'ਸਤਲੁਜ' ਨੂੰ ਹਟਾਏ ਜਾਣ ਤੋਂ ਬਾਅਦ ਨਿਰੇਦਸ਼ਕ ਹਨੀ ਤ੍ਰੇਹਨ ਦਾ ਪਹਿਲਾ ਰਿਐਕਸ਼ਨ, ਬੋਲੇ-'ਤੇਰਾ ਭਾਣਾ ਮੀਠਾ ਲਾਗੈ'
ਰਿਲੀਜ਼ ਦੇ 2 ਦਿਨਾਂ ਬਾਅਦ ਹੀ ਦਿਲਜੀਤ ਦੁਸਾਂਝ ਦੀ ਫਿਲਮ "ਸਤਲੁਜ" ZEE5 ਤੋਂ ਹਟਾ ਦਿੱਤੀ ਗਈ ਹੈ।

By ETV Bharat Entertainment Team
Published : July 6, 2026 at 9:45 AM IST
ਚੰਡੀਗੜ੍ਹ: ਰਿਲੀਜ਼ ਤੋਂ 2 ਦਿਨਾਂ ਬਾਅਦ ਹੀ ਦਿਲਜੀਤ ਦੁਸਾਂਝ ਸਟਾਰਰ 'ਸਤਲੁਜ' ਨੂੰ OTT ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਇਹ ਫਿਲਮ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਸੈਂਸਰਸ਼ਿਪ ਕਾਰਨ ਫਸੀ ਹੋਈ ਸੀ। ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਇਹ ਫਿਲਮ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕਟੌਤੀ ਦੇ ਰਿਲੀਜ਼ ਕੀਤੀ ਗਈ ਸੀ, ਪਰ ਐਤਵਾਰ ਸ਼ਾਮ ਨੂੰ ਪਲੇਟਫਾਰਮ ਨੇ ਇੱਕ ਬਿਆਨ ਜਾਰੀ ਕਰਕੇ ਦਰਸ਼ਕਾਂ ਨੂੰ ਸੂਚਿਤ ਕੀਤਾ ਕਿ ਇਹ ਹੁਣ ਭਾਰਤ ਵਿੱਚ ਉੱਪਲਬਧ ਨਹੀਂ ਹੈ।
"ਮੌਜੂਦਾ ਘਟਨਾਕ੍ਰਮ ਦੇ ਮੱਦੇਨਜ਼ਰ 'ਸਤਲੁਜ' ਅਗਲੇ ਨੋਟਿਸ ਤੱਕ ਭਾਰਤ ਵਿੱਚ ਉੱਪਲਬਧ ਨਹੀਂ ਹੋਵੇਗੀ। ਅਸੀਂ ਫਿਲਮ ਨੂੰ ਜਲਦੀ ਤੋਂ ਜਲਦੀ ਦਰਸ਼ਕਾਂ ਤੱਕ ਪਹੁੰਚਾਉਣ ਲਈ ਢੁਕਵੇਂ ਕਾਨੂੰਨੀ ਚੈਨਲਾਂ ਰਾਹੀਂ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹਾਂ।"
ਫਿਲਮ "ਸਤਲੁਜ" ਨੂੰ ਹਟਾਉਣ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਇੰਸਟਾਗ੍ਰਾਮ ਉਤੇ ਕਾਫੀ ਸਾਰੀਆਂ ਪੋਸਟਾਂ ਸਾਂਝੀਆਂ ਕੀਤੀਆਂ, ਇਸੇ ਦੌਰਾਨ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, "ਤੇਰਾ ਭਾਣਾ ਮੀਠਾ ਲਾਗੈ।"

ਤੁਹਾਨੂੰ ਦੱਸ ਦੇਈਏ ਕਿ OTT ਪਲੇਟਫਾਰਮ ਨੇ ਨੋਟ ਕੀਤਾ ਕਿ 'ਸਤਲੁਜ' ਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਭਾਰੀ ਚਰਚਾ ਮਿਲੀ ਹੈ। "ਅਸੀਂ ਹਰ ਉਸ ਦਰਸ਼ਕ ਦੇ ਧੰਨਵਾਦੀ ਹਾਂ, ਜਿਸਨੇ ਫਿਲਮ ਨੂੰ ਸਬਸਕ੍ਰਾਈਬ ਕੀਤਾ, ਦੇਖਿਆ ਅਤੇ ਸਮਰਥਨ ਕੀਤਾ। ਤੁਹਾਡਾ ਪਿਆਰ ਅਤੇ ਸਮਰਥਨ ਸਾਡੇ ਲਈ ਅਤੇ ਇਸ ਕਹਾਣੀ ਨੂੰ ਜੀਵਨ ਵਿੱਚ ਲਿਆਉਣ ਵਾਲੇ ਹਰ ਵਿਅਕਤੀ ਲਈ ਬਹੁਤ ਮਾਇਨੇ ਰੱਖਦਾ ਹੈ। ZEE5 'ਤੇ ਅਸੀਂ 'ਸਤਲੁਜ' ਅਤੇ ਇਸਦੇ ਪਿੱਛੇ ਰਚਨਾਤਮਕ ਦ੍ਰਿਸ਼ਟੀਕੋਣ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਮੰਨਣਾ ਹੈ ਕਿ ਇੱਕ ਸ਼ਕਤੀਸ਼ਾਲੀ ਕਹਾਣੀ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ, ਸਥਾਈ ਪ੍ਰਭਾਵ ਛੱਡਣ ਅਤੇ ਡੂੰਘਾਈ ਨਾਲ ਪ੍ਰਭਾਵਿਤ ਕਰਨ ਦੀ ਸਮਰੱਥਾ ਹੁੰਦੀ ਹੈ।" ਪਲੇਟਫਾਰਮ ਨੇ ਕਿਹਾ।
ਉਲੇਖਯੋਗ ਹੈ ਕਿ ਫਿਲਮ ਵਿੱਚ ਦੁਸਾਂਝ ਖਾਲੜਾ ਦੀ ਭੂਮਿਕਾ ਨਿਭਾਉਂਦੇ ਹਨ, ਜਿਸਨੇ 1995 ਦੌਰਾਨ ਪੰਜਾਬ ਵਿੱਚ ਹਜ਼ਾਰਾਂ ਲਵਾਰਿਸ ਲਾਸ਼ਾਂ ਦੇ ਸਸਕਾਰ ਦੀ ਜਾਂਚ ਕੀਤੀ। 2023 ਵਿੱਚ ਫਿਲਮ ਦਾ ਵਿਸ਼ਵ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਹੋਣਾ ਸੀ, ਪਰ ਪ੍ਰਬੰਧਕਾਂ ਵੱਲੋਂ ਬਿਨਾਂ ਕਿਸੇ ਅਧਿਕਾਰਤ ਬਿਆਨ ਦੇ ਇਸਨੂੰ ਲਾਈਨਅੱਪ ਤੋਂ ਹਟਾ ਦਿੱਤਾ ਗਿਆ।
ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਦੁਸਾਂਝ ਨੇ ਫਿਲਮ ਨੂੰ ਰਿਲੀਜ਼ ਕਰਨ ਲਈ OTT ਪਲੇਟਫਾਰਮ ਦਾ ਧੰਨਵਾਦ ਕੀਤਾ ਸੀ। "ਸਾਡੀ ਫਿਲਮ 'ਸਤਲੁਜ' ਦ੍ਰਿੜਤਾ, ਹਿੰਮਤ ਅਤੇ ਮਨੁੱਖਤਾ ਦੀ ਕਹਾਣੀ ਹੈ ਅਤੇ ਇਸ ਕਿਰਦਾਰ ਨੂੰ ਨਿਭਾਉਣਾ ਮੇਰੇ ਕਰੀਅਰ ਦੇ ਸਭ ਤੋਂ ਅਰਥਪੂਰਨ ਤਜ਼ਰਬਿਆਂ ਵਿੱਚੋਂ ਇੱਕ ਰਿਹਾ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿ ਦੁਨੀਆ ਭਰ ਦੇ ਦਰਸ਼ਕ ਅੰਤ ਵਿੱਚ ZEE5 'ਤੇ ਇਸ ਫਿਲਮ ਨੂੰ ਦੇਖ ਸਕਦੇ ਹਨ ਅਤੇ ਇੱਕ ਅਜਿਹੀ ਕਹਾਣੀ ਨਾਲ ਜੁੜ ਸਕਦੇ ਹਨ ਜੋ ਡੂੰਘੀ ਨਿੱਜੀ ਹੈ ਅਤੇ ਹਰ ਕਿਸੇ ਲਈ ਸੱਚਮੁੱਚ ਦੇਖਣ ਯੋਗ ਹੈ।"
ਇਹ ਵੀ ਪੜ੍ਹੋ:

