ETV Bharat / agriculture

ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲ ਕਿਉਂ ਜ਼ਰੂਰੀ? ਖੇੜੀਬਾੜੀ ਮਾਹਿਰਾਂ ਤੋਂ ਜਾਣੋ ਇਸਦੇ ਫਾਇਦੇ...

ਧਰਤੀ ਹੇਠਲੇ ਪਾਣੀਆਂ ਨੂੰ ਬਚਾਉਣ ਦੇ ਲਈ ਸੂਬਾ ਸਰਕਾਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਪੜ੍ਹੋ ਪੂਰੀ ਖਬਰ...

DIRECT SOWING
ਸਿੱਧੀ ਬਿਜਾਈ (ETV Bharat)
author img

By ETV Bharat Punjabi Team

Published : May 30, 2026 at 9:40 PM IST

5 Min Read
Choose ETV Bharat

ਲੁਧਿਆਣਾ: ਧਰਤੀ ਹੇਠਲੇ ਪਾਣੀਆਂ ਨੂੰ ਬਚਾਉਣ ਦੇ ਲਈ ਸੂਬਾ ਸਰਕਾਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ 15 ਮਈ ਤੋਂ ਲੈ ਕੇ 30 ਮਈ ਤੱਕ ਰਜਿਸਟ੍ਰੇਸ਼ਨ ਕਰਵਾਈ ਗਈ। ਜਿਸ ਵਿੱਚ ਹੁਣ ਤੱਕ 1265 ਕਿਸਾਨਾਂ ਵੱਲੋਂ ਹੀ ਸਿੱਧੀ ਬਿਜਾਈ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਜਿਸ ਦੇ ਨਾਲ ਉਨ੍ਹਾਂ ਨੂੰ ਮਦਦ ਦੇ ਤੌਰ 'ਤੇ 1500 ਪ੍ਰਤੀ ਏਕੜ ਪੰਜਾਬ ਸਰਕਾਰ ਦੇਵੇਗੀ। ਖੇਤੀਬਾੜੀ ਮਹਿਕਮੇ ਦੇ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਪੰਜਾਬ ਦੇ ਵਿੱਚ ਲੱਗਭੱਗ 15 ਹਜ਼ਾਰ 380 ਏਕੜ ਰਕਬੇ ਦੇ ਵਿੱਚ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ 5 ਲੱਖ ਏਕੜ ਦੇ ਵਿੱਚ ਸਿੱਧੀ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਕੀ ਕਹਿੰਦੇ ਨੇ ਅੰਕੜੇ

ਖੇਤੀਬਾੜੀ ਅਫ਼ਸਰ ਲੁਧਿਆਣਾ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਸਿੱਧੀ ਬਿਜਾਈ ਦੇ ਲਈ 232 ਕਿਸਾਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਲੱਗਭੱਗ 2700 ਏਕੜ ਰਕਬਾ ਸਿੱਧੀ ਬਿਜਾਈ ਦੇ ਅਧੀਨ ਆ ਚੁੱਕਾ ਹੈ। ਇਸੇ ਤਰ੍ਹਾਂ ਪਿਛਲੇ ਸਾਲ ਯਾਨੀ 2025 ਵਿੱਚ ਪੰਜਾਬ ਅੰਦਰ 2 ਲੱਖ 36 ਹਜ਼ਾਰ ਰਕਬੇ ਦੇ ਵਿੱਚ ਸਿੱਧੀ ਬਿਜਾਈ ਕੀਤੀ ਗਈ ਸੀ। ਇਸ ਵਾਰ ਪੰਜਾਬ ਸਰਕਾਰ ਵੱਲੋਂ 5 ਲੱਖ ਏਕੜ ਦਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 35 ਕਰੋੜ ਰਾਸ਼ੀ ਅਦਾ ਕੀਤੀ ਗਈ ਸੀ ਅਤੇ ਇਸ ਵਾਰ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਧਰਤੀ ਹੇਠਲੇ ਪਾਣੀਆਂ ਨੂੰ ਬਚਾਉਣ ਦੇ ਲਈ ਸੂਬਾ ਸਰਕਾਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। (ETV Bharat)

ਖੇਤੀਬਾੜੀ ਅਫ਼ਸਰ ਡਾਕਟਰ ਗੁਰਦੀਪ ਸਿੰਘ ਮੁਤਾਬਕ ਹੁਣ ਤੱਕ ਪੰਜਾਬ ਭਰ ਦੇ ਵਿੱਚ ਰਜਿਸਟ੍ਰੇਸ਼ਨ ਪੋਰਟਲ 'ਤੇ ਕੁੱਲ 1265 ਕਿਸਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਖੇਤੀਬਾੜੀ ਮਹਿਕਮੇ ਮੁਤਾਬਕ ਹੁਣ ਤੱਕ ਪੰਜਾਬ 'ਚ 15 ਹਜ਼ਾਰ 380 ਏਕੜ ਰਕਬੇ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ।

ਹਰਿਆਣਾ ਸਰਕਾਰ ਦਾ ਉਪਰਾਲਾ

ਡਾਕਟਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਸਰਕਾਰ ਵੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਕਿਸਾਨਾਂ ਨੂੰ ਉਤਸਾਹਿਤ ਕਰ ਰਹੀ ਹੈ। ਹਰਿਆਣਾ ਸਰਕਾਰ ਦੀ ਐਗਰੀ ਹਰਿਆਣਾ ਸਰਕਾਰੀ ਵੈੱਬਸਾਈਟ ਦੇ ਮੁਤਾਬਿਕ ਸੂਬਾ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਲਈ 4500 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਇਸ ਤਕਨੀਕ ਦਾ ਇਸਤੇਮਾਲ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।

DIRECT SOWING
ਸਿੱਧੀ ਬਿਜਾਈ (ETV Bharat)

"ਜੇਕਰ ਕੋਈ ਕਿਸਾਨ ਸਿੱਧੀ ਬਿਜਾਈ ਦੇ ਲਈ ਮਸ਼ੀਨ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਹਰਿਆਣਾ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇੱਕ ਮਸ਼ੀਨ ਤੇ ਵੱਧ ਤੋਂ ਵੱਧ 40 ਹਜਾਰ ਰੁਪਏ ਤੱਕ ਦੀ ਸਬਸਿਡੀ ਦੀ ਤਜਵੀਜ਼ ਰੱਖੀ ਗਈ ਹੈ। ਭਾਵੇਂ ਉਹ 50 ਫੀਸਦੀ ਜ਼ਿਆਦਾ ਹੋਵੇ ਜਾਂ ਫਿਰ 40,000 ਉਸ ਮੁਤਾਬਕ ਕਿਸਾਨ ਦੀ ਮਦਦ ਕੀਤੀ ਜਾਵੇਗੀ। ਹਰਿਆਣਾ ਸਰਕਾਰ ਵੱਲੋਂ ਰਜਿਸਟਰੇਸ਼ਨ ਦੇ ਲਈ 27 ਮਈ ਤੋ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਖਰੀ ਮਿਤੀ ਰਜਿਸਟ੍ਰੇਸ਼ਨ ਦੇ ਲਈ 15 ਜੂਨ ਰੱਖੀ ਗਈ ਹੈ।" -ਡਾ. ਗੁਰਦੀਪ ਸਿੰਘ, ਖੇਤੀਬਾੜੀ ਅਫਸਰ

ਕਿਸਾਨਾਂ ਨੂੰ ਔਂਕੜਾਂ

ਖੇਤੀਬਾੜੀ ਮਾਹਿਰ ਨੇ ਕਿਹਾ "ਕਿਸਾਨ ਸਿੱਧੀ ਬਿਜਾਈ ਇਸ ਕਰਕੇ ਵੀ ਨਹੀਂ ਕਰਦੇ ਕਿਉਂਕਿ ਇਸ ਵਿੱਚ ਨਦੀਨਾ ਬਹੁਤ ਜਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਬਿਮਾਰੀਆਂ ਜਲਦੀ ਲੱਗਦੀਆਂ ਹਨ। ਜੇਕਰ ਬਰਸਾਤ ਬੇਮੌਸਮੀ ਆ ਜਾਵੇ ਤਾਂ ਇਹ ਖਰਾਬ ਹੋ ਜਾਂਦਾ ਹੈ। ਕਿਸਾਨਾਂ ਦੀ ਫਸਲ ਨਹੀਂ ਚੁੱਕੀ ਗਈ, ਜਿਸ ਕਰਕੇ ਡਰੇ ਹੋਏ ਕਿਸਾਨ ਕਿਸੇ ਵੀ ਤਰ੍ਹਾਂ ਦੇ ਤਜ਼ਰਬੇ ਕਰਨ ਤੋਂ ਗੁਰੇਜ ਕਰਦੇ ਹਨ ਕਿਉਂਕਿ ਇਸ ਵਿੱਚ ਉਨ੍ਹਾਂ ਨੂੰ ਸਿੱਧਾ ਘਾਟਾ ਹੁੰਦਾ ਹੈ।"

ਲਾਹੇਵੰਦ ਤਕਨੀਕ, ਜਾਣੋ ਫਾਇਦੇ...

ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ (Direct Seeding of Rice) ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਖੇਤੀ ਖਰਚੇ ਘਟਾਉਣ ਲਈ ਇੱਕ ਅਤਿ-ਆਧੁਨਿਕ ਅਤੇ ਲਾਹੇਵੰਦ ਤਕਨੀਕ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਬਿਜਾਈ ਦਾ ਖਰਚਾ ਘੱਟਦਾ ਹੈ, ਅਤੇ ਵਾਤਾਵਰਣ ਦੀ ਸੰਭਾਲ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਦੌਰਾਨ, ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਦੇ ਉਲਟ ਆਮ ਫ਼ਸਲਾਂ ਵਾਂਗ ਮਸ਼ੀਨ ਰਾਹੀਂ ਝੋਨੇ ਦਾ ਬੀਜ ਸਿੱਧਾ ਖੇਤ ਵਿੱਚ ਬੀਜਿਆ ਜਾਂਦਾ ਹੈ।

DIRECT SOWING
ਸਿੱਧੀ ਬਿਜਾਈ ਦੇ ਫਾਇਦੇ (ETV Bharat info)

ਕੀ ਹੈ ਸਿੱਧੀ ਬਿਜਾਈ?

ਦਰਅਸਲ ਸਿੱਧੀ ਬਿਜਾਈ ਦੇ ਨਾਲ 35 ਤੋਂ 40 ਫੀਸਦੀ ਤੱਕ ਪਾਣੀ ਦੀ ਬੱਚਤ ਹੋ ਸਕਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟ ਡਾਕਟਰ ਅਤੇ ਵੀਸੀ ਦੇ ਮੁਤਾਬਿਕ ਯੂਨੀਵਰਸਿਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਸੀਡਰ ਦੇ ਰਾਹੀਂ ਕੀਤੀ ਗਈ ਹੈ। ਪਹਿਲਾਂ ਯੂਨੀਵਰਸਿਟੀ ਵੱਲੋਂ ਹੈਪੀ ਸੀਡਰ ਫਿਰ ਸਮਾਰਟ ਫੀਡਰ ਅਤੇ ਫਿਰ ਸੁਪਰ ਸੀਡਰ ਸਿਫਾਰਿਸ਼ ਕੀਤਾ ਗਿਆ। ਜਿਸ ਦੇ ਤਹਿਤ ਇੱਕ ਵਾਰ ਖੇਤ ਨੂੰ ਰੌਣੀ ਕਰਨ ਤੋਂ ਬਾਅਦ ਜਦੋਂ ਤਰਬੱਤਰ ਤਕਨੀਕ ਇਸ ਨੂੰ ਦੱਸਿਆ ਜਾਂਦਾ ਹੈ। ਜਦੋਂ ਖੇਤ ਤਰਬਤਰ ਹੋ ਜਾਵੇ ਤਾਂ ਉਸ ਵੇਲੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਮਹਿਰਾਂ ਮੁਤਾਬਿਕ ਜਦੋਂ ਬਿਜਾਈ ਕਰਨੀ ਹੈ ਤਾਂ ਉਸ ਤੋਂ ਬਾਅਦ ਪਹਿਲਾ ਪਾਣੀ ਲਗਭਗ 21 ਦਿਨ ਬਾਅਦ ਭਾਵ ਕਿ ਤਿੰਨ ਹਫਤਿਆਂ ਬਾਅਦ ਪਹਿਲਾ ਪਾਣੀ ਲਾਇਆ ਜਾਂਦਾ ਹੈ। ਜਦੋਂ ਕਿ ਕੱਦੂ ਕਰਕੇ ਝੋਨਾ ਲਾਉਣ ਦੀ ਤਕਨੀਕ ਦੇ ਵਿੱਚ ਪਾਣੀ ਵੱਡੀ ਮਾਤਰਾ ਦੇ ਵਿੱਚ ਬਰਬਾਦ ਹੁੰਦਾ ਹੈ। ਇਸ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।

ਝੋਨੇ ਦੀ ਸਿੱਧੀ ਬਿਜਾਈ (DSR) ਲਈ ਮੁੱਖ ਤੌਰ 'ਤੇ ਲੱਕੀ ਸੀਡਰ (Lucky Seed Drill/Seeder), ਮਲਟੀ-ਕ੍ਰੌਪ ਪਲਾਂਟਰ (Multi-crop Planter), ਅਤੇ ਜ਼ੀਰੋ ਟਿੱਲ ਡਰਿੱਲ (Zero Till Drill) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮਸ਼ੀਨਾਂ ਬਿਨਾਂ ਪਨੀਰੀ ਪੁੱਟੇ ਅਤੇ ਬਿਨਾਂ ਖੇਤ ਵਿੱਚ ਕੱਦੂ ਕੀਤੇ, ਸਿੱਧੀਆਂ ਸੁੱਕੇ ਜਾਂ ਵੱਤਰ ਖੇਤ ਵਿੱਚ ਬੀਜ ਅਤੇ ਖਾਦ ਪਾਉਣ ਦੇ ਕੰਮ ਆਉਂਦੀਆਂ ਹਨ।

DIRECT SOWING
ਸੁਪਰ ਸੀਡਰ (ETV Bharat)

"ਬਿਜਾਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਪਾਣੀ ਇੱਕ ਥਾਂ ਉੱਤੇ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ। ਜੇਕਰ ਗੱਲ ਹੁਣ ਝੋਨੇ ਦੀ ਬਿਜਾਈ ਦੇ ਰਵਾਇਤੀ ਢੰਗ ਦੀ ਕਰੀਏ ਤਾਂ ਇਸ ਦੇ ਲਈ ਪਹਿਲਾਂ ਕਿਸਾਨ ਨੂੰ ਝੋਨੇ ਦੀ ਪਨੀਰੀ ਬੀਜਣੀ ਪੈਂਦੀ ਹੈ, ਅਤੇ ਫਿਰ 20-25 ਦਿਨਾਂ ਬਾਅਦ ਪੈਦਾ ਹੋਈ ਪਨੀਰੀ ਨੂੰ ਵੱਡੇ ਖੇਤ ਵਿੱਚ ਮਜ਼ਦੂਰਾਂ ਵੱਲੋਂ ਇੱਕ ਇੱਕ ਬੂਟਾ ਕਰ ਕੇ ਲਗਾਇਆ ਜਾਂਦਾ ਹੈ।" -ਡਾ. ਜਸਬੀਰ ਸਿੰਘ, ਐਕਸਪਰਟ ਪੀਏਯੂ

ਕਿਸਾਨਾਂ ਦੀ ਮੰਗ

DIRECT SOWING
ਲੱਕੀ ਸੀਡ ਡਰਿੱਲ (ETV Bharat)

ਸਿੱਧੀ ਬਿਜਾਈ ਨੂੰ ਲੈ ਕੇ ਅਸੀਂ ਲੁਧਿਆਣਾ ਭਾਰਤੀ ਕਿਸਾਨੀ ਯੂਨੀਅਨ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਨੂਰਪੁਰਾ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ। ਜਿੰਨਾ ਕਿਹਾ ਕਿ ਹਰਿਆਣਾ ਦੀ ਤਰਜ 'ਤੇ ਘੱਟੋ-ਘੱਟ ਪੰਜਾਬ ਦੇ ਕਿਸਾਨਾਂ ਨੂੰ ਵੀ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਿੱਧੀ ਬਿਜਾਈ ਲਈ ਸਰਕਾਰ ਨੂੰ ਮਦਦ ਦੇ ਰੂਪ ਦੇ ਵਿੱਚ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਬਹੁਤ ਨੁਕਸਾਨ ਝੱਲ ਚੁੱਕੇ ਹਨ।

DIRECT SOWING
ਸਿੱਧੀ ਬਿਜਾਈ ਦਾ ਰਕਾ (ETV Bharat info)

"ਪਿਛਲੇ ਸਾਲ ਤੋਂ ਲਗਾਤਾਰ ਪਹਿਲਾਂ ਝੋਨੇ ਦੇ ਵਿੱਚ ਬਰਬਾਦੀ ਅਤੇ ਫਿਰ ਆਲੂਆਂ ਦੀ ਫਸਲ ਦੇ ਵਿੱਚ ਪੂਰੀ ਕੀਮਤ ਨਾ ਮਿਲਣ ਕਰਕੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਹਰਿਆਣਾ ਸਰਕਾਰ 5 ਫਸਲਾਂ 'ਤੇ ਐਮਐਸਪੀ ਦੇ ਰਹੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਸਿਰਫ ਦੋ ਫਸਲਾਂ 'ਤੇ ਹੀ ਐਮਐਸਪੀ ਮੌਜੂਦਾ ਸਮੇਂ ਦੇ ਵਿੱਚ ਮਿਲ ਰਹੀ ਹੈ। ਇਸ ਕਰਕੇ ਸਰਕਾਰ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਤਾਂ ਹੀ ਕਿਸਾਨ ਬਦਲਵੀ ਖੇਤੀ ਵੱਲ ਵਿਚਾਰ ਕਰ ਸਕਦੇ ਹਨ।" -ਗੁਰਪ੍ਰੀਤ ਸਿੰਘ ਨੂਰਪੁਰਾ, ਜਨਰਲ ਸੈਕਟਰੀ ਬੀਕੇਯੂ