜਾਬ ਦੀ ਇਹ ਖਾਸ ਹਸਤੀ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ।
ਜੀ ਹਾਂ...ਦਰਅਸਲ, ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਗਾਇਕਾ ਸੁੱਖੀ ਬਰਾੜ ਨੇ ਦੱਸਿਆ ਕਿ ਉਹ ਕਿਸੇ ਸਮੇਂ ਗਾਇਕ ਸਿੱਧੂ ਮੂਸੇਵਾਲਾ ਨੂੰ ਬਿਲਕੁੱਲ ਪਸੰਦ ਨਹੀਂ ਕਰਦੀ ਸੀ, ਇੱਥੋਂ ਤੱਕ ਕਿ ਇੱਕ ਪ੍ਰੋਗਰਾਮ ਵਿੱਚ ਜਦੋਂ ਉਸਨੂੰ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਆ ਰਹੇ ਹਨ ਤਾਂ ਉਨ੍ਹਾਂ ਨੇ ਉਸ ਪ੍ਰੋਗਰਾਮ ਵਿੱਚ ਜਾਣਾ ਹੀ ਕੈਂਸਲ ਕਰ ਦਿੱਤਾ।

ਗਾਇਕਾ ਨੇ ਕਿਹਾ, "ਇਹ ਇੱਕ ਦਿਲ ਦੀ ਗੱਲ ਹੈ, ਸਿੱਧੂ ਮੂਸੇਵਾਲਾ ਜਦੋਂ ਜਿਊਂਦਾ ਸੀ...ਉਸ ਸਮੇਂ ਮੇਰੀ ਕਿਸੇ ਨੇ ਇੰਟਰਵਿਊ ਕੀਤੀ ਸੀ, ਮੈਂ ਸੱਚੀ ਉਸਦੇ ਗਾਣੇ ਨਹੀਂ ਸੁਣੇ ਸੀ...ਅਤੇ ਮੈਂ ਇੰਟਰਵਿਊ ਵਿੱਚ ਕਹਿ ਦਿੱਤਾ ਸੀ ਕਿ ਉਸ ਮੁੰਡੇ ਨੂੰ ਗਾਉਣਾ ਨਹੀਂ ਆਉਂਦਾ, ਸਿੱਧੂ ਮੂਸੇਵਾਲਾ ਨੂੰ ਲੋਕ ਪਤਾ ਨਹੀਂ ਕਿਉਂ ਪਸੰਦ ਨੇ...।"

ਗਾਇਕਾ ਨੇ ਅੱਗੇ ਕਿਹਾ, "ਫਿਰ ਇੱਕ ਗਾਇਕ ਦਾ ਵਿਆਹ ਸੀ, ਮੈਂ ਉਸ ਵਿਆਹ ਵਿੱਚ ਨਹੀਂ ਗਈ, ਜਿੱਥੇ ਮੂਸੇਵਾਲਾ ਨੇ ਆਉਣਾ ਸੀ, ਉੱਥੋਂ ਹੀ ਮੈਨੂੰ ਸਿੱਧੂ ਮੂਸੇਵਾਲਾ ਦਾ ਫੋਨ ਆਉਂਦਾ..."ਮੈਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਭੂਆ ਜੀ, ਮੈਂ ਕਿਹਾ ਹਾਂ ਜੀ ਬੱਚੇ...ਕਹਿੰਦਾ ਮੈਂ ਸਿੱਧੂ ਮੂਸੇਵਾਲਾ...ਭੂਆ ਮੇਰਾ ਵਿਆਹ ਹੈ, ਮੇਰੇ ਵਿਆਹ ਵਿੱਚ ਘੋੜੀਆਂ ਸੁੱਖੀ ਬਰਾੜ ਭੂਆ ਹੀ ਗਾਏਗੀ।" ਮੈਨੂੰ ਇਹ ਸੁਣ ਕੇ ਕਾਫੀ ਚੰਗਾ ਲੱਗਿਆ। ਫਿਰ ਮੈਂ ਸਿੱਧੂ ਮੂਸੇਵਾਲਾ ਬਾਰੇ ਸਾਰਾ ਕੁੱਝ ਜਾਣਿਆ...ਫਿਰ ਜਦੋਂ ਉਸਦੀ ਮੌਤ ਹੋਈ ਤਾਂ ਮੈਨੂੰ ਬਹੁਤ ਜਿਆਦਾ ਬੁਰਾ ਲੱਗਿਆ, ਮੈਂ 3-4 ਦਿਨ ਕੁੱਝ ਵੀ ਖਾਧਾ-ਪੀਤਾ ਨਹੀਂ...ਫਿਰ ਮੈਂ ਉਸਦੇ ਗਾਣੇ ਸੁਣੇ, ਮੁੰਡਾ ਬਹੁਤ ਸੋਹਣਾ ਲਿਖਦਾ ਸੀ, ਉਸ ਨੇ ਬੇਬਾਕੀ ਨਾਲ ਲਿਖਿਆ ਜੋ ਵੀ ਲਿਖਿਆ। ਹਾਲਾਂਕਿ ਮੈਂ ਹੁਣ ਵੀ ਉਨ੍ਹਾਂ ਦੇ ਮਾਤਾ-ਪਿਤਾ ਨਾਲ ਜੁੜੀ ਹੋਈ ਹੈ।" ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੁੱਖੀ ਬਰਾੜ ਦੀ ਇਹ ਗੱਲ ਜਿਆਦਾ ਪਸੰਦ ਨਹੀਂ ਆਈ। ਉਹ ਗਾਇਕਾ ਨੂੰ ਟ੍ਰੋਲ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਗਾਇਕਾ ਸੁੱਖੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮੌਤ ਉਤੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ, ਪੋਸਟ ਵਿੱਚ ਉਸ ਨੇ ਲਿਖਿਆ, "ਅਲਵਿਦਾ ਸ਼ੁੱਭਦੀਪ ਸਿੰਘ ਸਿੱਧੂ, ਮਰਨਾ ਸੱਚ ਜਿਊਣਾ ਝੂਠ... ਮਨ ਉਦਾਸ ਹੈ, ਸਿੱਧੂ ਮੂਸੇ ਵਾਲਾ ਜੋ ਵੀ ਸੀ ਪਰ ਕੋਈ ਖਾਸ ਕਲਾ ਵੀ ਸੀ ਉਸ ਵਿੱਚ ਤਾਂਹੀ ਤਾਂ ਦੁਨੀਆਂ ਦੀਵਾਨੀ ਸੀ, ਕਦੀ ਪੱਗ ਨਹੀਂ ਲਾਹੀ, ਕਿਸੇ ਵੱਡੇ ਸ਼ਹਿਰ 'ਚ ਵੱਸਣ ਨਾਲੋਂ ਆਪਣੇ ਜੱਦੀ ਪਿੰਡ ਹੀ ਹਵੇਲੀ ਬਣਾਈ, ਦਾਤਾ ਮੇਰੇ ਪੰਜਾਬ ਨੂੰ ਮੇਰੇ ਪੁੱਤਾਂ ਵਰਗੇ ਭਰਾਵਾਂ ਵਰਗੇ ਕਲਾਕਾਰਾਂ ਨੂੰ ਮਾਂ ਬੋਲੀ ਪੰਜਾਬੀ ਦੇ ਪੈਂਤੀ ਅੱਖਰਾਂ ਦੀ ਸਹੀ ਵਰਤੋਂ ਕਰਨ ਦਾ ਬਲ ਬਖਸ਼ੇ ਅਤੇ ਸਮੱਤ ਬਖਸ਼ੇ...ਅਲਵਿਦਾ ਪੁੱਤਰਾਂ...ਪਤਾ ਨਹੀਂ ਕਿਹੜੀ ਚੰਦਰੀ ਰਾਜਨੀਤੀ ਰੰਜਸ਼ਾਂ ਦੀ ਭੇਂਟ ਚੜ੍ਹ ਗਿਆ ਮਾਂ ਦੇ ਦੁਲਾਰਿਆ...ਹਵੇਲੀ ਸੁੰਨੀ ਕਰ ਗਿਆ...ਸਭ ਤੋਂ ਵੱਡਾ ਘਾਟਾ ਮਾਪਿਆਂ ਨੂੰ ਜੋ ਕਦੀ ਨਾ ਪੂਰਾ ਹੋਣ ਵਾਲਾ ਹੈ।"

ਇਸ ਦੌਰਾਨ ਜੇਕਰ ਗਾਇਕਾ ਸੁੱਖੀ ਬਰਾੜ ਬਾਰੇ ਗੱਲ ਕਰੀਏ ਤਾਂ ਸੁੱਖੀ ਬਰਾੜ ਜ਼ਿਆਦਾਤਰ ਪੇਸ਼ੇਵਰ ਮਹਿਲਾ ਗਾਇਕਾਵਾਂ ਤੋਂ ਵੱਖਰੀ ਹੈ। ਉਹ ਸੁਰਿੰਦਰ ਕੌਰ ਸੰਗੀਤ ਸਕੂਲ ਨਾਲ ਸੰਬੰਧਤ ਹੈ ਅਤੇ ਗੁਣਵੱਤਾ ਵਾਲੇ ਲੋਕ ਗੀਤ ਗਾਉਣ ਨੂੰ ਮਹੱਤਤਾ ਦਿੰਦੀ ਹੈ। ਉਸਨੇ ਸਸਤੇ ਪ੍ਰਸਿੱਧ ਸੰਗੀਤ ਨੂੰ ਆਪਣੇ ਆਪ ਤੋਂ ਦੂਰ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ:

