ਵਧਦੇ ਤਾਪਮਾਨ ਦਾ ਕਣਕ ਦੇ ਝਾੜ 'ਤੇ ਅਸਰ, ਫਸਲ ਬਚਾਉਣ ਲਈ ਮਾਹਿਰਾਂ ਦੀ ਕਿਸਾਨਾਂ ਨੂੰ ਖਾਸ ਸਲਾਹ
ਪੰਜਾਬ ਵਿੱਚ ਵੱਧ ਰਿਹਾ ਤਾਪਮਾਨ ਕਣਕ ਦੀ ਫਸਲ ਲਈ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ। ਫਸਲ ਬਚਾਉਣ ਲਈ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ।

Published : February 21, 2026 at 5:47 PM IST
ਲੁਧਿਆਣਾ: ਪੰਜਾਬ ਵਿੱਚ ਲੱਗਭਗ 95 ਫੀਸਦ ਰਕਬੇ ‘ਤੇ 25 ਅਕਤੁੂਬਰ ਤੋਂ 15 ਨਵੰਬਰ ਤੱਕ ਕਣਕ ਦੀ ਬਿਜਾਈ ਕੀਤੀ ਗਈ ਸੀ ਜੋ ਕਿ ਕਣਕ ਦੀ ਬਿਜਾਈ ਦਾ ਢੁੱਕਵਾਂ ਸਮਾਂ ਹੈ। ਕਣਕ, ਖਾਸ ਕਰਕੇ ਦਾਣਾ ਪੈਣ ਸਮੇਂ, ਉੱਚ ਤਾਪਮਾਨ ਲਈ ਵਧੇਰੇ ਸੰਵੇਦਨਸ਼ੀਲ ਹੈ। ਇਸ ਸਮੇਂ ਦਾਣਿਆਂ ਦੇ ਭਾਰ ਉੱਤੇ ਉੱਚ ਤਾਪਮਾਨ ਦਾ ਮਾੜਾ ਅਸਰ ਪੈਂਦਾ ਹੈ। ਜਿਸਦੇ ਨਤੀਜੇ ਵਜੋਂ ਕਣਕ ਦੇ ਝਾੜ ਅਤੇ ਗੁਣਵੱਤਾ ਵਿੱਚ ਗਿਰਾਵਟ ਆਉਂਦੀ ਹੈ। ਵੱਧ ਤਾਪਮਾਨ ਕਾਰਨ ਹਲਕੀ ਤੋਂ ਦਰਮਿਆਨੀ ਜ਼ਮੀਨ ‘ਤੇ ਬੀਜੀ ਅਗੇਤੀ ਕਣਕ ਦੀ ਫਸਲ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਪੱਕ ਜਾਂਦੀ ਹੈ ਜਿਸ ਕਰਕੇ ਦਾਣੇ ਮਾੜੇ ਰਹਿ ਜਾਂਦੇ ਹਨ।
ਕਿਸਾਨਾਂ ਨੂੰ ਸਲਾਹ
ਫਰਵਰੀ 2026 ਦੇ ਦੂਜੇ ਹਫ਼ਤੇ ਪਿਛਲੇ ਸਾਲ ਨਾਲੋਂ ਤਾਪਮਾਨ 2-4 ਡਿਗਰੀ ਜਿਆਦਾ ਦੇਖਿਆ ਗਿਆ ਹੈ। ਮੌਜੂਦਾ ਹਾਲਾਤ ਦੇਖਦੇ ਹੋਏ ਡਾ. ਅਮਿਤ ਕੌਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਨ ਲੱਗਿਆਂ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਫ਼ਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਸਲ ਨੂੰ ਪਾਣੀ ਲਾਉਣ ਲੱਗੇ ਇਹ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ ਕਿ ਹਵਾ ਕਿੰਨੀ ਕੁ ਤੇਜ਼ ਚੱਲ ਰਹੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਤੋਂ ਵੀ ਜਾਣਕਾਰੀ ਲੈ ਲਈ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਮੀਂਹ ਦੀ ਸੰਭਾਵਨਾ ਤਾਂ ਨਹੀਂ ਤਾਂ ਜੋ ਵੱਧ ਪਾਣੀ ਲੱਗਣ ਦੇ ਨਾਲ ਕਣਕ ਡਿੱਗ ਨਾ ਜਾਵੇ।
"ਫਰਵਰੀ ਵਿੱਚ ਵਧਦਾ ਤਾਪਮਾਨ ਕਣਕ ਦੀ ਫਸਲ ਲਈ ਕਾਫੀ ਨੁਕਸਾਨਦੇਹ ਸਾਬਤ ਹੋ ਰਿਹਾ ਹੈ, ਜਿਸ ਨਾਲ ਝਾੜ ਘਟਣ ਦਾ ਖਦਸਾ ਹੈ। ਗਰਮੀ ਕਾਰਨ ਕਣਕ ਦੇ ਦਾਣੇ ਪਤਲੇ ਅਤੇ ਕਮਜ਼ੋਰ ਹੋ ਸਕਦੇ ਹਨ ਅਤੇ ਦਾਣੇ ਦਾ ਆਕਾਰ ਵੀ ਛੋਟਾ ਰਹਿ ਸਕਦਾ ਹੈ। ਇਸ ਮੌਸਮ ਵਿੱਚ ਤਾਪਮਾਨ ਵਧਣ ਨਾਲ ਫਸਲ ਦੀ ਪੈਦਾਵਾਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਫਸਲ ਦੀ ਨਿਯਮਤ ਨਿਗਰਾਨੀ ਕਰਨ ਅਤੇ ਸਥਾਨਕ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਸਿੰਚਾਈ ਕਰਨ।" -ਡਾਕਟਰ ਅਮਿਤ ਕੌਲ, ਮਾਹਿਰ ਫ਼ਸਲ ਵਿਗਿਆਨ ਵਿਭਾਗ

ਤਾਪਮਾਨ ਦੇ ਮਾੜੇ ਪ੍ਰਭਾਵ ਅਤੇ ਸਾਵਧਾਨੀਆਂ
- ਝਾੜ ਵਿੱਚ ਕਮੀ: ਵੱਧ ਰਿਹਾ ਤਾਪਮਾਨ ਕਣਕ ਦੇ ਦਾਣਿਆਂ ਨੂੰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਣ ਦਿੰਦਾ, ਜਿਸ ਨਾਲ ਝਾੜ 'ਤੇ ਬੁਰਾ ਅਸਰ ਪੈਂਦਾ ਹੈ।
- ਕਮਜ਼ੋਰ ਦਾਣੇ: ਮੌਜੂਦਾ ਗਰਮੀ ਕਾਰਨ ਕਣਕ ਦੇ ਦਾਣੇ ਪਤਲੇ ਅਤੇ ਕਮਜ਼ੋਰ ਹੋ ਸਕਦੇ ਹਨ।
- ਸਿੰਚਾਈ ਦੀ ਸਲਾਹ: ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨੂੰ ਮੌਸਮ ਦੇ ਆਧਾਰ 'ਤੇ ਲੋੜ ਅਨੁਸਾਰ ਸਿੰਚਾਈ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਤਾਪਮਾਨ ਦੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ।
- ਆਮ ਤਾਪਮਾਨ: ਫਰਵਰੀ ਦੇ ਅਖੀਰਲੇ ਦਿਨਾਂ ਵਿੱਚ ਆਮ ਤੌਰ 'ਤੇ ਠੰਢਾ ਮੌਸਮ ਹੋਣਾ ਚਾਹੀਦਾ ਹੈ, ਪਰ ਦਿਨ ਦਾ ਤਾਪਮਾਨ 21-23 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 30 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਫਸਲ ਲਈ ਚੁਣੌਤੀ ਹੈ।
ਜਾਣੋ ਕਿਵੇਂ ਕਰੀਏ ਬਚਾਅ ?
"ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ 'ਤੇ ਹੈ ਉਸ ਨੂੰ ਵੱਧ ਤਾਪਮਾਨ ਤੋਂ ਬਚਾਉਣ ਲਈ 2 ਫੀਸਦ ਪੋਟਾਸ਼ੀਅਮ ਨਾਈਟ੍ਰੇਟ (13:0:45) 4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰ ਸਕਦੇ ਹੋ। ਯਾਦ ਰਹੇ ਕਿ ਇਹ ਘੋਲ 200 ਲਿਟਰ ਦਾ ਬਣਇਆ ਜਾਵੇ ਅਤੇ ਸਪਰੇਅ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਫ਼ਸਲ ਨੂੰ ਹਲਕਾ ਪਾਣੀ ਲਗਾਉਣ ਅਤੇ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ ਕਰਨ ਨਾਲ ਉੱਚ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈੈ।"-ਡਾਕਟਰ ਅਮਿਤ ਕੌਲ, ਮਾਹਿਰ ਫ਼ਸਲ ਵਿਗਿਆਨ ਵਿਭਾਗ

ਕਣਕ ਨੂੰ ਗਰਮੀ ਤੋਂ ਬਚਾਉਣਾ ਵੀ ਜਰੂਰੀ
ਹਾਲਾਂਕਿ ਡਾਕਟਰ ਅਮਿਤ ਕੌਲ ਨੇ ਦੱਸਿਆ ਕਿ ਲਗਾਤਾਰ ਵੱਧ ਰਹੇ ਤਾਪਮਾਨ ਦੇ ਵਿੱਚ ਜੇਕਰ ਫਸਲ ਦਾ ਨਿਰੀਖਣ ਨਾ ਕੀਤਾ ਜਾਵੇ। ਕਿਸਾਨ ਲਗਾਤਾਰ ਖੇਤ ਨਾ ਜਾਵੇ ਤਾਂ ਇਸ ਨਾਲ ਕਣਕ ਦਾ ਝਾੜ ਜਰੂਰ ਘੱਟ ਸਕਦਾ ਹੈ। ਕਿਉਂਕਿ ਕਿਸਾਨਾਂ ਨੂੰ ਇਸ ਵਾਰ ਕਣਕ ਤੋਂ ਕਾਫੀ ਉਮੀਦਾਂ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਪੰਜਾਬ ਦੇ ਅੰਦਰ ਹੜ੍ਹ ਆਉਣ ਕਰਕੇ ਵੱਡਾ ਨੁਕਸਾਨ ਹੋ ਗਿਆ ਸੀ। ਜਿਸ ਕਰਕੇ ਸਾਰੇ ਖਰਚੇ ਅਤੇ ਉਮੀਦਾਂ ਹੁਣ ਕਿਸਾਨਾਂ ਦੀਆਂ ਕਣਕ ਤੋਂ ਲੱਗੀਆਂ ਹੋਈਆਂ ਹਨ। ਇਸ ਕਰਕੇ ਕਣਕ ਨੂੰ ਗਰਮੀ ਤੋਂ ਬਚਾਉਣਾ ਵੀ ਜਰੂਰੀ ਹੈ।

