ETV Bharat / bharat

ਕਸ਼ਮੀਰ 'ਚ ਖਾਮੇਨੇਈ ਦੀ ਮੌਤ 'ਤੇ ਵਿਰੋਧ ਦੀ ਗੂੰਜ, 2 ਦਿਨਾਂ ਲਈ ਬੰਦ ਦਾ ਸੱਦਾ

ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਦੇ ਵਿਰੋਧ ਵਿੱਚ ਸ਼੍ਰੀਨਗਰ ਅਤੇ ਹੋਰ ਸ਼ੀਆ ਬਹੁਲਤਾ ਵਾਲੇ ਇਲਾਕਿਆਂ ਸਮੇਤ ਕਸ਼ਮੀਰ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ।

Ayatullah Ali Khamenei's death
1 ਮਾਰਚ ਨੂੰ ਸ਼੍ਰੀਨਗਰ ਵਿੱਚ ਵਿਰੋਧ ਪ੍ਰਦਰਸ਼ਨ (PTI)
author img

By ETV Bharat Punjabi Team

Published : March 1, 2026 at 6:16 PM IST

3 Min Read
Choose ETV Bharat

ਸ਼੍ਰੀਨਗਰ: ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਨੂੰ ਲੈ ਕੇ ਜੰਮੂ-ਕਸ਼ਮੀਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਐਤਵਾਰ ਨੂੰ ਸ਼੍ਰੀਨਗਰ ਦੇ ਲਾਲ ਚੌਕ ਸਥਿਤ ਘੰਟਾਘਰ 'ਤੇ ਸੈਂਕੜੇ ਪ੍ਰਦਰਸ਼ਨਕਾਰੀ ਖਾਮੇਨੇਈ ਦੀ ਮੌਤ ਦਾ ਸੋਗ ਮਨਾਉਣ ਲਈ ਇਕੱਠੇ ਹੋਏ। ਪੁਲਵਾਮਾ, ਬਡਗਾਮ ਅਤੇ ਵਾਦੀ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੋਗ ਕਰਨ ਵਾਲਿਆਂ ਨੇ ਖਾਮੇਨੇਈ ਦੀਆਂ ਤਸਵੀਰਾਂ ਹੱਥਾਂ 'ਚ ਲੈਕੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ।

jammu kashmir closed for two day
ਸ਼੍ਰੀਨਗਰ ਵਿੱਚ ਔਰਤਾਂ ਦਾ ਵਿਰੋਧ ਪ੍ਰਦਰਸ਼ਨ (PTI)

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੁੱਖ ਪ੍ਰਗਟਾਉਂਦੇ ਕੀਤਾ ਐਲਾਨ

ਈਰਾਨ ਦੀ ਸਥਿਤੀ ਅਤੇ ਖਾਮੇਨੇਈ ਦੀ ਮੌਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਅਜਿਹੀ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ ਹੈ ਜਿਸ ਨਾਲ ਅਸ਼ਾਂਤੀ ਪੈਦਾ ਹੋ ਸਕਦੀ ਹੈ। ਮੁੱਖ ਮੰਤਰੀ ਉਮਰ ਅਬੱਦੁਲਾ ਨੇ ਟਵਿੱਟਰ 'ਤੇ ਲਿਖਿਆ 'ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਪ੍ਰਸ਼ਾਸਨ ਨੂੰ ਸਾਵਧਾਨੀ ਵਜੋਂ ਕਸ਼ਮੀਰ ਦੇ ਸਕੂਲ ਅਤੇ ਕਾਲਜ ਅਗਲੇ ਦੋ ਦਿਨਾਂ ਲਈ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਮੈਂ ਸਾਰੇ ਭਾਈਚਾਰਿਆਂ ਨੂੰ ਸ਼ਾਂਤ ਰਹਿਣ, ਸ਼ਾਂਤੀ ਬਣਾਈ ਰੱਖਣ ਅਤੇ ਤਣਾਅ ਪੈਦਾ ਕਰਨ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦਾ ਹਾਂ। ਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਸੋਗ ਮਨਾਉਣ ਵਾਲਿਆਂ ਨੂੰ ਸ਼ਾਂਤੀਪੂਰਵਕ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪੁਲਿਸ ਅਤੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸੰਜਮ ਵਰਤਣ ਅਤੇ ਤਾਕਤ ਜਾਂ ਪਾਬੰਦੀਆਂ ਦੀ ਵਰਤੋਂ ਤੋਂ ਬਚਣ ਦੀ ਲੋੜ ਹੈ।"

protest in kashmir
ਸ਼੍ਰੀਨਗਰ ਵਿੱਚ ਪ੍ਰਦਰਸ਼ਨ (PTI)

ਈਰਾਨੀ ਵਿਦਿਆਰਥੀਆਂ ਦੀ ਸੁਰੱਖਿਆ

ਈਰਾਨ ਵਿੱਚ ਫਸੇ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰਾਂ ਬਾਰੇ, ਮੁੱਖ ਮੰਤਰੀ ਨੇ ਕਿਹਾ ਕਿ 'ਉਨ੍ਹਾਂ ਦੀ ਸਰਕਾਰ ਜੰਮੂ-ਕਸ਼ਮੀਰ ਦੇ ਸਾਰੇ ਨਿਵਾਸੀਆਂ, ਜਿਨ੍ਹਾਂ ਵਿੱਚ ਈਰਾਨ ਦੇ ਵਿਦਿਆਰਥੀ ਵੀ ਸ਼ਾਮਲ ਹਨ, ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ'।

shutdown in kashmir
ਸ਼੍ਰੀਨਗਰ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਲੋਕ ਸੋਗ ਮਨਾਉਂਦੇ ਹੋਏ। (PTI)

ਇਸ ਮੌਕੇ ਸੀਨੀਅਰ ਕਸ਼ਮੀਰੀ ਧਾਰਮਿਕ ਆਗੂ ਮੀਰਵਾਈਜ਼ ਉਮਰ ਫਾਰੂਕ ਨੇ ਵੀ ਈਰਾਨ ਦੇ ਸਰਵਉੱਚ ਨੇਤਾ ਦੀ ਹੱਤਿਆ 'ਤੇ ਦੁੱਖ ਪ੍ਰਗਟ ਕੀਤਾ ਅਤੇ ਸੋਮਵਾਰ ਨੂੰ ਸ਼ਾਂਤੀਪੂਰਨ ਬੰਦ ਦਾ ਸੱਦਾ ਦਿੱਤਾ। ਉਮਰ ਫਾਰੂਕ ਨੇ ਕਿਹਾ "ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ ਦੇ ਸਰਵਉੱਚ ਨੇਤਾ, ਅਯਾਤੁੱਲਾ ਸਈਦ ਅਲੀ ਖਾਮੇਨੇਈ ਦੀ ਹੱਤਿਆ ਤੋਂ ਬਹੁਤ ਦੁਖੀ ਹਾਂ, ਜਿਸ ਨੇ ਪੂਰੇ ਮੁਸਲਿਮ ਸੰਸਾਰ ਨੂੰ ਹੈਰਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਲੋਕ ਸਮੂਹਿਕ ਤੌਰ 'ਤੇ ਇਸ ਅੱਤਿਆਚਾਰ, ਈਰਾਨ ਵਿਰੁੱਧ ਚੱਲ ਰਹੇ ਹਮਲੇ ਅਤੇ ਮੀਨਾਬ ਵਿੱਚ ਮਾਸੂਮ ਵਿਦਿਆਰਥਣਾਂ ਦੇ ਕਤਲੇਆਮ ਦੀ ਨਿੰਦਾ ਕਰਦੇ ਹਨ।"

ਮਹਿਬੂਬਾ ਮੁਫ਼ਤੀ ਨੇ ਪ੍ਰਗਟਾਇਆ ਦੁੱਖ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਵੀ ਖਾਮੇਨੇਈ ਦੀ ਹੱਤਿਆ 'ਤੇ ਮੀਰਵਾਇਜ਼ ਉਮਰ ਫਾਰੂਕ ਦੇ ਬੰਦ ਦੇ ਸੱਦੇ ਦਾ ਸਮਰਥਨ ਅਤੇ ਏਕਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਸੋਗ ਦਾ ਇਹ ਦਿਨ ਦੁਨੀਆ ਨੂੰ ਯਾਦ ਦਿਵਾਉਣ ਲਈ ਹੈ ਕਿ ਕਿਤੇ ਵੀ ਬੇਇਨਸਾਫ਼ੀ ਪੂਰੇ ਮੁਸਲਿਮ ਉਮਾਹ ਅਤੇ ਸੱਚ ਲਈ ਖੜ੍ਹੇ ਸਾਰੇ ਲੋਕਾਂ ਨੂੰ ਜ਼ਖਮੀ ਕਰਦੀ ਹੈ। ਸੋਗ ਅਤੇ ਵਿਰੋਧ ਵਿੱਚ ਇੱਕਜੁੱਟ ਹੋ ਕੇ, ਅਸੀਂ ਈਰਾਨ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।"

'ਇਜ਼ਰਾਇਲ ਨੇ ਦਿਖਾਈ ਕਾਇਰਤਾ'

ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੇ ਸਨਮਾਨ ਵਿੱਚ ਅੱਜ (1 ਮਾਰਚ) ਲਈ ਆਪਣੇ ਸਾਰੇ ਰਾਜਨੀਤਿਕ ਪ੍ਰੋਗਰਾਮ ਮੁਲਤਵੀ ਕਰ ਦਿੱਤੇ। ਇੱਕ ਬਿਆਨ ਵਿੱਚ, ਪਾਰਟੀ ਨੇ ਈਰਾਨੀ ਨੇਤਾ 'ਤੇ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ, ਉਨ੍ਹਾਂ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇੱਕ ਅਣਮਨੁੱਖੀ, ਵਹਿਸ਼ੀ ਅਤੇ ਕਾਇਰਤਾਪੂਰਨ ਕਾਰਵਾਈ ਦੱਸਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ 'ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦਕਰਾ ਦੀ ਅਗਵਾਈ ਵਿੱਚ ਪੂਰੀ ਪਾਰਟੀ ਨੇ ਇਸ ਵੱਡੇ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ।'

ਸਥਾਨਕ ਮੀਡੀਆ ਨੇ ਦਿੱਤੀ ਜਾਣਕਾਰੀ

ਐਤਵਾਰ ਸਵੇਰੇ, ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਵੀ ਖਾਮੇਨੇਈ ਦੀ ਮੌਤ ਦੀ ਪੁਸ਼ਟੀ ਕੀਤੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ 86 ਸਾਲਾ ਨੇਤਾ ਦੀ ਮੌਤ ਦਾ ਐਲਾਨ ਕਰਨ ਤੋਂ ਕੁਝ ਘੰਟੇ ਬਾਅਦ। ਈਰਾਨੀ ਸਰਕਾਰੀ ਟੈਲੀਵਿਜ਼ਨ ਅਤੇ ਸਰਕਾਰੀ ਨਿਊਜ਼ ਏਜੰਸੀ IRNA ਨੇ ਖਾਮੇਨੇਈ ਦੀ ਮੌਤ ਦੀ ਰਿਪੋਰਟ ਦਿੱਤੀ ਪਰ ਉਨ੍ਹਾਂ ਦੇ ਨਿਵਾਸ 'ਤੇ ਵੱਡੇ ਅਮਰੀਕੀ ਅਤੇ ਇਜ਼ਰਾਈਲੀ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ।

ਈਰਾਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਇੱਕ ਐਂਕਰ ਨੇ ਸਵੇਰੇ 5:00 ਵਜੇ (IST ਦੇ ਸਮੇਂ ਅਨੁਸਾਰ ਸਵੇਰੇ 7:00 ਵਜੇ) ਖਾਮੇਨੇਈ ਦੀ ਮੌਤ ਦਾ ਐਲਾਨ ਕੀਤਾ। ਚੈਨਲ ਨੇ ਸੋਗ ਦੇ ਪ੍ਰਤੀਕ ਵਜੋਂ ਕਾਲੀਆਂ ਪੱਟੀਆਂ ਬੰਨ੍ਹੇ ਲੋਕਾਂ ਦੀਆਂ ਯਾਦਾਂ ਦੇ ਵੀਡੀਓ ਪ੍ਰਸਾਰਿਤ ਕੀਤੇ। ਅਧਿਕਾਰੀਆਂ ਨੇ ਕਿਹਾ ਕਿ 'ਵਿਰੋਧ ਪ੍ਰਦਰਸ਼ਨਾਂ ਦੀ ਉਮੀਦ ਵਿੱਚ ਸੁਰੱਖਿਆ ਹਾਈ ਅਲਰਟ 'ਤੇ ਰੱਖਿਆ ਹੈ।' ਦੱਸਣਯੋਗ ਹੈ ਕਿ ਖਾਮੇਨੇਈ 1989 ਤੋਂ ਈਰਾਨ ਦੇ ਸਰਵਉੱਚ ਨੇਤਾ ਰਹੇ ਹਨ।