21 ਜੁਲਾਈ ਨੂੰ ਕਿਸਾਨ ਘਾਟ ਤੋਂ ਵੱਡੇ ਸੰਘਰਸ਼ ਦੀ ਸ਼ੁਰੂਆਤ, 'ਦੇਸ਼ ਬਚਾਓ ਮੋਰਚਾ' ਦਾ ਐਲਾਨ; ਕਿਸਾਨਾਂ ਵੱਲੋਂ ਏਕਤਾ ਦਾ ਸੱਦਾ
ਗੁਰਨਾਮ ਚੜੂਨੀ ਨੇ ਦੱਸਿਆ 15 ਜੁਲਾਈ ਨੂੰ ਦੇਸ਼ ਵਿੱਚ ਮੋਟਰਸਾਈਕਲ ਮਾਰਚ ਕੱਢੇ ਜਾਣਗੇ ਅਤੇ ਡੀਸੀ ਤੇ ਐੱਸਡੀਐੱਮ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ।


Published : July 1, 2026 at 8:02 PM IST
|Updated : July 1, 2026 at 10:44 PM IST
ਚੰਡੀਗੜ੍ਹ: ਅਮਰੀਕਾ-ਭਾਰਤ ਟਰੇਡ ਡੀਲ ਦੇ ਮੁੱਦੇ 'ਤੇ ਦੇਸ਼ ਭਰ ਦੇ ਕਿਸਾਨ ਸੰਗਠਨਾਂ ਨੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਹੋਈ ਕਿਸਾਨ ਸੰਗਠਨਾਂ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਦੱਸਿਆ ਕਿ 21 ਜੁਲਾਈ ਨੂੰ ਲੋਕ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਵਾਲੇ ਦਿਨ ਨਵੀਂ ਦਿੱਲੀ ਦੇ ਕਿਸਾਨ ਘਾਟ 'ਤੇ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਅੰਦੋਲਨ ਨੂੰ 'ਦੇਸ਼ ਬਚਾਓ ਮੋਰਚਾ' ਦੇ ਨਾਮ ਹੇਠ ਚਲਾਇਆ ਜਾਵੇਗਾ।
ਸਾਰੇ ਸੰਗਠਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਗੁਰਨਾਮ ਸਿੰਘ ਚੜੂਨੀ ਨੇ ਦੇਸ਼ ਭਰ ਦੀਆਂ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਨੂੰ ਇਕੱਠੇ ਕਰਨ ਲਈ ਪਹਿਲ ਕੀਤੀ ਹੈ। ਵੱਖ-ਵੱਖ ਸੰਗਠਨਾਂ ਨੂੰ ਪੱਤਰ ਲਿਖ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਜਿਹੜੀਆਂ ਜਥੇਬੰਦੀਆਂ ਅਜੇ ਤੱਕ ਨਾਲ ਨਹੀਂ ਜੁੜੀਆਂ, ਉਨ੍ਹਾਂ ਨੂੰ ਵੀ ਨਾਲ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।"
21 ਜੁਲਾਈ ਨੂੰ ਦਿੱਲੀ ਪਹੁੰਚਣ ਦੀ ਪਹਿਲੀ ਕਾਲ
ਪੰਧੇਰ ਨੇ ਕਿਹਾ ਕਿ "ਪਹਿਲੀ ਕਾਲ 21 ਜੁਲਾਈ ਨੂੰ ਨਵੀਂ ਦਿੱਲੀ ਦੇ ਕਿਸਾਨ ਘਾਟ 'ਤੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਅਮਰੀਕਾ-ਭਾਰਤ ਟਰੇਡ ਡੀਲ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਦੇਸ਼ ਦੇ ਭਵਿੱਖ ਅਤੇ ਆਰਥਿਕ ਖੁਦਮੁਖਤਿਆਰੀ ਨੂੰ ਬਚਾਉਣ ਦੀ ਲੜਾਈ ਹੈ।"
ਹਰ ਵਰਗ ਨੂੰ ਅੱਗੇ ਆਉਣ ਦੀ ਅਪੀਲ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਲਈ ਹਰ ਕਿਸਾਨ, ਹਰ ਜਥੇਬੰਦੀ ਅਤੇ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਹਿੱਤ ਦੇ ਮੁੱਦੇ 'ਤੇ ਸਾਰੇ ਇਕੱਠੇ ਹੋਣਗੇ ਤਾਂ ਹੀ ਇੱਕ ਮਜ਼ਬੂਤ ਆਵਾਜ਼ ਬਣੇਗੀ।
15 ਜੁਲਾਈ ਨੂੰ ਮੋਟਰਸਾਈਕਲ ਮਾਰਚ, 21 ਨੂੰ ਵੱਡਾ ਪ੍ਰਦਰਸ਼ਨ
ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ 15 ਜੁਲਾਈ ਨੂੰ ਦੇਸ਼ ਭਰ ਵਿੱਚ ਮੋਟਰਸਾਈਕਲ ਮਾਰਚ ਕੱਢੇ ਜਾਣਗੇ ਅਤੇ ਡੀਸੀ ਤੇ ਐੱਸਡੀਐੱਮ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 21 ਜੁਲਾਈ ਨੂੰ ਕਿਸਾਨ ਘਾਟ 'ਤੇ ਹੋਣ ਵਾਲੇ ਪ੍ਰਦਰਸ਼ਨ ਵਿੱਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਕਤੀ ਅਤੇ ਹੋਰ ਕਿਸਾਨੀ ਮੁੱਦੇ ਵੀ ਜ਼ੋਰਦਾਰ ਢੰਗ ਨਾਲ ਉਠਾਏ ਜਾਣਗੇ।
- ਮਿਡ-ਡੇਅ-ਮੀਲ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ; ਬੋਲੀਆਂ- 'ਸਾਨੂੰ ਫ਼ਰੀ ਦੀ ਟੂੰ-ਟੂੰ ਨਹੀਂ, ਮਿਹਨਤ ਦਾ ਹੱਕ ਚਾਹੀਦਾ'
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸਆਈਆਰ 2026' ਤਹਿਤ ਗਣਨਾ ਫਾਰਮ ਭਰਿਆ, ਗਾਇਕ ਗੁਲਾਬ ਸਿੱਧੂ ਨੇ ਵੀ ਫਾਰਮ ਕੀਤਾ ਪ੍ਰਾਪਤ
- ਮਾਤਾ ਕੌਸ਼ਲਿਆ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਮੀਟਰ ਰੀਡਰ ਯੂਨੀਅਨ ਦੇ 9 ਨੁਮਾਇੰਦੇ, ਸੰਘਰਸ਼ ਹੋਇਆ ਤੇਜ਼

