ਸਾਵਧਾਨ! ਕੀ ਤੁਹਾਨੂੰ ਵੀ ਆਇਆ ਹੈ MUDRA ਲੋਨ ਮਨਜ਼ੂਰ ਹੋਣ ਦਾ ਮੈਸੇਜ ? ਖਾਤਾ ਖਾਲੀ ਹੋਣ ਤੋਂ ਪਹਿਲਾਂ ਤੁਰੰਤ ਪੜ੍ਹੋ ਇਹ ਖ਼ਬਰ !
ਵ੍ਹੱਟਸਐਪ 'ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਨਾਂ 'ਤੇ ਚੱਲ ਰਿਹਾ ਹੈ ਵੱਡਾ ਫਰਜ਼ੀਵਾੜਾ, ਜਾਣੋ ਕਿ ਕਿੱਥੇ ਅਤੇ ਕਿਵੇਂ ਕਰ ਸਕਦੇ ਹੋ ਸ਼ਿਕਾਇਤ।


Published : September 2, 2026 at 8:10 PM IST
ਚੰਡੀਗੜ੍ਹ: ਜੇਕਰ ਤੁਹਾਨੂੰ ਵੀ ਆਪਣੇ ਮੋਬਾਈਲ ਜਾਂ ਵ੍ਹੱਟਸਐਪ 'ਤੇ ਇਹ ਮੈਸੇਜ ਮਿਲਿਆ ਹੈ ਕਿ ਤੁਹਾਡੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਲੋਨ ਐਪਲੀਕੇਸ਼ਨ ਮਨਜ਼ੂਰ ਹੋ ਗਈ ਹੈ, ਤਾਂ ਰੁਕੋ। ਇਹ ਇੱਕ ਵੱਡਾ ਸਕੈਮ ਯਾਨਿ ਧੋਖਾਧੜੀ ਹੋ ਸਕਦਾ ਹੈ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਮੁਦਰਾ ਲੋਨ ਦੇ ਨਾਂ 'ਤੇ ਲੋਕਾਂ ਨੂੰ ਠੱਗਣ ਵਾਲਾ ਇੱਕ ਫਰਜ਼ੀ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਖ਼ਾਸ ਚਿਤਾਵਨੀ ਜਾਰੀ ਕੀਤੀ ਹੈ।
ਪੂਰੀ ਤਰ੍ਹਾਂ ਫਰਜ਼ੀ ਹੈ ਅਜਿਹਾ ਮੈਸੇਜ
ਭਾਰਤ ਸਰਕਾਰ ਦੀ ਸੰਸਥਾ ਪੀਆਈਬੀ ਫੈਕਟ ਚੈੱਕ ਨੇ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਹੈ। PIB ਨੇ ਟਵੀਟ ਕਰਕੇ ਸਾਫ਼ ਕੀਤਾ ਹੈ ਕਿ ਇਹ ਮੈਸੇਜ ਪੂਰੀ ਤਰ੍ਹਾਂ ਫੇਕ ਯਾਨਿ ਫਰਜ਼ੀ ਹੈ। ਸਰਕਾਰ ਵੱਲੋਂ ਅਜਿਹਾ ਕੋਈ ਵੀ ਲੋਨ ਮਨਜ਼ੂਰੀ ਦਾ ਮੈਸੇਜ ਸੋਸ਼ਲ ਮੀਡੀਆ ਰਾਹੀਂ ਨਹੀਂ ਭੇਜਿਆ ਜਾਂਦਾ।
Did you also receive a #WhatsApp message claiming that your MUDRA loan application has been approved?
— PIB Fact Check (@PIBFactCheck) September 2, 2026
⚠️ Beware! This #FAKE message is a #SCAM .
✅ MUDRA loan approval messages are not communicated through social media platforms.
✅ MUDRA is a refinancing institution and does… pic.twitter.com/ifAJ1WYaou
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- ਕੋਈ ਸਿੱਧਾ ਲੋਨ ਨਹੀਂ: ਮੁਦਰਾ ਇੱਕ ਰੀਫਾਈਨੈਂਸਿੰਗ ਸੰਸਥਾ ਹੈ। ਇਹ ਕਿਸੇ ਵੀ ਵਿਅਕਤੀ ਜਾਂ ਛੋਟੇ ਵਪਾਰੀ ਨੂੰ ਸਿੱਧਾ ਲੋਨ ਨਹੀਂ ਦਿੰਦੀ।
- ਕੋਈ ਏਜੰਟ ਜਾਂ ਵਿਚੋਲਾ ਨਹੀਂ: ਮੁਦਰਾ ਯੋਜਨਾ ਤਹਿਤ ਲੋਨ ਦਿਵਾਉਣ ਲਈ ਸਰਕਾਰ ਨੇ ਕੋਈ ਵੀ ਏਜੰਟ ਜਾਂ ਵਿਚੋਲਾ ਨਹੀਂ ਰੱਖਿਆ ਹੋਇਆ। ਜੇਕਰ ਕੋਈ ਖ਼ੁਦ ਨੂੰ ਮੁਦਰਾ ਲੋਨ ਦਾ ਏਜੰਟ ਦੱਸ ਕੇ ਪੈਸੇ ਮੰਗਦਾ ਹੈ, ਤਾਂ ਉਹ ਧੋਖੇਬਾਜ਼ ਹੈ।
- ਲੋਨ ਲੈਣ ਦਾ ਸਹੀ ਤਰੀਕਾ: ਮੁਦਰਾ ਲੋਨ ਲੈਣ ਲਈ ਤੁਸੀਂ ਆਪਣੇ ਨੇੜਲੇ ਬੈਂਕ ਦੀ ਬ੍ਰਾਂਚ, NBFCs, ਜਾਂ MFIs ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਪੋਰਟਲ udyamimitra.in 'ਤੇ ਜਾ ਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਜੇਕਰ ਸ਼ੱਕ ਹੋਵੇ ਤਾਂ ਇੱਥੇ ਕਰੋ ਸ਼ਿਕਾਇਤ
ਜੇਕਰ ਤੁਹਾਨੂੰ ਵੀ ਭਾਰਤ ਸਰਕਾਰ ਦੀ ਕਿਸੇ ਯੋਜਨਾ ਨਾਲ ਜੁੜਿਆ ਕੋਈ ਸ਼ੱਕੀ ਮੈਸੇਜ, ਵੀਡੀਓ ਜਾਂ ਆਡੀਓ ਮਿਲਦਾ ਹੈ, ਤਾਂ ਤੁਸੀਂ ਉਸ ਦੀ ਸੱਚਾਈ ਜਾਣਨ ਲਈ PIB Fact Check ਦੇ ਅਧਿਕਾਰਤ ਵਟਸਐਪ ਨੰਬਰ +91 8799711259 'ਤੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ socialmedia@pib.gov.in 'ਤੇ ਈਮੇਲ ਵੀ ਕਰ ਸਕਦੇ ਹੋ। ਜਾਗਰੂਕ ਬਣੋ ਅਤੇ ਅਜਿਹੇ ਫਰਜ਼ੀ ਮੈਸੇਜਾਂ ਨੂੰ ਅੱਗੇ ਸ਼ੇਅਰ ਕਰਨ ਤੋਂ ਬਚੋ ਤਾਂ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਿਹਨਤ ਦੀ ਕਮਾਈ ਸੁਰੱਖਿਅਤ ਰਹਿ ਸਕੇ।
ਪੀਆਈਬੀ ਫੈਕਟ ਚੈੱਕ ਕੀ ਹੈ?
ਪੀਆਈਬੀ ਫੈਕਟ ਚੈੱਕ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਇੱਕ ਅਧਿਕਾਰਤ ਸੰਸਥਾ ਹੈ। ਇਸ ਦਾ ਮੁੱਖ ਮਕਸਦ ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਸਰਕਾਰ, ਸਰਕਾਰੀ ਯੋਜਨਾਵਾਂ, ਨੀਤੀਆਂ ਅਤੇ ਘੋਸ਼ਣਾਵਾਂ ਬਾਰੇ ਫੈਲ ਰਹੀਆਂ ਫਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਦੀ ਸੱਚਾਈ ਸਾਹਮਣੇ ਲਿਆਉਣਾ ਹੈ। ਅੱਜ-ਕੱਲ੍ਹ ਡਿਜੀਟਲ ਯੁੱਗ ਵਿੱਚ ਆਮ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਠੱਗਣ ਲਈ ਰੋਜ਼ਾਨਾ ਕਈ ਤਰ੍ਹਾਂ ਦੇ ਫਰਜ਼ੀ ਦਾਅਵੇ ਕੀਤੇ ਜਾਂਦੇ ਹਨ। ਅਜਿਹੇ ਵਿੱਚ ਇਹ ਸੰਸਥਾ ਉਨ੍ਹਾਂ ਦਾਅਵਿਆਂ ਦੀ ਡੂੰਘਾਈ ਨਾਲ ਜਾਂਚ ਕਰਦੀ ਹੈ ਅਤੇ ਸਹੀ ਤੱਥ ਜਨਤਾ ਦੇ ਸਾਹਮਣੇ ਪੇਸ਼ ਕਰਕੇ ਦੇਸ਼ ਦੇ ਨਾਗਰਿਕਾਂ ਨੂੰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਉਂਦੀ ਹੈ।

