ਆਪ੍ਰੇਸ਼ਨ ਦੌਰਾਨ ਢਿੱਡ 'ਚ ਰਹਿ ਗਈ ਕੈਂਚੀ, ਡੇਢ ਸਾਲ ਬਾਅਦ ਔਰਤ ਦੀ ਮੌਤ
ਡਾਕਟਰ ਦੀ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਪੜ੍ਹੋ ਪੂਰੀ ਖਬਰ...

Published : January 2, 2026 at 5:53 PM IST
ਬਿਹਾਰ/ਮੋਤੀਹਾਰੀ: ਬਿਹਾਰ ਦੇ ਮੋਤੀਹਾਰੀ ਵਿੱਚ ਡਾਕਟਰੀ ਲਾਪਰਵਾਹੀ ਦਾ ਇੱਕ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਡੇਢ ਸਾਲ ਪਹਿਲਾਂ, ਇੱਕ ਨਿੱਜੀ ਕਲੀਨਿਕ ਵਿੱਚ ਸਿਜੇਰੀਅਨ ਸੈਕਸ਼ਨ ਦੌਰਾਨ ਡਾਕਟਰਾਂ ਵੱਲੋਂ ਇੱਕ ਔਰਤ ਦੇ ਟਿੱਡ ਵਿੱਚ ਕੈਂਚੀ ਛੱਡ ਦਿੱਤੀ ਗਈ। ਲੰਬੇ ਸਮੇਂ ਤੱਕ ਦਰਦ ਸਹਿਣ ਤੋਂ ਬਾਅਦ, ਕੈਂਚੀ ਕੱਢਣ ਲਈ ਉਸ ਔਰਤ ਦਾ ਆਪ੍ਰੇਸ਼ਨ ਕੀਤਾ ਗਿਆ ਤਾਂ ਉਸਦੀ ਮੌਤ ਹੋ ਗਈ।
"ਸਾਨੂੰ ਇਨਸਾਫ਼ ਚਾਹੀਦਾ ਹੈ"
ਇਸ ਘਟਨਾ ਨੇ ਨਾ ਸਿਰਫ਼ ਪੀੜਤ ਪਰਿਵਾਰ ਨੂੰ ਸਦਮੇਂ ਵਿੱਚ ਪਾਇਆ ਸਗੋਂ ਪੂਰੇ ਇਲਾਕੇ ਵਿੱਚ ਡਾਕਟਰਾਂ ਵਿਰੁੱਧ ਰੋਸ ਵੀ ਪੈਦਾ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ 25 ਸਾਲਾ ਊਸ਼ਾ ਦੇਵੀ ਵਜੋਂ ਹੋਈ ਹੈ, ਜੋ ਕਿ ਮਣੀਭੂਸ਼ਣ ਕੁਮਾਰ ਦੀ ਪਤਨੀ ਹੈ। ਉਸ ਦੇ ਪਤੀ ਮਣੀਭੂਸ਼ਣ ਕੁਮਾਰ ਨੇ ਕਿਹਾ, "ਅਸੀਂ ਇੱਕ ਗਰੀਬ ਪਰਿਵਾਰ ਤੋਂ ਹਾਂ ਅਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।"
ਕੀ ਹੈ ਪੂਰੀ ਕਹਾਣੀ?
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਊਸ਼ਾ ਦੇਵੀ ਡੇਢ ਸਾਲ ਪਹਿਲਾਂ ਗਰਭਵਤੀ ਸੀ। ਉਸ ਨੂੰ ਜਣੇਪੇ ਲਈ ਸ਼ਹਿਰ ਦੇ ਇੱਕ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਂਚ ਤੋਂ ਬਾਅਦ, ਡਾਕਟਰ ਨੇ ਆਮ ਜਣੇਪੇ ਦੀ ਬਜਾਏ ਸਿਜੇਰੀਅਨ ਆਪ੍ਰੇਸ਼ਨ ਦੀ ਸਿਫਾਰਸ਼ ਕੀਤੀ। ਜਿਸ ਤੇ ਪਰਿਵਾਰ ਸਹਿਮਤ ਹੋ ਗਿਆ, ਅਤੇ ਆਪ੍ਰੇਸ਼ਨ ਸਫਲ ਰਿਹਾ। ਊਸ਼ਾ ਨੇ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ, ਆਪ੍ਰੇਸ਼ਨ ਤੋਂ ਤੁਰੰਤ ਬਾਅਦ, ਊਸ਼ਾ ਨੂੰ ਪੇਟ ਵਿੱਚ ਤੇਜ਼ ਦਰਦ ਹੋਣ ਲੱਗਾ।
ਅਲਟਰਾਸਾਊਂਡ ਤੋਂ ਕੁਝ ਨਹੀਂ ਨਿਕਲਿਆ
ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸ਼ੁਰੂ ਵਿੱਚ ਡਾਕਟਰ ਨੇ ਦਰਦ ਨਿਵਾਰਕ (Pain Killer) ਦਵਾਈਆਂ ਲਿਖੀਆਂ, ਜਿਸ ਨਾਲ ਉਸਨੂੰ ਥੋੜਾ ਅਰਾਮ ਮਿਲਿਆ। ਪਰ ਉਸਤੋਂ ਬਾਅਦ ਵੀ ਦਰਦ ਵਾਰ-ਵਾਰ ਹੁੰਦਾ ਰਿਹਾ। ਪਰਿਵਾਰ ਨੇ ਕਈ ਅਲਟਰਾਸਾਊਂਡ ਕਰਵਾਏ, ਪਰ ਹਰ ਰਿਪੋਰਟ ਨਾਰਮਲ ਆਈ। ਡਾਕਟਰਾਂ ਨੇ ਇਸ ਨੂੰ ਇੱਕ ਆਮ ਪੇਚੀਦਗੀ ਵਜੋਂ ਖਾਰਜ ਕਰ ਦਿੱਤਾ ਅਤੇ ਦਵਾਈ ਦਿੱਤੀ। ਇਸ ਤਰ੍ਹਾਂ ਡੇਢ ਸਾਲ ਬੀਤ ਗਿਆ। ਹਾਲਾਂਕਿ, ਹਾਲ ਹੀ ਵਿੱਚ, ਦਰਦ ਅਸਹਿ ਹੋ ਗਿਆ। ਪਰਿਵਾਰ ਘਬਰਾ ਗਿਆ ਅਤੇ ਉਸ ਨੂੰ ਡਾਕਟਰ ਕਮਲੇਸ਼ ਕੁਮਾਰ ਕੋਲ ਲੈ ਗਿਆ।
ਪੇਟ ਵਿੱਚ ਫਸੀ ਸੀ ਸਰਜੀਕਲ ਕੈਂਚੀ
ਡਾਕਟਰ ਕਮਲੇਸ਼ ਨੇ ਤੁਰੰਤ ਐਮਆਰਆਈ ਕਰਵਾਉਣ ਦਾ ਆਦੇਸ਼ ਦਿੱਤਾ, ਜਿਸ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਰਿਪੋਰਟ ਵਿੱਚ ਸਪੱਸ਼ਟ ਤੌਰ 'ਤੇ ਦਿਖਾਇਆ ਗਿਆ ਕਿ ਊਸ਼ਾ ਦੇ ਪੇਟ ਦੇ ਅੰਦਰ ਸਰਜੀਕਲ ਕੈਂਚੀ ਫਸੀ ਹੋਈ ਹੈ। ਡਾਕਟਰ ਨੇ ਤੁਰੰਤ ਦੂਜੇ ਆਪ੍ਰੇਸ਼ਨ ਦੀ ਸਲਾਹ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਦੇਰੀ ਹੋਈ ਤਾਂ ਊਸ਼ਾ ਦੀ ਜਾਨ ਹੋ ਸਕਦੀ ਹੈ। ਜਿਸ ਤੋਂ ਬਾਅਦ ਪਰਿਵਾਰ ਤੁਰੰਤ ਊਸ਼ਾ ਨੂੰ ਮੈਡੀਕਲ ਸੈਂਟਰ ਲੈ ਗਿਆ। ਜਿਵੇਂ ਹੀ ਓਪਰੇਟਿੰਗ ਥੀਏਟਰ ਵਿੱਚ ਜਾ ਕੇ ਉਸ਼ਾ ਦੇ ਟਿੱਡ ਵਿੱਚੋਂ ਕੈਂਚੀ ਕੱਢੀ ਗਈ ਤਾਂ ਊਸ਼ਾ ਨੇ ਸਾਹ ਲੈਣਾ ਬੰਦ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਕੈਂਚੀ ਕਾਰਨ ਉਸ਼ਾ ਦੇ ਟਿੱਡ ਵਿੱਚ ਇਨਫੈਕਸ਼ਨ ਫੈਲ ਗਈ ਸੀ ਅਤੇ ਉਹ ਜਾਨਲੇਵਾ ਸਾਬਿਤ ਹੋਈ।
"ਇਹ ਡਾਕਟਰ ਦੀ ਘੋਰ ਲਾਪਰਵਾਹੀ ਹੈ। ਆਪ੍ਰੇਸ਼ਨ ਦੌਰਾਨ ਕੈਂਚੀ ਕਿਵੇਂ ਰਹਿ ਗਈ? ਅਸੀਂ ਡੇਢ ਸਾਲ ਤੱਕ ਅਲਟਰਾਸਾਊਂਡ ਕਰਵਾਉਂਦੇ ਰਹੇ, ਪਰ ਕਿਸੇ ਨੇ ਸਾਨੂੰ ਕੁਝ ਨਹੀਂ ਦੱਸਿਆ। ਅੱਜ ਡੇਢ ਸਾਲ ਦੀ ਇੱਕ ਬੱਚੀ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਹੈ। ਦੋਸ਼ੀ ਡਾਕਟਰਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।" - ਤ੍ਰਿਲੋਕੀਨਾਥ ਕੁਮਾਰ, ਮ੍ਰਿਤਕ ਦਾ ਜੀਜਾ
ਜਨਤਕ ਹੰਗਾਮਾ
ਊਸ਼ਾ ਦੇਵੀ ਦੀ ਮੌਤ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਮਚ ਗਿਆ। ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ। ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਸੰਭਾਲਿਆ। ਸੂਚਨਾ ਮਿਲਣ 'ਤੇ ਜਿਤਨਾ ਪੁਲਿਸ ਸਟੇਸ਼ਨ ਤੋਂ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇੱਕ ਉੱਚ-ਪੱਧਰੀ ਜਾਂਚ ਕਮੇਟੀ ਬਣਾਈ ਜਾਵੇ। ਡਾਕਟਰਾਂ ਦੀ ਸਿਖਲਾਈ ਅਤੇ ਆਪ੍ਰੇਸ਼ਨ ਥੀਏਟਰ ਦੇ ਮਿਆਰਾਂ ਨੂੰ ਸਖ਼ਤ ਕੀਤਾ ਜਾਵੇ।
"ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ। ਮੁੱਢਲੀ ਜਾਂਚ ਵਿੱਚ ਲਾਪਰਵਾਹੀ ਦੇ ਸਪੱਸ਼ਟ ਸੰਕੇਤ ਮਿਲੇ ਹਨ। ਪੁਲਿਸ ਡਾਕਟਰ ਦੇ ਕਲੀਨਿਕ ਅਤੇ ਮੈਡੀਕਲ ਸੈਂਟਰ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।" - ਰਾਜੀਵ ਰੰਜਨ, ਐਸਐਚਓ, ਜਿਤਨਾ ਪੁਲਿਸ ਸਟੇਸ਼ਨ

