'ਸਾਰਿਆਂ ਨੂੰ ਬੇਨਤੀ ਏਅਰ ਇੰਡੀਆ ਬੁੱਕ ਨਾ ਕਰਿਓ, ਇਹ ਠੱਗੀ ਹੈ', ਜਾਣੋ ਬਿੰਨੂ ਢਿੱਲੋਂ ਨੇ ਕਿਉਂ ਕੱਢੀ ਕੰਪਨੀ 'ਤੇ ਭੜਾਸ
ਅਦਾਕਾਰ ਬਿੰਨੂ ਢਿੱਲੋਂ ਪਰਿਵਾਰ ਸਮੇਤ ਏਅਰ ਇੰਡੀਆ ਦੇ ਜਹਾਜ਼ 'ਚ ਸਫ਼ਰ ਕਰ ਰਹੇ ਸਨ।


Published : July 4, 2026 at 8:09 PM IST
ਚੰਡੀਗੜ੍ਹ: ਮਸ਼ਹੂਰ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਜਹਾਜ਼ ਕੰਪਨੀ ਏਅਰ ਇੰਡੀਆ 'ਤੇ ਭੜਾਸ ਕੱਢਦੇ ਨਜ਼ਰ ਆ ਰਹੇ ਹਨ। ਦਰਅਸਲ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਜਾਣ ਲਈ ਜਹਾਜ਼ 'ਤੇ ਸਫ਼ਰ ਕਰ ਰਹੇ ਸਨ ਤਾਂ ਇਸ ਦੌਰਾਨ ਸੀਟਾਂ ਨਾ ਖੁੱਲ੍ਹਣ ਕਾਰਨ ਜਹਾਜ਼ 'ਚ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ 'ਤੇ ਇਸ ਨੂੰ ਲੈਕੇ ਇੱਕ ਵੀਡੀਓ ਸ਼ੇਅਰ ਕੀਤੀ ਗਈ।
ਬਿੰਨੂ ਢਿੱਲੋਂ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ 'ਇਸ ਸਮੇਂ ਮੈਂ ਏਅਰ ਇੰਡੀਆ ਜਹਾਜ਼ 'ਚ ਹਾਂ ਤੇ ਇਹ ਫਲਾਈਟ ਵੈਨਕੂਵਰ ਨੂੰ ਜਾ ਰਹੀ ਹੈ। ਇਸ ਦੀਆਂ ਸੀਟਾਂ ਖੁੱਲ੍ਹ ਨਹੀਂ ਰਹੀਆਂ ਹਨ, ਤੇ ਬਿਜਨੈਸ ਕਲਾਸ 'ਚ ਬੁੱਕ ਕਰਨ ਦੇ ਬਾਵਜੂਦ ਇਹ ਕਹਿ ਰਹੇ ਹਨ ਕਿ ਜਾਂ ਤਾਂ 35 ਪ੍ਰਤੀਸ਼ਤ ਰਿਫੰਡ ਲੈ ਲਓ ਜਾਂ ਫਿਰ ਜਹਾਜ਼ ਤੋਂ ਹੇਠਾਂ ਉਤਰ ਜਾਓ। ਇਹ ਕਹਿ ਰਹੇ ਹਨ ਕਿ ਜਾਂ ਇਸ 'ਚ ਇਕੋਨਮੀ ਕਲਾਸ ਵਾਂਗ ਬੈਠ ਕੇ ਚਲੇ ਜਾਓ।'
ਅਦਾਕਾਰ ਨੇ ਕਿਹਾ ਕਿ "ਡਬਲ ਪੈਸੇ ਲਗਾ ਕੇ ਹੁਣ ਇਹ ਇੰਝ ਕਰ ਰਹੇ ਹਨ। ਸਾਰਿਆਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਕੋਈ ਏਅਰ ਇੰਡੀਆ ਫਲਾਈਟ ਬੁੱਕ ਨਾ ਕਰ ਲਿਓ। ਇੱਥੇ ਸਾਰੇ ਹੀ ਤਕਲੀਫ 'ਚ ਹਨ, ਕਿਉਂਕਿ ਕਈ ਸੀਟਾਂ ਖਰਾਬ ਹਨ। ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਕਿ ਭਾਰਤੀ ਕੰਪਨੀ ਏਅਰ ਇੰਡੀਆ ਨੂੰ ਪ੍ਰਮੋਟ ਕਰੀਏ ਪਰ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਏਅਰ ਇੰਡੀਆ ਤੋਂ ਬਚਾਅ ਕੇ ਲੰਘ ਜਾਓ। ਇਸ ਤੋਂ ਇਲਾਵਾ ਭਾਵੇਂ ਕੋਈ ਹੋਰ ਏਅਰਲਾਈਨ ਦੀ ਫਲਾਈਟ ਬੁੱਕ ਕਰ ਲਓ ਪਰ ਇਸ 'ਚ ਭੁੱਲ ਕੇ ਵੀ ਨਾ ਆਇਓ।"
ਬਿੰਨੂ ਢਿੱਲੋਂ ਨੇ ਕਿਹਾ ਕਿ ਇੰਨ੍ਹਾਂ ਨੂੰ ਚਾਹੀਦਾ ਸੀ ਕਿ ਜੇਕਰ ਸੀਟਾਂ ਖ਼ਰਾਬ ਸੀ ਤਾਂ ਪਹਿਲਾਂ ਦੱਸ ਦਿੰਦੇ ਜਾਂ ਸਾਨੂੰ ਹੋਰ ਬਦਲਵੇਂ ਜਹਾਜ਼ ਦਾ ਸਫ਼ਰ ਦੇ ਦਿੰਦੇ। ਇਹ ਇੰਨ੍ਹਾਂ ਵੱਲੋਂ ਬਿਲਕੁਲ ਠੱਗੀ ਹੈ, ਇਸ ਲਈ ਸਾਰਿਆਂ ਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਜ਼ਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਏਅਰ ਇੰਡੀਆ ਕੰਪਨੀ ਕਾਫ਼ੀ ਵਿਵਾਦਾਂ 'ਚ ਰਹੀ ਹੈ। ਭਾਵੇਂ ਕਿ ਅਹਿਮਦਾਬਾਦ 'ਚ ਏਅਰ ਇੰਡੀਆ ਜਹਾਜ਼ ਹਾਦਸੇ 'ਚ 200 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਹੋਵੇ ਤੇ ਭਾਵੇਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਜਹਾਜ਼'ਚ ਟੁੱਟੀ ਹੋਈ ਕੁਰਸੀ ਮਿਲਣ ਦਾ ਮਾਮਲਾ ਹੋਵੇ। ਉਥੇ ਹੀ ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਏਅਰਲਾਈਨ 'ਚ ਸੁਧਾਰ ਕਰਨ ਸਬੰਧੀ ਚਿੱਠੀ ਵੀ ਲਿਖੀ ਗਈ ਸੀ ਪਰ ਬਿੰਨੂ ਢਿੱਲੋਂ ਦੀ ਮੌਜੂਦਾ ਵੀਡੀਓ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।

