ਅੰਮ੍ਰਿਤਸਰ ਨਗਰੀ 'ਚ ਹੋਇਆ ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰਿਆਂ ਦਾ ਇੱਕਠ, ਸ਼੍ਰੀ ਹਰਮਿੰਦਰ ਸਾਹਿਬ ਵਿਖੇ ਹੋਏ ਨਤਮਸਤਕ
ਨਵੇਂ ਸਾਲ ਦੀ ਸ਼ੁਰੂਆਤ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਨੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ।

By ETV Bharat Entertainment Team
Published : January 2, 2026 at 10:20 AM IST
ਚੰਡੀਗੜ੍ਹ: ਨਵੇਂ ਵਰ੍ਹੇਗੰਢ 2026 ਦਾ ਅਗਾਜ਼ ਹੁੰਦਿਆਂ ਹੀ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੀ ਆਮਦ ਪਵਿੱਤਰ ਅਤੇ ਪਾਵਨ ਨਗਰੀ ਮੰਨੇ ਜਾਂਦੇ ਅੰਮ੍ਰਿਤਸਰ ਵਿਖੇ ਵੱਧ ਗਈ ਹੈ, ਜਿੱਥੇ ਕਈ ਸਿਨੇਮਾ ਸ਼ਖ਼ਸੀਅਤਾਂ ਨੇ ਸਾਲ ਦੇ ਪਹਿਲੇ ਦਿਨ ਅਪਣੀ ਮੌਜ਼ੂਦਗੀ ਦਾ ਪ੍ਰਗਟਾਵਾ ਕਰਵਾਇਆ, ਜਿਸ ਦੌਰਾਨ ਉਨ੍ਹਾਂ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਏ ਦੀਦਾਰ ਕਰਦਿਆਂ ਸਰਬੱਤ ਦੇ ਭਲੇ ਲਈ ਕਾਮਨਾ ਵੀ ਕੀਤੀ।

ਇਸ ਸਮੇਂ ਇੱਥੇ ਪੁੱਜਣ ਵਾਲਿਆਂ ਵਿੱਚ ਬਾਲੀਵੁੱਡ ਦਾ ਚਰਚਿਤ ਚਿਹਰਾ ਬਣ ਚੁੱਕੇ ਅਦਾਕਾਰ ਅਪਰਸ਼ਕਤੀ ਖੁਰਾਣਾ, ਮਸ਼ਹੂਰ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ, ਰੰਗਮੰਚ ਅਤੇ ਸਾਬਕਾ ਸਿਨੇਮਾ ਅਦਾਕਾਰ ਜੂਹੀ ਬੱਬਰ ਤੋਂ ਇਲਾਵਾ ਪੰਜਾਬੀ ਅਦਾਕਾਰਾ ਸ਼ਰਨ ਕੌਰ ਆਦਿ ਸ਼ਾਮਿਲ ਰਹੇ।

ਉਕਤ ਦੌਰੇ ਦੌਰਾਨ ਅਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਿਆਂ ਅਦਾਕਾਰਾ ਜੂਹੀ ਬੱਬਰ ਨੇ ਕਿਹਾ ਕਿ ਮੁੰਬਈ ਨਗਰੀ ਦੇ ਅਪਾਰ ਰੁਝੇਂਵਿਆਂ ਦੇ ਬਾਵਜੂਦ ਸਮੇਂ ਦਰ ਸਮੇਂ ਉਨ੍ਹਾਂ ਦੇ ਪੂਰੇ ਪਰਿਵਾਰ ਪਿਤਾ ਰਾਜ ਬੱਬਰ, ਮਾਤਾ ਸ਼੍ਰੀਮਤੀ ਨਾਦਿਰਾ ਬੱਬਰ, ਭਰਾਵਾਂ ਆਰਿਆ ਬੱਬਰ, ਪ੍ਰਤੀਕ ਬੱਬਰ ਅਤੇ ਪਤੀ ਅਨੂਪ ਸੋਨੀ ਇਸ ਇਤਿਹਾਸਕ ਅਤੇ ਧਾਰਮਿਕ ਧਰਤੀ ਉਤੇ ਆਉਣਾ ਅਤੇ ਕੁਝ ਸਮਾਂ ਬਿਤਾਉਣਾ ਕਾਫ਼ੀ ਪਸੰਦ ਕਰਦੇ ਆ ਰਹੇ ਹਨ, ਜਿੱਥੇ ਦਰਬਾਰ ਸਾਹਿਬ ਆ ਕੇ ਜੋ ਸਕੂਨ ਅਤੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਓਧਰ ਪਾਲੀਵੁੱਡ ਅਦਾਕਾਰਾ ਸ਼ਰਨ ਕੌਰ ਵੀ ਅਪਣੇ ਇਸ ਦੌਰੇ ਦੌਰਾਨ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਈ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਪੰਜਾਬੀ ਫਿਲਮਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜਿੰਨ੍ਹਾਂ ਵੱਲੋਂ ਹਾਲ ਹੀ ਦੇ ਸਿਨੇਮਾ ਸਫ਼ਰ ਦੌਰਾਨ ਕਈ ਅਹਿਮ ਫਿਲਮ ਪ੍ਰੋਜੈਕਟਸ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਵਿੱਚ 'ਸ਼ਰੀਕ 2', 'ਸੰਗਰਾਂਦ', 'ਸਾਇਓਨੀ' ਅਤੇ 'ਡਰਾਮੇ ਵਾਲੇ' ਆਦਿ ਸ਼ਾਮਿਲ ਰਹੇ ਹਨ।

ਇਸ ਸਮੇਂ 'ਧੁਰੰਧਰ' ਦੀ ਕੀਤੀ ਕਾਸਟਿੰਗ ਨਾਲ ਮੁੜ ਛਾਏ ਮੁਕੇਸ਼ ਛਾਬੜਾ ਨੇ ਵੀ ਕਾਫ਼ੀ ਸਮਾਂ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਗੁਜ਼ਾਰਿਆਂ, ਜਿਸ ਦੌਰਾਨ ਉਨ੍ਹਾਂ ਕੀਰਤਨ ਬਾਣੀ ਦਾ ਵੀ ਆਨੰਦ ਮਾਣਿਆ।
ਇਹ ਵੀ ਪੜ੍ਹੋ:

