ਓਟੀਟੀ ਰਿਲੀਜ਼ ਲਈ ਤਿਆਰ ਇਹ ਪੰਜਾਬੀ ਫਿਲਮ, ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ ਕਈ ਚਰਚਿਤ ਚਿਹਰੇ
ਪੰਜਾਬੀ ਫ਼ਿਲਮ 'ਮੁੰਡੇ ਜੱਟਾਂ ਦੇ ਬੁਲਾਉਂਦੇ ਬੱਕਰੇ' 10 ਸਤੰਬਰ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।

Published : August 30, 2026 at 12:54 PM IST
ਚੰਡੀਗੜ੍ਹ: ਪੰਜਾਬੀ ਫ਼ਿਲਮ 'ਮੁੰਡੇ ਜੱਟਾਂ ਦੇ ਬੁਲਾਉਂਦੇ ਬੱਕਰੇ' ਜਲਦ ਹੀ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਸਿਨੇਮਾਂ ਨਾਲ ਜੁੜੇ ਕਈ ਨਾਮਵਰ ਅਤੇ ਪ੍ਰਤਿਭਾਵਾਨ ਉਭਰਦੇ ਕਲਾਕਾਰ ਲੀਡਿੰਗ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
'ਡੈਂਕ ਸਟੂਡੀਓਜ਼ ਅਤੇ ਐਲਵਾਜ ਐਂਟਰਟੇਨਮੈਂਟ' ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਗੁਰਪ੍ਰੀਤ ਮਾਂਗਟ ਵੱਲੋਂ ਕੀਤਾ ਗਿਆ ਹੈ। ਪੇਂਡੂ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਦੇ ਨਿਰਮਾਤਾ ਜਸਕਰਨ ਸਿੰਘ ਅਤੇ ਸਹਿ ਨਿਰਮਾਣਕਾਰ ਗੁਰਲਵ ਸਿੰਘ ਰਟੌਲ ਹਨ ਜਦਕਿ ਲੇਖ਼ਣ ਦੀ ਜ਼ਿੰਮੇਵਾਰੀ ਪੁਰੇਵਾਲ ਪਰਮਜੀਤ ਅਤੇ ਡੀ.ਕੇ ਬੈਂਸ ਵੱਲੋ ਨਿਭਾਈ ਗਈ ਹੈ।
10 ਸਤੰਬਰ ਨੂੰ ਦਰਸ਼ਕਾਂ ਸਨਮੁੱਖ ਹੋਣ ਵਾਲੀ ਇਸ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ, ਤਾਂ ਇਸ ਵਿੱਚ ਪ੍ਰਕਾਸ਼ ਗਾਧੂ, ਪੁਰੇਵਾਲ ਪਰਮਜੀਤ, ਗੈਵੀ ਡਸਕਾ, ਕਮਲਪ੍ਰੀਤ ਸਿੰਘ, ਹਰਜੋਤ ਸਿੰਘ, ਨੂਰ ਕੌਰ, ਕਿਰਨਪ੍ਰੀਤ ਥਿੰਦ, ਰਣਜੀਤ ਸਿੰਘ ਅਤੇ ਮਨ ਕੌਰ ਸ਼ਾਮਲ ਹਨ। ਪਰਿਵਾਰਿਕ ਰਿਸ਼ਤਿਆਂ ਅਤੇ ਨੌਜਵਾਨੀ ਵਲਵਲਿਆਂ ਨੂੰ ਪ੍ਰਤੀਬਿੰਬ ਕਰਦੀ ਇਸ ਅਰਥ-ਭਰਪੂਰ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਇਸ ਦੇ ਸਿਨੇਮਾਟੋਗ੍ਰਾਫ਼ਰ ਜੀਤ ਹਰਮਨ ਅਤੇ ਹਨੀ ਮੋਹਨ, ਕਾਸਟਿਊਮ ਡਿਜ਼ਾਈਨਰ ਗਾਇਤਰੀ ਅਤੇ ਪ੍ਰੋਡਕਸ਼ਨ ਹੈੱਡ ਜਸ ਫਿਲਮਸ ਪ੍ਰੋਡਕਸ਼ਨ ਹੈ।

ਫ਼ਸਟ ਲੁੱਕ ਜਾਰੀ ਹੁੰਦਿਆਂ ਹੀ ਚਰਚਾ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਣੀ ਇਸ ਫ਼ਿਲਮ ਦਾ ਖਾਸ ਆਕਰਸ਼ਨ ਨੂਰ ਕੌਰ ਹੋਵੇਗੀ, ਜੋ ਇੰਨੀ ਦਿਨੀ ਪਾਲੀਵੁੱਡ ਗਲਿਆਰਿਆਂ ਵਿੱਚ ਚਰਚਿਤ ਚਿਹਰੇ ਵਜੋ ਆਪਣੇ ਨਾਮ ਦਾ ਸ਼ੁਮਾਰ ਕਰਵਾ ਰਹੀ ਹੈ। ਇਸ ਤੋਂ ਇਲਾਵਾ ਬਹੁ-ਪੱਖੀ ਹਾਸਰਸ ਅਦਾਕਾਰ ਪ੍ਰਕਾਸ਼ ਗਾਧੂ ਦਾ ਵੀ ਇੱਕ ਨਿਵੇਕਲਾ ਅੰਦਾਜ਼ ਅਤੇ ਅਵਤਾਰ ਦਰਸ਼ਕਾਂ ਨੂੰ ਦੇਖਣ ਲਈ ਮਿਲੇਗਾ, ਜੋ ਬਿਲਕੁਲ ਅਲੱਗ ਤਰ੍ਹਾਂ ਦੇ ਗੰਭੀਰ ਰੋਲ ਨਾਲ ਆਪਣੇ ਪ੍ਰਸ਼ੰਸਕਾਂ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ:-

