ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨਿਰਦੇਸ਼ਕ ਨੂੰ ਕੀਤਾ ਸਨਮਾਨਿਤ, ਜੋ ਦੇ ਚੁੱਕੇ ਨੇ ਕਈ ਹਿੱਟ ਫਿਲਮਾਂ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਸਿਨੇਮਾ ਵਿੱਚ ਯੋਗਦਾਨ ਲਈ ਨਿਰਦੇਸ਼ਨ ਸਮੀਪ ਕੰਗ ਨੂੰ ਸਨਮਾਨਿਤ ਕੀਤਾ ਗਿਆ ਹੈ।

By ETV Bharat Entertainment Team
Published : February 24, 2026 at 3:12 PM IST
|Updated : February 24, 2026 at 3:52 PM IST
ਚੰਡੀਗੜ੍ਹ: ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਅਤੇ ਤਿੰਨ ਰੋਜ਼ਾ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਉਤਸਵ ਆਯੋਜਨ ਦਾ ਅਗਾਜ਼ ਬੀਤੀ ਸ਼ਾਮ ਕੀਤਾ ਗਿਆ, ਜਿਸ ਦੌਰਾਨ ਪੰਜਾਬੀ ਸਿਨੇਮਾ ਖੇਤਰ ਵਿੱਚ ਪਾਏ ਜਾ ਰਹੇ ਉਚੇਚੇ ਯੋਗਦਾਨ ਲਈ ਮਸ਼ਹੂਰ ਨਿਰਦੇਸ਼ਕ ਸਮੀਪ ਕੰਗ ਨੂੰ ਉਚੇਚੇ ਤੌਰ ਉਤੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਆਯੋਜਿਤ ਕਰਵਾਏ ਗਏ ਇਸ ਫਿਲਮੀ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ, ਜਿੰਨ੍ਹਾਂ ਦੁਆਰਾ ਨਿਰਦੇਸ਼ਕ ਸਮੀਪ ਕੰਗ ਨੂੰ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕਰਨ ਦੀ ਰਸਮ ਵੀ ਅਦਾ ਕੀਤੀ ਗਈ।
ਪਾਲੀਵੁੱਡ ਤੋਂ ਇਲਾਵਾ ਕਲਾ ਅਤੇ ਰੰਗਮੰਚ ਖੇਤਰ ਦੀਆਂ ਕਈ ਮਾਣਮੱਤੀਆਂ ਸ਼ਖਸੀਅਤਾਂ ਨੇ ਉਕਤ ਸਮਾਰੋਹ ਵਿੱਚ ਸ਼ਿਰਕਤ ਕੀਤੀ, ਜਿਸ ਦੌਰਾਨ ਮਿਲੇ ਇਸ ਅਹਿਮ ਮਾਣ ਅਤੇ ਜਜ਼ਬਾਤ ਬਿਆਨ ਕਰਦਿਆਂ ਨਿਰਦੇਸ਼ਕ ਸਮੀਪ ਕੰਗ ਨੇ ਕਿਹਾ ਕਿ ਸਿਨੇਮਾ ਨੂੰ ਉਹ ਅਪਣੇ ਘਰ ਪਰਿਵਾਰ ਦਾ ਹੀ ਖਾਸ ਹਿੱਸਾ ਮੰਨਦੇ ਹਨ, ਜਿਸ ਨੇ ਇੱਕ ਮੁਖੀ ਵਾਂਗ ਉਨ੍ਹਾਂ ਦਾ ਖਿਆਲ ਰੱਖਣ ਅਤੇ ਰੁਤਬਾ ਬੁਲੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਭਾਵਪੂਰਨ ਸ਼ਬਦਾਂ ਦਾ ਇਜ਼ਹਾਰ ਕਰਦਿਆਂ ਅੱਗੇ ਕਿਹਾ ਕਿ ਸਾਲ 2008 ਵਿੱਚ ਆਈ ਪੰਜਾਬੀ ਫਿਲਮ 'ਚੱਕ ਦੇ ਫੱਟੇ' ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਡਾਇਰੈਕਟੋਰੀਅਲ ਸਫ਼ਰ ਅੱਜ ਕਈ ਸ਼ਾਨਦਾਰ ਪੜਾਵਾਂ ਨੂੰ ਤੈਅ ਕਰ ਚੁੱਕਾ ਹੈ, ਜਿਸ ਸੰਬੰਧਤ ਉਨ੍ਹਾਂ ਦੀ ਕਾਰਜਸ਼ੀਲਤਾ ਨੂੰ ਮਿਲੇ ਇਸ ਸਨਮਾਨ ਰੂਪੀ ਹੁੰਗਾਰੇ ਲਈ ਤਹਿ ਦਿਲੋਂ ਮਾਣਯੋਗ ਮੁੱਖ ਮੰਤਰੀ ਜੀ ਅਤੇ ਸਮੂਹ ਐਸੋਸੀਏਸ਼ਨ ਨੁਮਾਇੰਦਿਆ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਨ।
ਓਧਰ ਉਕਤ ਸਨਮਾਨ ਉਪਰੰਤ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੇ ਮੌਜੂਦਾ ਵਰਕਫਰੰਟ ਵੱਲ ਨਜ਼ਰਸਾਨੀ ਕਰੀਏ ਤਾਂ ਅੱਜਕੱਲ੍ਹ ਕਈ ਪੰਜਾਬੀ ਫਿਲਮਾਂ ਦਾ ਇੱਕੋਂ ਸਮੇਂ ਬਤੌਰ ਨਿਰਦੇਸ਼ਕ ਹਿੱਸਾ ਬਣੇ ਨਜ਼ਰ ਆ ਰਹੇ ਹਨ ਇਹ ਹੋਣਹਾਰ ਫਿਲਮਕਾਰ, ਜਿੰਨ੍ਹਾਂ ਵਿੱਚ 'ਕੈਰੀ ਆਨ ਜੱਟਾ 4', 'ਕੈਰੀ ਆਨ ਜੱਟੀਏ', 'ਸ਼ੁੱਧ ਵੈਸ਼ਣੂ ਡਾਕਾ' ਅਤੇ ਕਰਮਜੀਤ ਅਨਮੋਲ ਨਾਲ ਫਿਲਮ ਸ਼ੁਮਾਰ ਹਨ, ਜਿੰਨ੍ਹਾਂ ਵਿੱਚੋਂ 2 ਦਾ ਨਿਰਮਾਣ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ 'ਹੰਬਲ ਮੋਸ਼ਨ ਪਿਕਚਰਸ' ਦੁਆਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:

