ਹਰਿਆਣਾ ਦੀ ਕਿੰਨਰ ਲੋਕਾਂ ਲਈ ਬਣੀ ਮਿਸਾਲ, ਡੇਅਰੀ ਫਾਰਮ ਤੋਂ ਕਰ ਰਹੀ ਲੱਖਾਂ ਦੀ ਕਮਾਈ
ਸੋਨੀਪਤ ਦੀ ਕਿੰਨਰ ਡੇਅਰੀ ਫਾਰਮ ਚਲਾ ਕੇ ਆਪਣਾ ਕਾਰੋਬਾਰ ਕਰ ਰਹੀ ਹੈ ਅਤੇ ਲੋਕਾਂ ਲਈ ਮਿਸਾਲ ਪੈਦਾ ਕਰ ਰਹੀ ਹੈ।


Published : March 2, 2026 at 12:19 PM IST
ਸੋਨੀਪਤ/ਹਰਿਆਣਾ: ਅਸੀਂ ਅਕਸਰ ਹੀ ਦੇਖਿਆ ਹੈ ਕਿ ਕਿੰਨਰ ਸਮਾਜ ਦੇ ਲੋਕ, ਘਰ ਘਰ ਜਾ ਕੇ ਵਧਾਈ ਮੰਗਦੇ ਹਨ ਅਤੇ ਲੋਕਾਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋ ਕੇ ਨੱਚ ਗਾ ਕੇ ਕਮਾਈ ਕਰਦੇ ਹਨ। ਇਨ੍ਹਾਂ ਵਿੱਚੋਂ ਹੀ, ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਕਿੰਨਰ ਸਵੀਟੀ ਵੀ ਹੈ, ਜੋ ਕਦੇ ਘਰ-ਘਰ ਜਾ ਕੇ ਵਧਾਈ ਮੰਗਦੀ ਸੀ, ਪਰ ਅੱਜ ਉਸ ਦਾ ਸਮਾਂ ਬਦਲ ਗਿਆ ਹੈ। ਹੁਣ ਸਵੀਟੀ ਨੱਚਣ ਗਾਉਣ ਵਾਲੀ ਦੇ ਨਾਮ ਨਾਲ ਨਹੀਂ, ਬਲਕਿ ਪਸ਼ੂ ਪਾਲਣ ਕਰਨ ਵਾਲੀ ਡੇਅਰੀ ਮਾਲਿਕ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜੋ ਕਿ ਲਗਭਗ 90 ਡੇਅਰੀ ਜਾਨਵਰਾਂ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਪਸ਼ੁ ਪਾਲਣ ਅਤੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਉਸ ਦੀ ਕਹਾਣੀ ਅੱਜ ਕਈਆਂ ਲਈ ਮਿਸਾਲ ਬਣੀ ਹੈ।
ਗੁਰੂ ਦੇ ਦਿਹਾਂਤ ਮਗਰੋਂ ਸਾਂਭੀ ਜ਼ਿੰਮੇਵਾਰੀ
ਸਵੀਟੀ ਨੇ ਦੱਸਿਆ ਕਿ, ਉਸ ਦਾ ਗੁਰੂ ਪਸ਼ੂ ਪਾਲਦਾ ਸੀ। ਉਹ ਉਸ ਦੇ ਕੰਮ ਦੀ ਨਿਗਰਾਨੀ ਕਰਦੀ ਸੀ, ਪਰ ਜਦੋਂ ਗੁਰੂ ਦੀ ਮੌਤ ਹੋਈ, ਤਾਂ ਉਸ ਤੋਂ ਬਾਅਦ, ਸਵੀਟੀ ਨੇ ਕਾਰੋਬਾਰ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਇਆ। ਸਵੀਟੀ ਮੁਤਾਬਿਕ -
'ਸਾਡੇ ਕੋਲ ਪਹਿਲਾਂ ਕੁਝ ਮੱਝਾਂ ਹੀ ਸਨ ਜਿਸ ਤੋਂ ਕੰਮ ਸ਼ੁਰੂ ਕੀਤਾ ਅਤੇੇ ਇਸ ਕਾਰੋਬਾਰ ਨੂੰ ਕਾਫ਼ੀ ਵਧਾਇਆ ਹੈ। ਅੱਜ ਸਾਡੇ ਕੋਲ ਲਗਭਗ 90 ਪਸ਼ੂ ਹਨ, ਜਿਨ੍ਹਾਂ ਵਿੱਚ ਗਾਵਾਂ ਅਤੇ ਵੱਖ -ਵੱਖ ਬਰੀਡ ਦੀਆਂ ਮੱਝਾਂ ਸ਼ਾਮਲ ਹਨ। ਇਨ੍ਹਾਂ ਮੱਝਾਂ ਤੋਂ ਦੁੱਧ ਵੇਚ ਕੇ ਕਾਫ਼ੀ ਮੁਨਾਫ਼ਾ ਹੋ ਰਿਹਾ ਹੈ। ਇਸ ਨਾਲ ਇੱਕ ਸਨਮਾਨਜਨਕ ਜੀਵਨ ਬਤੀਤ ਕਰਨ ਦਾ ਮੌਕਾ ਮਿਲਿਆ ਹੈੈ। ਹਾਲਾਂਕਿ, ਇਸ ਨਾਲ ਕਈ ਤਰ੍ਹਾਂ ਦੇ ਘਾਟੇ ਵੀ ਮਿਲੇ ਹਨ, ਪਰ ਕਦੇ ਹਾਰ ਨਹੀਂ ਮੰਨੀ।'

ਸਵੇਰੇ 3 ਵਜੇ ਤੋਂ ਸ਼ੁਰੂ ਹੁੰਦਾ ਕੰਮ
ਸਵੀਟੀ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 3 ਵਜੇ ਉੱਠਦੀ ਹੈ ਅਤੇ ਸਾਰਾ ਦਿਨ ਕੰਮ ਕਰਦੀ ਹੈ। ਕੰਮ ਖ਼ਤਮ ਕਰਨ ਤੋਂ ਬਾਅਦ, ਉਹ ਰਾਤ 11 ਵਜੇ ਦੇ ਕਰੀਬ ਸੌਂ ਜਾਂਦੀ ਹੈ। ਉਸ ਨੇ ਆਪਣਾ ਡੇਅਰੀ ਫਾਰਮ 200 ਗਜ਼ ਦੇ ਪਲਾਟ ਨਾਲ ਸ਼ੁਰੂ ਕੀਤਾ ਸੀ, ਪਰ ਅੱਜ ਇਹ ਲਗਭਗ 2,000 ਗਜ਼ ਤੱਕ ਫੈਲ ਗਿਆ ਹੈ, ਜਿੱਥੇ ਕਈ ਲੋਕਾਂ ਨੂੰ ਮਦਦ ਲਈ ਨਾਲ ਰੱਖਿਆ ਹੈ।
10 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ
ਸਵੀਟੀ ਨੇ ਦੱਸਿਆ ਕਿ ਉਹ ਆਪਣੇ ਕਾਰੋਬਾਰ ਦੇ ਨਾਲ-ਨਾਲ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰਦੀ ਹੈ। ਉਹ ਵਰਤਮਾਨ ਵਿੱਚ 10 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਉਸ ਦੀ ਡੇਅਰੀ ਰੋਜ਼ਾਨਾ ਇੱਕ ਤੋਂ ਦੋ ਕੁਇੰਟਲ ਦੁੱਧ ਪੈਦਾ ਕਰਦੀ ਹੈ। ਉਹ ਡੇਅਰੀ ਵਿੱਚ ਸ਼ੁੱਧਤਾ ਅਤੇ ਸਫਾਈ ਬਣਾਈ ਰੱਖਦੀ ਹੈ, ਜਿਸ ਕਾਰਨ ਡੇਅਰੀ ਫਾਰਮ ਵਿੱਚ ਕਦੇ ਵੀ ਗਾਹਕਾਂ ਦੀ ਕਮੀ ਨਹੀਂ ਹੁੰਦੀ।

ਦੇਸੀ ਨਸਲਾਂ ਦੇ ਜਾਨਵਰਾਂ ਨੂੰ ਪਾਲਨਾ
ਪਸ਼ੁ ਪਾਲਕ ਸਵੀਟੀ ਨੇ ਦੱਸਿਆ ਕਿ, ਉਹ ਪਸ਼ੂ ਮੇਲਿਆਂ ਵਿੱਚ ਵੀ ਜਾਂਦੀ ਹੈ। ਹਰਿਆਣਾ, ਪੰਜਾਬ, ਰਾਜਸਥਾਨ ਹੋਵੇ ਜਾਂ ਫਿਰ ਕੋਈ ਵੀ ਜਗ੍ਹਾ ਹੋਵੇ, ਉਥੇ ਪਸ਼ੁ ਮੇਲੇ 'ਚ ਜਾ ਕੇ ਉਹ ਵੱਖ-ਵੱਖ ਨਸਲਾਂ ਦੇ ਪਸ਼ੂਆਂ ਦੀ ਖ਼ਰੀਦਦਾਰੀ ਕਰਦੀ ਹੈ ਅਤੇ ਅੱਗੇ ਵੇਚ ਕੇ ਮੁਨਾਫਾ ਵੀ ਕਮਾਉਂਦੀ ਹੈ। ਉਸ ਕੋਲ 'ਮੁਰਾ' ਨਸਲ ਸਮੇਤ ਵੱਖ-ਵੱਖ ਨਸਲਾਂ ਦੀਆਂ ਮੱਝਾਂ ਹਨ। ਉਸ ਨੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਿੱਚ ਪਸ਼ੂ ਮੇਲਿਆਂ ਦਾ ਦੌਰਾ ਕੀਤਾ ਹੈ। ਸਵੀਟੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਦੇਸੀ ਗਾਵਾਂ ਅਤੇ ਮੱਝਾਂ ਰੱਖਣ ਅਤੇ ਆਪਣੇ ਬੱਚਿਆਂ ਨੂੰ ਤਾਜ਼ਾ ਅਤੇ ਸ਼ੁੱਧ ਦੁੱਧ ਦੇਣ, ਤਾਂ ਜੋ ਉਹ ਮਿਲਾਵਟੀ ਦੁੱਧ ਪੀਣ ਤੋਂ ਬਚ ਸਕਣ।
ਲੋਕਾਂ ਦੇ ਵਿਰੋਧ ਦਾ ਸਾਹਮਣਾ
ਦੱਸਣਯੋਗ ਹੈ ਕਿ ਜਿਥੇ ਸਵੀਟੀ ਅੱਜ ਕਈ ਲੋਕਾਂ ਲਈ ਮਿਸਾਲ ਹੈ, ਉਥੇ ਹੀ ਕਈਆਂ ਲਈ ਉਹ ਅੱਖ ਦੀ ਰੜਕ ਵੀ ਹੈ। ਸਵੀਟੀ ਨੇ ਦੱਸਿਆ ਕਿ 'ਮੇਰੇ ਲਈ ਇਹ ਕੰਮ ਸੌਖਾ ਨਹੀਂ ਸੀ, ਕਿੰਨਰ ਹੋਣ ਕਾਰਨ ਲੋਕ ਮੈਨੂੰ ਮਾੜੀ ਅੱਖ ਨਾਲ ਦੇਖਦੇ ਹਨ ਅਤੇ ਭੱਦੀ ਸ਼ਬਦਾਵਲੀ ਵਰਤਦੇ ਹਨ। ਕਈ ਲੋਕ ਮੇਰੇ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਸਸਤੇ ਭਾਅ ਪਸ਼ੂ ਲੈਕੇ ਵੱਧ ਭਾਅ ਵੇਚਦੀ ਹੈ। ਕਈ ਲੋਕ ਮੇਰੇ ਖਿਲਾਫ ਵੀਡੀਓ ਬਣਾਉਂਦੇ ਹਨ। ਪਹਿਲਾਂ ਮੈਨੂੰ ਬੁਰਾ ਲੱਗਦਾ ਸੀ, ਪਰ ਹੁਣ ਮੈਂ ਨਹੀਂ ਡਰਦੀ, ਮੈਂ ਚੈਲੇਂਜ ਕਰਦੀ ਹਾਂ ਕਿ ਜਿਸ ਨੇ ਜੋ ਕਹਿਣਾ ਹੈ, ਸਾਹਮਣੇ ਆ ਕੇ ਕਹੇ ਨਾ ਕਿ ਚੋਰੀ ਵੀਡੀਓ ਬਣਾ ਕੇ ਗ਼ਲਤ ਬੋਲਣ।'

