ETV Bharat / entertainment

ਸ਼ਹੀਦਾਂ ਦੀ ਧਰਤੀ, ਪਰ ਦੇਸ਼ ਭਗਤੀ ਦੀਆਂ ਫਿਲਮਾਂ ਨਾ-ਮਾਤਰ, ਪੰਜਾਬੀ ਸਿਨੇਮਾ ਤੋਂ ਇਤਿਹਾਸਕ ਕਹਾਣੀਆਂ ਦੂਰ ਕਿਉਂ?

ਪੰਜਾਬ ਦੇ ਸ਼ਹੀਦਾਂ ਦਾ ਇਤਿਹਾਸ ਅਮੀਰ ਹੈ, ਪਰ ਪਾਲੀਵੁੱਡ ਵਿੱਚ ਦੇਸ਼ ਭਗਤੀ ਦੀਆਂ ਫਿਲਮਾਂ ਘੱਟ ਕਿਉਂ ਬਣ ਰਹੀਆਂ ਹਨ। ਪੜ੍ਹੋ ਅਮਨਦੀਪ ਕੌਰ ਦੀ ਰਿਪੋਰਟ।

ਦੇਸ਼ ਭਗਤੀ ਨਾਲ ਸੰਬੰਧਿਤ ਫਿਲਮਾਂ ਦੀ ਗਿਣਤੀ ਪੰਜਾਬੀ ਸਿਨੇਮਾ ਵਿੱਚ ਘੱਟ ਕਿਉਂ?
ਦੇਸ਼ ਭਗਤੀ ਨਾਲ ਸੰਬੰਧਿਤ ਫਿਲਮਾਂ ਦੀ ਗਿਣਤੀ ਪੰਜਾਬੀ ਸਿਨੇਮਾ ਵਿੱਚ ਘੱਟ ਕਿਉਂ? (Pic Credit: ETV Bharat)
author img

By ETV Bharat Entertainment Team

Published : August 29, 2026 at 3:42 PM IST

|

Updated : August 29, 2026 at 4:43 PM IST

11 Min Read
Choose ETV Bharat

ਅਮਨਦੀਪ ਕੌਰ

ਪੰਜਾਬ ਦੀ ਧਰਤੀ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਤੋਂ ਲੈ ਕੇ ਗਦਰੀ ਬਾਬਿਆਂ ਤੱਕ, ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਅਣਗਿਣਤ ਕਿਰਦਾਰ ਅਤੇ ਘਟਨਾਵਾਂ ਹਨ, ਜਿਨ੍ਹਾਂ ਦੀਆਂ ਕਹਾਣੀਆਂ ਵੱਡੇ ਪਰਦੇ ’ਤੇ ਦਰਸ਼ਕਾਂ ਤੱਕ ਪਹੁੰਚ ਸਕਦੀਆਂ ਹਨ। ਇਸ ਦੇ ਬਾਵਜੂਦ ਪੰਜਾਬੀ ਸਿਨੇਮਾ ਵਿੱਚ ਦੇਸ਼ ਭਗਤੀ, ਆਜ਼ਾਦੀ ਦੀ ਲਹਿਰ ਅਤੇ ਇਤਿਹਾਸਕ ਸੰਘਰਸ਼ਾਂ ’ਤੇ ਕੇਂਦਰਿਤ ਫਿਲਮਾਂ ਦੀ ਗਿਣਤੀ ਬਹੁਤ ਸੀਮਤ ਨਜ਼ਰ ਆਉਂਦੀ ਹੈ। ਸਵਾਲ ਇਹ ਹੈ ਕਿ ਇੰਨੀ ਵੱਡੀ ਇਤਿਹਾਸਕ ਵਿਰਾਸਤ ਹੋਣ ਦੇ ਬਾਵਜੂਦ ਪੰਜਾਬੀ ਫਿਲਮ ਇੰਡਸਟਰੀ ਇਸ ਵਿਸ਼ੇ ਤੋਂ ਦੂਰ ਕਿਉਂ ਹੈ?

ਇਸ ਵਰਤਾਰੇ ਨੂੰ ਸਮਝਣ ਲਈ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਪੰਜਾਬੀ ਸਿਨੇਮਾ ਨਾਲ ਜੁੜੀਆਂ ਵੱਖ-ਵੱਖ ਹਸਤੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਾਫੀ ਅਣਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਇਸ ਰਿਪਰੋਟ ਵਿੱਚ ਅਸੀਂ ਸਮੱਸਿਆ, ਕਾਰਨ, ਚੁਣੌਤੀਆਂ, ਦਰਸ਼ਕ, ਧਾਰਮਿਕ ਸੰਵੇਦਨਸ਼ੀਲਤਾ, ਫਿਲਮਕਾਰਾਂ ਦੀ ਸੋਚ, ਸੰਭਾਵਿਤ ਸਰਕਾਰ/ਹੱਲ ਦੱਸਣ ਦੀ ਕੋਸ਼ਿਸ ਕੀਤੀ ਹੈ।

2024-2025 ਦੀਆਂ ਫਿਲਮਾਂ ਦਾ ਡਾਟਾ
2024-2025 ਦੀਆਂ ਫਿਲਮਾਂ ਦਾ ਡਾਟਾ (ETV Bharat)

ਘਾਟੇ ਦਾ ਸੌਦਾ ਹੋ ਸਕਦਾ ਹੈ ਦੇਸ਼ ਭਗਤੀ 'ਤੇ ਫਿਲਮ ਬਣਾਉਣਾ

ਜੇ ਪੰਜਾਬ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਫਿਲਮ ਨਿਰਮਾਤਾਵਾਂ ਕੋਲ ਕਹਾਣੀਆਂ ਦੀ ਭਰਮਾਰ ਹੈ। ਆਜ਼ਾਦੀ ਦੀ ਲਹਿਰ, ਗਦਰ ਅੰਦੋਲਨ, ਜਲ੍ਹਿਆਂਵਾਲਾ ਬਾਗ਼, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਹੋਰ ਕਈ ਇਤਿਹਾਸਕ ਪਾਤਰਾਂ ਦੀ ਜ਼ਿੰਦਗੀ ਆਪਣੇ ਆਪ ਵਿੱਚ ਸਿਨੇਮਾਈ ਕਹਾਣੀਆਂ ਹਨ।

ਪਰ ਮੁੱਖ ਧਾਰਾ ਪੰਜਾਬੀ ਸਿਨੇਮਾ ਵਿੱਚ ਇਨ੍ਹਾਂ ਕਹਾਣੀਆਂ ਨੂੰ ਲਗਾਤਾਰ ਵੱਡੇ ਪੱਧਰ ’ਤੇ ਬਣਾਉਣ ਦੀ ਰਿਵਾਇਤ ਨਜ਼ਰ ਨਹੀਂ ਆਉਂਦੀ। ਇੰਡਸਟਰੀ ਵਿੱਚ ਜ਼ਿਆਦਾਤਰ ਕਾਮੇਡੀ, ਪਰਿਵਾਰਕ ਡਰਾਮਾ, ਰੁਮਾਂਸ, ਪਿੰਡਾਂ ਦੀ ਜ਼ਿੰਦਗੀ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਕਹਾਣੀਆਂ ਨੂੰ ਵਪਾਰਕ ਤੌਰ ’ਤੇ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ। ਜਦੋਂ ਅਸੀਂ ਇਸ ਸੰਬੰਧੀ ਪੰਜਾਬੀ ਫਿਲਮ ਨਿਰਦੇਸ਼ਕ ਅਤੇ ਲੇਖਕ ਸੁਖਮਿੰਦਰ ਧੰਜਲ ਨਾਲ ਗੱਲਬਾਤ ਕੀਤੀ, ਉਨਾਂ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਬਿਜ਼ਨੈੱਸ ਨੂੰ ਦੱਸਿਆ। ਉਨਾਂ ਕਿਹਾ:

"ਪ੍ਰੋਡਿਊਸਰਸ ਹਮੇਸ਼ਾ ਹੀ ਅਜਿਹੇ ਪ੍ਰੋਜੈਕਟਜ਼ ਉਤੇ ਪੈਸਾ ਲਗਾਉਂਦੇ ਹਨ, ਜਿਹੜਾ ਉਨਾਂ ਲਈ ਫਾਇਦੇ ਦਾ ਸੌਦਾ ਹੋਵੇ। ਸੋ ਇਸ ਕਰਕੇ ਹੀ ਜਿਆਦਾਤਰ ਲੋਕ ਦੇਸ਼ ਭਗਤੀ ਦੀਆਂ ਫਿਲਮਾਂ ਦੇਖਣੀਆਂ ਨਹੀਂ ਚਾਹੁੰਦੇ। ਜੇ ਮੈਂ ਕਹਾਂ ਕਿ ਮਨੋਜ ਕੁਮਾਰ ਦੇ ਨਾਲ ਹੀ ਬਾਲੀਵੁੱਡ 'ਚੋਂ ਦੇਸ਼ ਭਗਤੀ ਦੀਆਂ ਫਿਲਮਾਂ ਦਾ ਯੁੱਗ ਖਤਮ ਹੋ ਗਿਆ ਤਾਂ ਇਹ ਕੋਈ ਮੇਰਾ ਖਿਆਲ ਅਤਿਕਥਨੀ ਨਹੀਂ ਹੋਵੇਗਾ। ਪਰ ਸਾਊਥ ਦਾ ਸਿਨੇਮਾ ਅਜੇ ਕੁੱਝ ਹੱਦ ਤੱਕ ਇਸ ਗੱਲ ਨੂੰ ਸੰਭਾਲ ਕੇ ਬੈਠਾ ਹੋਇਆ ਕਿ ਉਹ ਅਜੇ ਵੀ ਦੇਸ਼ ਭਗਤੀ ਉਤੇ ਬਣਾ ਰਿਹਾ ਹੈ।"

ਨਿਰਦੇਸ਼ਕ ਅਤੇ ਲੇਖਕ ਸੁਖਮਿੰਦਰ ਧੰਜਲ (ETV Bharat)

ਪ੍ਰੋਡਿਊਸਰਾਂ, ਨਿਰਦੇਸ਼ਕਾਂ ਅਤੇ ਲੇਖਕਾਂ ਦੀ ਅਣਦੇਖੀ

ਨਿਰਦੇਸ਼ਕ ਅਤੇ ਲੇਖਕ ਸੁਖਮਿੰਦਰ ਧੰਜਲ ਨੇ ਕਈ ਕਾਰਨਾਂ ਨੂੰ ਸਾਡੇ ਸਨਮੁੱਖ ਕੀਤਾ। ਉਨਾਂ ਨੇ ਦੇਸ਼ ਭਗਤੀ ਉਤੇ ਫਿਲਮਾਂ ਦੀ ਕਮੀ ਦਾ ਕਾਰਨ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕਾਂ ਦੀ ਅਣਦੇਖੀ ਨੂੰ ਦੱਸਿਆ। ਉਨਾਂ ਨੇ ਕਿਹਾ:

"ਦੇਸ਼ ਭਗਤੀ ਨਾਲ ਸੰਬੰਧਿਤ ਫਿਲਮਾਂ ਦੀ ਰਚਨਾ ਕਰਨ ਵਾਸਤੇ ਸਾਨੂੰ ਚੰਗੇ ਲੇਖਕ ਅਤੇ ਨਵੇਂ ਪ੍ਰੋਡਿਊਸਰਸ ਦੀ ਲੋੜ ਹੈ। ਸਾਡੇ ਜਿਹੜੇ ਲੇਖਕ ਨੇ, ਸਕ੍ਰੀਨ ਪਲੇਅ ਲਿਖਦੇ ਨੇ ਉਨਾਂ ਨੂੰ ਚਾਂਸ ਵੀ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਉਹ ਪੁਰਾਣੇ ਘਸੇ-ਪਿੱਟੇ ਫਾਰਮੂਲਿਆਂ ਨੂੰ ਅਜ਼ਮਾਅ ਰਹੇ ਹਨ।"

ਉਨਾਂ ਨੇ ਵਿਸਥਾਰ ਨਾਲ ਸਮਝਾਉਂਦੇ ਹੋਏ ਕਿਹਾ:

"ਦੇਸ਼ ਭਗਤੀ ਉਤੇ ਫਿਲਮਾਂ ਜੇਕਰ ਚੰਗੀਆਂ ਬਣਨਗੀਆਂ ਅਤੇ ਅੱਜਕੱਲ੍ਹ ਦੀ ਜਨਰੇਸ਼ਨ ਦੇ ਟੇਸਟ ਦੇ ਹਿਸਾਬ ਨਾਲ ਬਣਨਗੀਆਂ ਤਾਂ ਜਰੂਰ ਚੱਲਣਗੀਆਂ। ਸਾਡੇ ਇੱਥੇ ਭੇੜ-ਚਾਲ ਹੈ, ਜਦੋਂ ਇੱਕ ਫਿਲਮ ਚੱਲ ਜਾਂਦੀ ਹੈ ਤਾਂ ਸਾਰੇ ਲੋਕ ਉਸ ਪਾਸੇ ਹੀ ਤੁਰ ਪੈਂਦੇ ਹਨ। ਪਿੱਛੇ ਜੇ ਇੱਕ ਫਿਲਮ ਆਈ ਸੀ 'ਗੁਰੂ ਨਾਨਕ ਜਹਾਜ਼। ਉਹਦੇ ਵਿੱਚ ਜੋ ਗਦਰ ਪਾਰਟੀ ਦੀ ਕੁਝ ਥੋੜ੍ਹੀ ਜਿਹੀ ਦੇਸ਼ ਭਗਤੀ ਦੀ ਗੱਲ ਸੀ, ਪਰ ਫਿਲਮ ਕਾਫੀ ਘਾਟੇ ਦਾ ਸੌਦਾ ਸਾਬਿਤ ਹੋਈ। ਇਸ ਕਰਕੇ ਜਦੋਂ ਫਿਲਮ ਇਸ ਤਰ੍ਹਾਂ ਫਲੋਪ ਹੋ ਜਾਂਦੀ ਹੈ ਤਾਂ ਪ੍ਰੋਡਿਊਸਰਾਂ ਨੂੰ ਇਹ ਕਹਿਣ ਲਈ ਬਹਾਨਾ ਮਿਲ ਜਾਂਦਾ ਕਿ ਦੇਖੋ ਜੀ ਲੋਕ ਇਸ ਤਰ੍ਹਾਂ ਦੀਆਂ ਫਿਲਮਾਂ ਦੇਖਣਾ ਨਹੀਂ ਚਾਹੁੰਦੇ।"

ਵੱਡੇ ਬਜਟ ਅਤੇ ਸਰੋਤਾਂ ਦੀ ਕਮੀ

ਇਤਿਹਾਸਕ ਜਾਂ ਦੇਸ਼ ਭਗਤੀ ਫਿਲਮ ਬਣਾਉਣਾ ਆਮ ਪੰਜਾਬੀ ਫਿਲਮ ਦੇ ਮੁਕਾਬਲੇ ਮਹਿੰਗਾ ਹੋ ਸਕਦਾ ਹੈ। ਪੀਰੀਅਡ ਸੈੱਟ, ਵੱਡੀ ਕਾਸਟ, ਕਾਸਟਿਊਮ, ਐਕਸ਼ਨ ਸੀਕਵੈਂਸ, ਲੋਕੇਸ਼ਨ ਅਤੇ ਇਤਿਹਾਸਕ ਘਟਨਾਵਾਂ ਨੂੰ ਦੁਬਾਰਾ ਪਰਦੇ ’ਤੇ ਪੇਸ਼ ਕਰਨ ਲਈ ਵੱਡੇ ਬਜਟ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਸਭ ਤੋਂ ਵੱਡਾ ਸਵਾਲ ਬਾਕਸ ਆਫਿਸ ਦਾ ਹੈ। ਨਿਰਮਾਤਾ ਲਈ ਇਹ ਯਕੀਨੀ ਕਰਨਾ ਮੁਸ਼ਕਲ ਹੁੰਦਾ ਹੈ ਕਿ ਦਰਸ਼ਕ ਇਤਿਹਾਸਕ ਕਹਾਣੀ ਦੇਖਣ ਲਈ ਵੱਡੀ ਗਿਣਤੀ ਵਿੱਚ ਸਿਨੇਮਾਘਰਾਂ ਤੱਕ ਪਹੁੰਚਣਗੇ ਜਾਂ ਨਹੀਂ।

ਇਸੇ ਕਰਕੇ ਕਈ ਵਾਰ ਨਿਰਮਾਤਾ ਅਜਿਹੇ ਵਿਸ਼ਿਆਂ ਦੀ ਬਜਾਏ ਉਨ੍ਹਾਂ ਕਹਾਣੀਆਂ ਨੂੰ ਤਰਜੀਹ ਦਿੰਦੇ ਹਨ, ਜਿਨ੍ਹਾਂ ਦਾ ਦਰਸ਼ਕਾਂ ਨਾਲ ਤੁਰੰਤ ਮਨੋਰੰਜਨ ਵਾਲਾ ਕਨੈਕਸ਼ਨ ਬਣ ਸਕੇ। ਇਹ ਅਸੀਂ ਨਹੀਂ ਬਲਕਿ ਸਾਡੇ ਨਾਲ ਜੁੜੀਆਂ ਸਿਨੇਮਾ ਹਸਤੀਆਂ ਕਹਿੰਦੀਆਂ ਹਨ। ਸੁਖਮਿੰਦਰ ਧੰਜਲ ਕਹਿੰਦੇ ਹਨ:

"ਮੈਂ ਇਹੀ ਕਹਾਂਗਾ ਕਿ ਕਾਫੀ ਸਮੇਂ ਤੋਂ ਦੇਸ਼ ਭਗਤੀ ਦੇ ਉਤੇ ਫਿਲਮਾਂ ਬਣਨੀਆਂ ਲਗਭਗ ਬੰਦ ਹੀ ਹੋ ਗਈਆਂ ਹਨ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਉੱਤੇ ਬਾਲੀਵੁੱਡ ਵਿੱਚ 5 ਫਿਲਮਾਂ ਆਈਆਂ ਸੀ, ਉਹ ਪੰਜੇ ਫਿਲਮਾਂ ਫਲੌਪ ਹੋ ਗਈਆਂ ਸੀ। ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੀ ਅੱਜ ਦੀ ਸਾਡੀ ਜਨਰੇਸ਼ਨ ਹੈ, ਉਹ ਪੁਰਾਣੇ ਕਿਰਦਾਰਾਂ ਨੂੰ ਜਾਂ ਦੇਸ਼ ਭਗਤੀ ਵਾਲੇ ਪੁਰਾਣੇ ਕਰੈਕਟਰਾਂ ਨੂੰ ਦੇਖਣ ਦੀ ਉਨੀ ਤਮੰਨਾ ਨਹੀਂ ਰੱਖਦੀ ਹੈ, ਹਾਲਾਂਕਿ ਤਾਜ਼ਾ ਘਟਨਾਵਾਂ ਤੋਂ ਇਹ ਜ਼ਾਹਿਰ ਹੋਇਆ ਹੈ ਕਿ ਉਨਾਂ ਵਿੱਚ ਦੇਸ਼ ਭਗਤੀ ਹੈ।"

ਅਦਾਕਾਰ ਅਤੇ ਕਾਮੇਡੀਅਨ ਗੁਰਵਿੰਦਰ ਸਿੰਘ ਸਰਾਂ (ETV Bharat)

ਜੂਨੀਅਰ ਮੇਹਰ ਮਿੱਤਲ ਦੇ ਨਾਂਅ ਨਾਲ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਵਿੰਦਰ ਸਿੰਘ ਸਰਾਂ ਅਨੁਸਾਰ ਬਜਟ ਹੀ ਹੈ, ਜਿਸ ਕਾਰਨ ਪੰਜਾਬੀ ਸਿਨੇਮਾ ਵਿੱਚ ਦੇਸ਼ ਭਗਤੀ ਦੀਆਂ ਫਿਲਮਾਂ ਨਾ-ਮਾਤਰ ਹਨ। ਉਨਾਂ ਕਹਿੰਦੇ ਹਨ:

"ਪੰਜਾਬੀ ਸਿਨੇਮਾ ਵਿੱਚ ਦੇਸ਼ ਭਗਤੀ ਉਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਨ, ਪਰ ਇਹ ਰਿਸਕ ਹੋਏਗਾ ਬਹੁਤ ਵੱਡਾ। ਕਾਰਨ ਇਹ ਹੈ ਕਿ ਹਿੰਦੀ ਫਿਲਮ ਇੰਡਸਟਰੀ ਵਿੱਚ ਧਾਰਮਿਕ ਜਾਂ ਦੇਸ਼ ਭਗਤੀ ਫਿਲਮਾਂ ਚੱਲ ਜਾਂਦੀਆਂ ਹਨ, ਕਿਉਂਕਿ ਉਨਾਂ ਦੇ ਬਜਟ ਬਹੁਤ ਵੱਡੇ ਹੁੰਦੇ ਹਨ। ਪਰ ਸਾਡੇ ਪੰਜਾਬੀ ਸਿਨੇਮਾ ਵਿੱਚ ਆਮ ਫਿਲਮਾਂ ਹੀ ਚਲਾਉਣੀਆਂ ਮੁਸ਼ਕਿਲ ਹੁੰਦੀਆਂ ਹਨ, ਉਨਾਂ ਤੋਂ ਹੀ ਉਮੀਦ ਨਹੀਂ ਹੁੰਦੀ ਵੀ ਇਹ ਚੱਲੂਗੀ ਜਾਂ ਨਹੀਂ ਚੱਲੂਗੀ ਅਤੇ ਫਿਰ ਇਹੋ ਜਿਹੇ ਕਨਸੈਪਟ ਤਾਂ ਕਿੱਥੇ ਚੱਲਣੇ ਹਨ, ਕਿਉਂਕਿ ਬਜਟ ਬਹੁਤ ਜ਼ਿਆਦਾ ਚਾਹੀਦਾ।"

ਦਰਸ਼ਕਾਂ ਦੀ ਬਦਲਦੀ ਪਸੰਦ ਅਤੇ ਮੰਗ

ਇਸ ਸਵਾਲ ਦਾ ਇੱਕ ਪੱਖ ਦਰਸ਼ਕ ਵੀ ਹਨ। ਪੰਜਾਬੀ ਸਿਨੇਮਾ ਦਾ ਇੱਕ ਵੱਡਾ ਦਰਸ਼ਕ ਵਰਗ ਕਾਮੇਡੀ ਅਤੇ ਪਰਿਵਾਰਕ ਮਨੋਰੰਜਨ ਨੂੰ ਪਸੰਦ ਕਰਦਾ ਹੈ। ਇਸ ਕਾਰਨ ਬਾਕਸ ਆਫਿਸ ’ਤੇ ਵਪਾਰਕ ਫਿਲਮਾਂ ਦੀ ਸਫਲਤਾ ਨਿਰਮਾਤਾਵਾਂ ਨੂੰ ਉਸੇ ਤਰ੍ਹਾਂ ਦੀਆਂ ਹੋਰ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ। ਪਰ ਇਸ ਦਾ ਦੂਜਾ ਪੱਖ ਵੀ ਹੈ। ਜੇਕਰ ਕਿਸੇ ਵਿਸ਼ੇ ’ਤੇ ਚੰਗੀ ਸਕ੍ਰਿਪਟ, ਮਜ਼ਬੂਤ ਅਦਾਕਾਰੀ ਅਤੇ ਸ਼ਾਨਦਾਰ ਪ੍ਰੋਡਕਸ਼ਨ ਨਾਲ ਫਿਲਮ ਬਣਾਈ ਜਾਵੇ ਤਾਂ ਕੀ ਦਰਸ਼ਕ ਉਸ ਨੂੰ ਪਸੰਦ ਨਹੀਂ ਕਰਨਗੇ?

ਅਦਾਕਾਰ ਗੁਰਦੀਪ ਸਿੰਘ ਸੇਹਰਾ (ETV Bharat)

ਦਿੱਲੀ ਰੰਗਮੰਚ ਦੀ ਦੁਨੀਆਂ ਦਾ ਮੰਨਿਆ-ਪ੍ਰਮੰਨਿਆ ਚਿਹਰਾ ਮੰਨੇ ਜਾਂਦੇ ਅਦਾਕਾਰ ਗੁਰਦੀਪ ਸਿੰਘ ਸੇਹਰਾ ਨਾਲ ਜਦੋਂ ਅਸੀਂ ਇਸ ਵਿਸ਼ੇ ਨਾਲ ਸੰਬੰਧਿਤ ਗੱਲਬਾਤ ਕੀਤੀ ਤਾਂ ਉਨਾਂ ਨੇ ਕਾਫੀ ਸ਼ਾਨਦਾਰ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਉਨਾਂ ਕਿਹਾ:

"ਹੁਣ ਦੇਸ਼ ਭਗਤੀ ਦੀਆਂ ਫਿਲਮਾਂ ਜਿਹੜੀਆਂ ਬਣ ਰਹੀਆਂ ਹਨ, ਉਹ ਟੋਟਲੀ ਪ੍ਰੋਪੇਗੰਡਾ ਫਿਲਮਾਂ ਬਣ ਰਹੀਆਂ ਹਨ। ਉਹਦੇ ਵਿੱਚ ਦੇਸ਼ ਭਗਤੀ ਦਾ ਤੜਕਾ ਤਾਂ ਹੈਗਾ ਪਰ ਉਹ ਸਿਰਫ਼ ਨਾਮ ਦਾ ਹੀ ਹੈ, ਜਿਵੇਂ ਕਿ ਉਹਦੇ ਵਿੱਚ ਐਕਸ਼ਨ ਅਤੇ ਗਲੈਮਰ ਵਗੈਰਾ ਵੀ। ਸੋ ਜੇਕਰ ਨਿਰੋਲ ਦੇਸ਼ ਭਗਤੀ ਦੀਆਂ ਫਿਲਮਾਂ ਨੂੰ ਦੇਖਿਆ ਜਾਵੇ ਤਾਂ ਉਹ ਲਗਭਗ ਫਲੌਪ ਰਹੀਆਂ ਹਨ। ਇਸ ਕਰਕੇ ਫਿਲਮਾਂ ਦੇ ਮਾਮਲੇ ਵਿੱਚ ਪੰਜਾਬੀ ਥੋੜ੍ਹਾ ਸਮਝਦਾਰੀ ਨਾਲ ਕੰਮ ਲੈਂਦੇ ਹਨ, ਕਿਉਂਕਿ ਉਨਾਂ ਨੂੰ ਪਤਾ ਹੈ ਕਿ ਜੇਕਰ ਹਿੰਦੀ ਵਿੱਚ ਵੱਡੇ ਬਜਟ ਵਾਲੀਆਂ ਫਿਲਮਾਂ ਫਲੋਪ ਹੋ ਰਹੀਆਂ ਤਾਂ ਪੰਜਾਬੀ ਵਿੱਚ ਕੌਣ ਦੇਖੂਗਾ ਉਨਾਂ ਨੂੰ...? ਅਤੇ ਇਸ ਲਈ ਪੰਜਾਬੀ ਵਿੱਚ ਇਹੋ ਜਿਹੀਆਂ ਫਿਲਮਾਂ ਨਹੀਂ ਬਣਦੀਆਂ ਹਨ।"

ਸ਼ਹੀਦਾਂ ਦੀ ਧਰਤੀ ਪੰਜਾਬ

ਪੰਜਾਬ ਦੇ ਨੌਜਵਾਨਾਂ ਨੇ ਭਾਰਤੀ ਫੌਜ ਵਿੱਚ ਵੱਡੀ ਗਿਣਤੀ ਵਿੱਚ ਆਪਣੀ ਸੇਵਾ ਅਤੇ ਕੁਰਬਾਨੀਆਂ ਦਿੱਤੀਆਂ ਹਨ। ਦੇਸ਼ ਦੀ ਰੱਖਿਆ ਤੋਂ ਲੈ ਕੇ ਜੰਗਾਂ ਦੇ ਮੈਦਾਨ ਤੱਕ ਪੰਜਾਬੀਆਂ ਦੀ ਬਹਾਦਰੀ ਅਤੇ ਯੋਗਦਾਨ ਦੀਆਂ ਅਨੇਕਾਂ ਕਹਾਣੀਆਂ ਹਨ, ਪਰ ਅਫ਼ਸੋਸ ਕਿ ਪੰਜਾਬੀ ਸਿਨੇਮਾ ਵਿੱਚ ਫੌਜੀ ਜਵਾਨਾਂ, ਸ਼ਹੀਦਾਂ ਅਤੇ ਦੇਸ਼ ਭਗਤੀ ਨਾਲ ਜੁੜੇ ਇਸ ਮਾਣਮੱਤੇ ਇਤਿਹਾਸ ਨੂੰ ਵੱਡੇ ਪਰਦੇ ’ਤੇ ਉਨੀ ਨੁਮਾਇੰਦਗੀ ਨਹੀਂ ਮਿਲ ਸਕੀ, ਜਿੰਨੀ ਇਸ ਵਿਸ਼ੇ ਦੀ ਹੱਕਦਾਰ ਹੈ। ਇਸ ਨੂੰ ਅਸੀਂ ਇੱਕ ਮੈਪ ਨਾਲ ਸਮਝਦੇ ਹਾਂ।

ਭਾਰਤੀ ਫੌਜ ਦੀ ਰਾਜ ਮੁਤਾਬਕ ਸੰਖਿਆ
ਭਾਰਤੀ ਫੌਜ ਦੀ ਰਾਜ ਮੁਤਾਬਕ ਸੰਖਿਆ (ETV Bharat)

ਪੰਜਾਬ ਦੇ ਨੌਜਵਾਨਾਂ ਦਾ ਭਾਰਤੀ ਫੌਜ ਵਿੱਚ ਅਹਿਮ ਯੋਗਦਾਨ ਹੈ। ਉਪਲਬਧ ਅੰਕੜਿਆਂ ਅਨੁਸਾਰ ਪੰਜਾਬ ਤੋਂ 89893 ਜੇਸੀਓਜ਼ ਅਤੇ ਹੋਰ ਰੈਂਕ (JCOs/ORs) ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਹਨ। ਪੰਜਾਬ ਦੀ ਫੌਜੀ ਪਰੰਪਰਾ ਅਤੇ ਦੇਸ਼ ਦੀ ਸੁਰੱਖਿਆ ਪ੍ਰਤੀ ਨੌਜਵਾਨਾਂ ਦਾ ਜਜ਼ਬਾ ਅੱਜ ਵੀ ਕਾਇਮ ਹੈ। ਧਿਆਨਯੋਗ ਹੈ ਕਿ ਇਹ ਅੰਕੜੇ ਸਾਲ 2019-20 ਦੇ ਹਨ।

ਦੂਰਦਰਸ਼ੀ ਅਤੇ ਮਜ਼ਬੂਤ ਪ੍ਰੋਡਿਊਸਰਾਂ ਦੀ ਲੋੜ

ਲੋੜ ਸਿਰਫ਼ ਫਿਲਮਾਂ ਦੀ ਨਹੀਂ, ਚੰਗੀ ਰਿਸਰਚ ਦੀ ਵੀ ਹੈ, ਇਤਿਹਾਸਕ ਫਿਲਮ ਬਣਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਸ ਦੀ ਸਹੀ ਪੇਸ਼ਕਾਰੀ ਹੈ। ਕਿਸੇ ਇਤਿਹਾਸਕ ਪਾਤਰ ਜਾਂ ਘਟਨਾ ਨੂੰ ਸਿਰਫ਼ ਮਨੋਰੰਜਨ ਲਈ ਤੋੜ-ਮਰੋੜ ਕੇ ਪੇਸ਼ ਕਰਨਾ ਵਿਵਾਦ ਪੈਦਾ ਕਰ ਸਕਦਾ ਹੈ। ਇਸ ਲਈ ਪੰਜਾਬੀ ਸਿਨੇਮਾ ਨੂੰ ਇਤਿਹਾਸਕਾਰਾਂ, ਖੋਜਕਰਤਾਵਾਂ ਅਤੇ ਲੇਖਕਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜੇਕਰ ਮਜ਼ਬੂਤ ਰਿਸਰਚ ਨੂੰ ਸ਼ਾਨਦਾਰ ਸਿਨੇਮਾਈ ਪੇਸ਼ਕਾਰੀ ਨਾਲ ਜੋੜਿਆ ਜਾਵੇ ਤਾਂ ਪੰਜਾਬ ਦੇ ਇਤਿਹਾਸ ਦੀਆਂ ਕਈ ਅਣਕਹੀਆਂ ਕਹਾਣੀਆਂ ਦਰਸ਼ਕਾਂ ਸਾਹਮਣੇ ਆ ਸਕਦੀਆਂ ਹਨ।

ਕਾਮੇਡੀਅਨ ਗੁਰਵਿੰਦਰ ਸਿੰਘ ਸਰਾਂ ਕਹਿੰਦੇ ਹਨ:

"ਪੰਜਾਬੀ ਸਿਨੇਮਾ ਵਿੱਚ ਵੀ ਦੇਸ਼ ਭਗਤੀ ਉਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਨ, ਤਾਂ ਜੋ ਸਾਡੀ ਨਵੀਂ ਜੰਗ ਪਨੀਰੀ ਨੂੰ ਪਤਾ ਲੱਗੇ ਕਿ ਆਜ਼ਾਦੀ ਕਿਵੇਂ ਲਈ ਗਈ ਅਤੇ ਕਿਹੜੇ ਹਾਲਾਤਾਂ ਵਿੱਚ ਗੁਜ਼ਰੇ ਹਨ ਸਾਡੇ ਬਜ਼ੁਰਗ, ਪਰ ਇਹਦੇ ਪਿੱਛੇ ਰਿਸਕ ਕੋਈ ਮਾਂ ਦਾ ਲਾਲ ਹੀ ਲੈ ਸਕਦਾ ਜੀ, ਉਹਦੇ ਵਾਸਤੇ ਬਹੁਤ ਵੱਡਾ ਬਜਟ ਚਾਹੀਦਾ।"

ਇਸੇ ਨਾਲ ਮੇਲ ਖਾਂਦੀ ਗੱਲ ਸੁਖਮਿੰਦਰ ਧੰਜਲ ਕਹਿੰਦੇ ਹਨ:

"ਇਹ ਮਾਡਰਨ ਤਕਨੀਕ ਦੇ ਨਾਲ, ਮਾਡਰਨ ਸਕ੍ਰੀਨ ਪਲੇਅ ਦੇ ਨਾਲ, ਇੱਕ ਮਾਡਰਨ ਟ੍ਰੀਟਮੈਂਟ ਦੇ ਹਿਸਾਬ ਨਾਲ ਦੇਸ਼ ਭਗਤੀ ਦੀ ਫਿਲਮ ਜਿਹੜੀ ਕਿ ਕਿਸੇ ਕਿਰਦਾਰ ਨੂੰ ਮੁੱਖ ਰੱਖਦੇ ਹੋਏ ਬਣਾਈ ਜਾਵੇ ਅਤੇ ਨਾਲ ਹੀ ਉਨਾਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਬਣਾਈ ਜਾਵੇ। ਤਾਂ ਜਰੂਰ ਚੱਲੇਗੀ ਪਰ ਇਸ ਵਾਸਤੇ ਇੱਕ ਜਿਗਰੇ ਵਾਲਾ ਪ੍ਰੋਡਿਊਸਰ ਹੋਣਾ ਵੀ ਬਹੁਤ ਜਰੂਰੀ ਹੈ।"

ਅੱਜ ਦੀ ਪੀੜ੍ਹੀ ਇਤਿਹਾਸ ਨੂੰ ਕਿਤਾਬਾਂ ਦੇ ਨਾਲ-ਨਾਲ ਫਿਲਮਾਂ, ਵੈੱਬ ਸੀਰੀਜ਼ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਸਮਝਦੀ ਹੈ। ਅਜਿਹੇ ਵਿੱਚ ਜੇ ਪੰਜਾਬੀ ਸਿਨੇਮਾ ਆਪਣੇ ਇਤਿਹਾਸਕ ਨਾਇਕਾਂ ਦੀਆਂ ਕਹਾਣੀਆਂ ਨਹੀਂ ਦੱਸੇਗਾ ਤਾਂ ਇਹ ਜ਼ਿੰਮੇਵਾਰੀ ਦੂਜੇ ਸਿਨੇਮਿਆਂ ਕੋਲ ਚਲੀ ਜਾਵੇਗੀ।

ਫਿਲਮ ਸਮੀਖਿਅਕ ਨਿਰਮਲ ਸਾਧਾਂਵਾਲੀਆ ਕਹਿੰਦੇ ਹਨ:

"ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣਾ ਫਿਲਮ ਨਿਰਮਾਤਾ ਲਈ ਕਈ ਚਣੌਤੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਸ਼ਾਇਦ ਇਨ੍ਹਾਂ ਚਣੌਤੀਆਂ ਕਰਕੇ ਹੀ ਗੈਰ ਸਿੱਖ ਸ਼ਹੀਦਾਂ, ਜਿਵੇਂ ਕਿ ਲਾਲਾ ਲਾਜਪਤ ਰਾਏ ਸਮੇਤ ਬਹੁਤ ਸਾਰੇ ਗੈਰ ਸਿੱਖ ਸ਼ਹੀਦਾਂ ਨੇ ਪੰਜਾਬ ਅਤੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ, ਪਰ ਉਨਾਂ ਬਾਰੇ ਪੰਜਾਬੀ ਫਿਲਮਾਂ ਦੀ ਥੋੜ ਨਜ਼ਰ ਆ ਰਹੀ ਹੈ।"

ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਗਦਰੀ ਲਹਿਰ ਵਰਗੇ ਵਿਸ਼ੇ ਸਿਰਫ਼ ਪੰਜਾਬ ਦੇ ਨਹੀਂ, ਸਗੋਂ ਭਾਰਤ ਦੇ ਇਤਿਹਾਸ ਦਾ ਹਿੱਸਾ ਹਨ। ਇਨ੍ਹਾਂ ਨੂੰ ਪੰਜਾਬੀ ਸਿਨੇਮਾ ਆਪਣੀ ਭਾਸ਼ਾ ਅਤੇ ਆਪਣੇ ਨਜ਼ਰੀਏ ਨਾਲ ਦੁਨੀਆ ਸਾਹਮਣੇ ਰੱਖ ਸਕਦਾ ਹੈ।

ਫਿਲਮ ਸਮੀਖਿਅਕ ਨਿਰਮਲ ਸਾਧਾਂਵਾਲੀਆ
ਫਿਲਮ ਸਮੀਖਿਅਕ ਨਿਰਮਲ ਸਾਧਾਂਵਾਲੀਆ (ETV Bharat)

ਧਾਰਮਿਕ ਸੰਵੇਦਨਸ਼ੀਲਤਾ, ਰਹਿਤ ਮਰਿਯਾਦਾ ਅਤੇ ਵੱਖ-ਵੱਖ ਜਥੇਬੰਦੀਆਂ ਦੇ ਇਤਰਾਜ਼

ਜਦੋਂ ਅਸੀਂ ਫਿਲਮ ਸਮੀਖਿਅਕ ਨਿਰਮਲ ਸਾਧਾਂਵਾਲੀਆ ਨਾਲ ਉਨਾਂ ਦੇ ਇਸ ਸੰਬੰਧੀ ਵਿਚਾਰ ਜਾਣੇ ਤਾਂ ਉਨਾਂ ਨੇ ਕਾਫੀ ਵੱਖਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਉਨਾਂ ਅਨੁਸਾਰ ਦੇਸ਼ ਭਗਤੀ ਨਾਲ ਸੰਬੰਧਿਤ ਫਿਲਮਾਂ ਨਾ ਬਣਨ ਦਾ ਕਾਰਨ ਜਿੱਥੇ ਇੱਕ ਪਾਸੇ ਬਜਟ ਅਤੇ ਦਰਸ਼ਕਾਂ ਦੀ ਪਸੰਦ ਹੈ, ਉੱਥੇ ਹੀ ਇੱਕ ਕਾਰਨ ਧਾਰਮਿਕ ਸੰਵੇਦਨਸ਼ੀਲਤਾ ਵੀ ਹੈ। ਉਨਾਂ ਨੇ ਕਿਹਾ:

"ਪੰਜਾਬੀ ਫਿਲਮਾਂ ਨੇ ਭਾਵੇਂ ਦੁਨੀਆਂ ਭਰ ਵਿੱਚ ਕਾਫੀ ਨਾਂਅ ਖੱਟਿਆ ਹੈ, ਪਰ ਦੇਸ਼ਭਗਤੀ ਅਤੇ ਸ਼ਹੀਦਾਂ ਦੀਆਂ ਜੀਵਨੀਆਂ 'ਤੇ ਆਧਾਰਿਤ ਪੰਜਾਬੀ ਫਿਲਮਾਂ ਦੀ ਗਿਣਤੀ ਬਹੁਤ ਘੱਟ ਹੈ। ਜੋ ਵੀ ਪੰਜਾਬੀ ਫਿਲਮਾਂ ਸ਼ਹੀਦਾਂ ਦੀਆਂ ਜੀਵਨੀਆਂ 'ਤੇ ਆਧਾਰਿਤ ਹਨ, ਉਹ ਕੇਵਲ ਧਾਰਮਿਕ ਫਿਲਮਾਂ ਹੀ ਹਨ, ਜੋ ਕਿ ਮੁੱਖ 'ਤੇ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ 'ਤੇ ਆਧਾਰਿਤ ਹਨ। ਇਸਦਾ ਮੁੱਖ ਕਾਰਨ ਇਹ ਵੀ ਹੈ ਕਿ ਪੰਜਾਬ ਇੱਕ ਸਿੱਖ ਬਹੁ-ਗਿਣਤੀ ਵਾਲਾ ਸੂਬਾ ਹੈ। ਇਸ ਲਈ ਪੰਜਾਬ ਵਿੱਚ ਕੇਵਲ ਸਿੱਖੀ ਨਾਲ ਸੰਬੰਧਤ ਫਿਲਮ ਹੀ ਕਾਮਯਾਬ ਹੋ ਸਕਦੀ ਹੈ, ਜਿੱਥੋਂ ਤੱਕ ਦੇਸ਼ ਭਗਤੀ ਨਾਲ ਸੰਬੰਧਤ ਫਿਲਮਾਂ ਅਤੇ ਗੈਰ ਸਿੱਖ ਸ਼ਹੀਦਾਂ ਦੀ ਕੁਰਬਾਨੀ ਬਾਰੇ ਫਿਲਮਾਂ ਦਾ ਸੰਬੰਧ ਹੈ, ਇਹ ਕਾਫੀ ਗੁੰਝਲਦਾਰ ਮਾਮਲਾ ਹੈ।"

"ਅਸਲ ਵਿੱਚ ਇੱਕ ਤੱਥ ਤਾਂ ਇਹ ਹੈ ਕਿ ਪੰਜਾਬ ਵਿੱਚ ਗੈਰ ਸਿੱਖ ਸ਼ਹੀਦਾਂ ਦੀ ਕੁਰਬਾਨੀ ਬਾਰੇ ਫਿਲਮਾਂ ਦੇ ਦਰਸ਼ਕਾਂ ਦੀ ਗਿਣਤੀ ਓਨੀ ਨਹੀਂ, ਜਿੰਨੀ ਸਿੱਖ ਧਰਮ ਨਾਲ ਸੰਬੰਧਤ ਫਿਲਮਾਂ ਦੀ ਹੈ। ਦੂਜਾ ਮਸਲਾ ਇਹ ਹੈ ਕਿ ਜੇਕਰ ਕਿਸੇ ਗੈਰ ਸਿੱਖ ਸ਼ਹੀਦ ਦੀ ਜ਼ਿੰਦਗੀ ਬਾਰੇ ਜਾਂ ਕਹਿ ਲਓ ਗੈਰ ਸਿੱਖ ਸ਼ਹੀਦ ਦੀ ਕੁਰਬਾਨੀ ਬਾਰੇ ਫਿਲਮ ਬਣਾਈ ਜਾਵੇਗੀ ਤਾਂ ਉਹ ਮੁੱਖ ਤੌਰ 'ਤੇ ਪੰਜਾਬ 'ਤੇ ਹੀ ਆਧਾਰਿਤ ਹੋਵੇਗੀ। ਜੇਕਰ ਫਿਲਮ ਪੰਜਾਬ 'ਤੇ ਆਧਾਰਿਤ ਹੋਵੇਗੀ ਤਾਂ ਉਸਦਾ ਸਿੱਖੀ ਨਾਲ ਜੁੜਣਾ ਸੁਭਾਵਿਕ ਹੈ। ਸਿੱਖੀ ਨਾਲ ਜੁੜੀ ਹਰ ਫਿਲਮ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਪਾਲਣ ਕਰਨਾ ਵੀ ਬਹੁਤ ਜਰੂਰੀ ਹੈ। ਸਿੱਖ ਰਹਿਤ ਮਰਿਯਾਦਾ ਦੀ ਪਾਲਣਾ ਲਈ ਫਿਲਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਮਨਜ਼ੂਰੀ ਲੈਣੀ ਜਰੂਰੀ ਹੈ। ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਪਾਸੋਂ ਮਨਜ਼ੂਰੀ ਲੈਣੀ ਹੀ ਆਪਣੇ ਆਪ ਵਿੱਚ ਵੱਡਾ ਪ੍ਰੋਜੈਕਟ ਹੈ। ਜੇਕਰ ਇਹ ਪ੍ਰੋਜੈਕਟ ਸਿਰੇ ਚੜ੍ਹ ਵੀ ਜਾਂਦਾ ਹੈ ਤਾਂ ਸਿੱਖ ਧਰਮ ਨਾਲ ਹੋਰ ਅਨੇਕਾਂ ਜਥੇਬੰਦੀਆਂ ਵਿਚੋਂ ਪਤਾ ਨਹੀਂ ਕਿਸ ਨੂੰ ਕਿਸੇ ਦ੍ਰਿਸ਼ 'ਤੇ ਇਤਰਾਜ਼ ਹੋ ਜਾਣਾ ਹੈ।"

ਕੀ ਦੇਸ਼ ਭਗਤੀ ਦੀ ਕਮੀ ਹੈ ਪੰਜਾਬੀ ਫਿਲਮ ਨਿਰਮਾਤਾ ਵਿੱਚ?

ਅਦਾਕਾਰਾ ਤੇਜੀ ਸੰਧੂ ਇੱਕ ਵੱਖਰੇ ਕਾਰਨ ਨਾਲ ਆਪਣੀ ਗੱਲ ਸ਼ੁਰੂ ਕਰਦੀ ਹੈ, ਉਨਾਂ ਅਨੁਸਾਰ ਇਸ ਵਰਤਾਰੇ ਦਾ ਕਾਰਨ ਫਿਲਮ ਦਾ ਨਿਰਮਾਣ ਕਰਨ ਵਾਲਿਆਂ ਵਿੱਚ ਦੇਸ਼ ਭਗਤੀ ਦੀ ਕਮੀ ਹੋਣਾ। ਅਦਾਕਾਰਾ ਕਹਿੰਦੀ ਹੈ:

ਅਦਾਕਾਰਾ ਤੇਜੀ ਸੰਧੂ (ETV Bharat)

"ਜੇ ਦੇਸ਼ ਭਗਤੀ ਹੋਊਗੀ ਤਾਂ ਹੀ ਦੇਸ਼ ਭਗਤੀ ਦੀਆਂ ਫਿਲਮਾਂ ਬਣਾਉਣਗੇ, ਇੱਥੇ ਤਾਂ ਸਾਰੇ ਪੈਸੇ ਦੇ ਭਗਤ ਹਨ, ਦੇਸ਼ ਭਗਤ ਕਿਹੜਾ ਇੱਥੇ? ਕੌਣ ਹੈ ਦੇਸ਼ ਭਗਤ? ਬਾਲੀਵੁੱਡ 'ਚੋਂ ਆ ਜਾਵੇਗੀ ਕੋਈ ਦੇਸ਼ ਭਗਤੀ ਵਾਲੀ ਫਿਲਮ। ਇਹ ਭਾਵਨਾਵਾਂ ਹਰ ਇੱਕ 'ਚ ਥੋੜਾ ਆ ਜਾਣਗੀਆਂ।"

ਸਰਕਾਰ ਅਤੇ ਫਿਲਮ ਇੰਡਸਟਰੀ ਦੀ ਭੂਮਿਕਾ

ਪੰਜਾਬ ਦੇ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੱਡੇ ਪਰਦੇ ਤੱਕ ਪਹੁੰਚਾਉਣ ਲਈ ਸਿਰਫ਼ ਫਿਲਮ ਨਿਰਮਾਤਾਵਾਂ ਤੋਂ ਹੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਵਿੱਚ ਸਰਕਾਰ ਅਤੇ ਫਿਲਮ ਇੰਡਸਟਰੀ ਦੀ ਵੀ ਅਹਿਮ ਭੂਮਿਕਾ ਹੋ ਸਕਦੀ ਹੈ। ਇਤਿਹਾਸਕ ਅਤੇ ਦੇਸ਼ ਭਗਤੀ ਨਾਲ ਸਬੰਧਤ ਫਿਲਮਾਂ ਨੂੰ ਵੱਡੇ ਬਜਟ, ਡੂੰਘੀ ਰਿਸਰਚ ਅਤੇ ਲੰਬੇ ਸਮੇਂ ਦੀ ਤਿਆਰੀ ਦੀ ਲੋੜ ਹੁੰਦੀ ਹੈ। ਅਜਿਹੇ ਵਿੱਚ ਜੇ ਸਰਕਾਰ ਵੱਲੋਂ ਗੰਭੀਰ ਅਤੇ ਇਤਿਹਾਸਕ ਵਿਸ਼ਿਆਂ ’ਤੇ ਬਣਨ ਵਾਲੀਆਂ ਪੰਜਾਬੀ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਨੀਤੀ, ਫਿਲਮ ਫੰਡ ਜਾਂ ਹੋਰ ਸਹਿਯੋਗ ਦਿੱਤਾ ਜਾਵੇ ਤਾਂ ਨਿਰਮਾਤਾਵਾਂ ਲਈ ਜੋਖ਼ਮ ਕੁਝ ਘੱਟ ਹੋ ਸਕਦਾ ਹੈ।

ਸ਼ਹੀਦਾਂ ਦੀ ਧਰਤੀ ਪੰਜਾਬ
ਸ਼ਹੀਦਾਂ ਦੀ ਧਰਤੀ ਪੰਜਾਬ (ETV Bharat)

ਇਸ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਵੀ ਸਿਰਫ਼ ਇਹ ਸੋਚਣ ਦੀ ਲੋੜ ਨਹੀਂ ਕਿ ਦਰਸ਼ਕ ਕੀ ਦੇਖਣਾ ਚਾਹੁੰਦੇ ਹਨ, ਸਗੋਂ ਇਹ ਵੀ ਸੋਚਣਾ ਹੋਵੇਗਾ ਕਿ ਦਰਸ਼ਕਾਂ ਤੱਕ ਕੀ ਅਤੇ ਕਿਸ ਅੰਦਾਜ਼ ਵਿੱਚ ਪਹੁੰਚਾਇਆ ਜਾ ਸਕਦਾ ਹੈ। ਸੰਭਵ ਹੈ ਕਿ ਨਵੀਂ ਪੀੜ੍ਹੀ ਪੁਰਾਣੇ ਢੰਗ ਨਾਲ ਪੇਸ਼ ਕੀਤੀਆਂ ਇਤਿਹਾਸਕ ਕਹਾਣੀਆਂ ਦੀ ਬਜਾਏ ਆਧੁਨਿਕ ਤਕਨੀਕ, ਮਜ਼ਬੂਤ ਸਕ੍ਰੀਨਪਲੇਅ ਅਤੇ ਨਵੀਂ ਸਿਨੇਮਾਈ ਭਾਸ਼ਾ ਨਾਲ ਬਣੀਆਂ ਫਿਲਮਾਂ ਨੂੰ ਵਧੇਰੇ ਪਸੰਦ ਕਰੇ।

ਕੀ ਨਿਕਲਿਆ ਸਿੱਟਾ

ਕੁੱਲ ਮਿਲਾ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਸਿਨੇਮਾ ਵਿੱਚ ਦੇਸ਼ ਭਗਤੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ’ਤੇ ਆਧਾਰਿਤ ਫਿਲਮਾਂ ਦੀ ਕਮੀ ਪਿੱਛੇ ਕੋਈ ਇੱਕ ਕਾਰਨ ਨਹੀਂ, ਸਗੋਂ ਬਜਟ ਦਾ ਖਤਰਾ, ਬਾਕਸ ਆਫਿਸ ਦੀ ਚਿੰਤਾ, ਦਰਸ਼ਕਾਂ ਦੀ ਬਦਲਦੀ ਪਸੰਦ, ਮਜ਼ਬੂਤ ਸਕ੍ਰਿਪਟਾਂ ਅਤੇ ਰਿਸਰਚ ਦੀ ਘਾਟ, ਧਾਰਮਿਕ ਸੰਵੇਦਨਸ਼ੀਲਤਾ ਅਤੇ ਫਿਲਮ ਨਿਰਮਾਤਾਵਾਂ ਦੀ ਵਪਾਰਕ ਸੋਚ ਵਰਗੇ ਕਈ ਕਾਰਨ ਜੁੜੇ ਹੋਏ ਹਨ।

ਕਿਸ ਕਾਰਨ ਨਹੀਂ ਬਣ ਰਹੀਆਂ ਦੇਸ਼ ਭਗਤੀ ਨਾਲ ਸੰਬੰਧਿਤ ਪੰਜਾਬੀ ਫਿਲਮਾਂ
ਕਿਸ ਕਾਰਨ ਨਹੀਂ ਬਣ ਰਹੀਆਂ ਦੇਸ਼ ਭਗਤੀ ਨਾਲ ਸੰਬੰਧਿਤ ਪੰਜਾਬੀ ਫਿਲਮਾਂ (ETV Bharat)

ਹਾਲਾਂਕਿ, ਸਵਾਲ ਅਜੇ ਵੀ ਉਹੀ ਹੈ ਕਿ ਜਿਸ ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਅਣਗਿਣਤ ਯੋਧੇ, ਸ਼ਹੀਦ ਅਤੇ ਆਜ਼ਾਦੀ ਘੁਲਾਟੀਏ ਦਿੱਤੇ, ਕੀ ਉਨ੍ਹਾਂ ਦੀਆਂ ਕਹਾਣੀਆਂ ਨੂੰ ਵੱਡੇ ਪਰਦੇ ਤੱਕ ਪਹੁੰਚਾਉਣ ਦਾ ਜੋਖ਼ਮ ਕੋਈ ਫਿਲਮ ਨਿਰਮਾਤਾ ਲਵੇਗਾ? ਸ਼ਾਇਦ ਪੰਜਾਬੀ ਸਿਨੇਮਾ ਨੂੰ ਹੁਣ ਸਿਰਫ਼ ਸੁਰੱਖਿਅਤ ਫਾਰਮੂਲਿਆਂ ਤੋਂ ਅੱਗੇ ਵੱਧ ਕੇ ਆਪਣੇ ਇਤਿਹਾਸ, ਸੰਘਰਸ਼ ਅਤੇ ਕੁਰਬਾਨੀਆਂ ਨੂੰ ਆਧੁਨਿਕ ਅਤੇ ਸਿਨੇਮਾਈ ਅੰਦਾਜ਼ ਵਿੱਚ ਨਵੀਂ ਪੀੜ੍ਹੀ ਸਾਹਮਣੇ ਲਿਆਉਣ ਦੀ ਲੋੜ ਹੈ।

ਇਹ ਵੀ ਪੜ੍ਹੋ:

Last Updated : August 29, 2026 at 4:43 PM IST